ਸੌਦਾ ਸਾਧ ਨੂੰ ਜੇਲ ਭੇਜਣ ਦੇ ਫ਼ੈਸਲੇ ਤੋਂ ਬਾਅਦ ਪੰਜਾਬ 'ਚ ਹਿੰਸਾ ਭੜਕੀ
ਸੌਦਾ ਸਾਧ ਦੇ ਫ਼ੈਸਲੇ ਦੀ ਸੁਣਵਾਈ ਨੂੰ ਲੈ ਕੇ ਸ਼ਹਿਰ 'ਚ ਸਵੇਰ ਤੋਂ ਹੀ ਤਣਾਅ ਵਾਲਾ ਪਰ ਸ਼ਾਂਤ ਮਾਹੌਲ ਰਿਹਾ। ਸੌਦਾ ਸਾਧ ਨੂੰ ਦੋਸ਼ੀ ਕਰਾਰ ਦੇਣ ਅਤੇ ਜੇਲ ਭੇਜੇ ਜਾਣ...
ਕੋਟਕਪੂਰਾ, 25 ਅਗੱਸਤ (ਗੁਰਿੰਦਰ ਸਿੰਘ) : ਸੌਦਾ ਸਾਧ ਦੇ ਫ਼ੈਸਲੇ ਦੀ ਸੁਣਵਾਈ ਨੂੰ ਲੈ ਕੇ ਸ਼ਹਿਰ 'ਚ ਸਵੇਰ ਤੋਂ ਹੀ ਤਣਾਅ ਵਾਲਾ ਪਰ ਸ਼ਾਂਤ ਮਾਹੌਲ ਰਿਹਾ। ਸੌਦਾ ਸਾਧ ਨੂੰ ਦੋਸ਼ੀ ਕਰਾਰ ਦੇਣ ਅਤੇ ਜੇਲ ਭੇਜੇ ਜਾਣ ਦੀਆਂ ਖ਼ਬਰਾਂ ਤੋਂ ਬਾਅਦ ਸ਼ਹਿਰ 'ਚ ਜੋ ਕੁੱਝ ਕੁ ਦੁਕਾਨਾਂ ਖੁੱਲੀਆਂ ਸਨ ਉਹ ਵੀ ਬੰਦ ਹੋ ਗਈਆਂ ਤੇ ਮਾਹੌਲ ਕਰਫ਼ੀਊ ਵਾਲਾ ਬਣ ਗਿਆ।
ਜ਼ਿਲ੍ਹਾ ਪੁਲਿਸ ਮੁਖੀ ਫ਼ਰੀਦਕੋਟ ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਪੁਲਿਸ ਅਤੇ ਪੈਰਾ ਮਿਲਟਰੀ ਫੋਰਸਾਂ ਦੇ ਵੱਡੇ ਕਾਫ਼ਲੇ ਨੇ ਅਮਨ ਕਾਨੂੰਨ ਦੀ ਹਾਲਤ ਬਰਕਰਾਰ ਰਖਣ ਤੇ ਲੋਕਾਂ ਦੇ ਮਨਾਂ 'ਚੋਂ ਡਰ ਦੂਰ ਕਰਨ ਲਈ ਸ਼ਹਿਰ ਦੇ ਗਲੀ-ਮੁਹੱਲਿਆਂ, ਬਜ਼ਾਰਾਂ ਅਤੇ ਹੋਰ ਰਸਤਿਆਂ ਰਾਹੀਂ ਫ਼ਲੈਗ ਮਾਰਚ ਕੀਤਾ ਪਰ ਇਸ ਦੇ ਬਾਵਜੂਦ ਵੀ ਸ਼ਹਿਰ ਦੇ ਦੋ ਵੱਡੇ ਬਿਜਲੀ ਦਫ਼ਤਰਾਂ ਨੂੰ ਸ਼ਰਾਰਤੀ ਅਨਸਰਾਂ ਵਲੋਂ ਪੈਟਰੋਲ ਦੀਆਂ ਬੋਤਲਾਂ ਸੁੱਟ ਕੇ ਅੱਗ ਲਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ, ਜਿਸ ਕਰਕੇ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਸ਼ਹਿਰਾਂ 'ਚ ਸ਼ਾਮ 5:30 ਵਜੇ ਤੋਂ ਸਵੇਰੇ 8 ਵਜੇ ਤਕ ਕਰਫ਼ੀਊ ਲਾ ਦਿਤਾ ਗਿਆ। ਕਰਫ਼ੀਊ ਲਾਉਣ ਦੀ ਪੁਸ਼ਟੀ ਡਾ. ਨਾਨਕ ਸਿੰਘ ਜ਼ਿਲ੍ਹਾ ਪੁਲਿਸ ਮੁਖੀ ਫ਼ਰੀਦਕੋਟ ਨੇ ਕੀਤੀ। ਸ਼ਹਿਰ ਦੇ ਇਕ ਹਿੱਸੇ 'ਚ ਬਣੇ ਸੌਦਾ ਸਾਧ ਦੇ ਨਾਮ ਚਰਚਾ ਘਰ 'ਚ ਸੁਣਵਾਈ ਤੋਂ ਪਹਿਲਾਂ ਹੀ 400-500 ਦੇ ਕਰੀਬ ਡੇਰਾ ਪ੍ਰੇਮੀ ਇਕੱਠੇ ਹੋ ਗਏ। ਉਕਤ ਪ੍ਰੇਮੀਆਂ 'ਤੇ ਨਜ਼ਰ ਰਖਣ ਲਈ ਪੁਲਿਸ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ। ਡੇਰੇ ਦੇ ਆਲੇ-ਦੁਆਲੇ ਭਾਰੀ ਗਿਣਤੀ 'ਚ ਪੁਲਿਸ ਅਤੇ ਪੈਰਾ ਮਿਲਟਰੀ ਫੋਰਸਾਂ ਤਾਇਨਾਤ ਰਹੀਆਂ, ਪਾਣੀ ਦੀਆਂ ਬੌਛਾਰਾਂ ਵਾਲੀਆਂ ਗੱਡੀਆਂ, ਅੱਥਰੂ ਗੈਸ ਛੱਡਣ ਅਤੇ ਭੀੜ ਨੂੰ ਖਦੇੜਣ ਲਈ ਵੀ ਪੁਲਿਸ ਨੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਮੁਕਤਸਰ ਸੜਕ 'ਤੇ ਸਥਿਤ ਪਾਵਰਕਾਮ ਦੇ 132 ਗਰਿੱਡ ਦੇ ਪਿਛਲੇ ਪਾਸਿਉਂ ਮੋਟਰਸਾਈਕਲ ਸਵਾਰ ਦੋ ਲੜਕਿਆਂ ਨੇ ਪਲਾਸਟਿਕ ਦੀ ਬੋਤਲ 'ਚ ਪੈਟਰੋਲ ਪਾ ਕੇ ਤੇ ਅੱਗ ਲਾ ਕੇ ਗਰਿੱਡ ਵਾਲੇ ਪਾਸੇ ਸੁੱਟੀ ਗਈ ਪਰ ਪਹਿਲਾਂ ਤੋਂ ਹੀ ਚੌਕਸ ਬਿਜਲੀ ਕਰਮਚਾਰੀਆਂ ਨੇ ਉਕਤ ਗੁੰਡਿਆਂ ਦੀ ਮਨਸ਼ਾ ਕਾਮਯਾਬ ਨਾ ਹੋਣ ਦਿਤੀ।
ਇਸੇ ਤਰ੍ਹਾਂ ਸਥਾਨਕ ਦੇਵੀਵਾਲਾ ਸੜਕ 'ਤੇ ਸਥਿਤ ਪਾਵਰਕਾਮ ਦੇ 132 ਗਰਿੱਡ ਨੂੰ ਵੀ ਪਲਾਸਟਿਕ ਦੀ ਪੈਟਰੋਲ ਵਾਲੀ ਬੋਤਲ ਨਾਲ ਅੱਗ ਲਾਉਣ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਦੋਵਾਂ ਥਾਵਾਂ 'ਤੇ ਜੇਕਰ ਮੁਸ਼ਤੈਦੀ ਨਾ ਦਿਖਾਈ ਜਾਂਦੀ ਤਾਂ ਪਾਵਰਕਾਮ ਦੇ ਦਫ਼ਤਰਾਂ ਅਤੇ ਹੋਰ ਸਮਾਨ ਦਾ ਬਹੁਤ ਨੁਕਸਾਨ ਹੋ ਸਕਦਾ ਸੀ ਤੇ ਬਿਜਲੀ ਸਪਲਾਈ ਵੀ ਠੱਪ ਹੋ ਜਾਣੀ ਸੀ।
ਸ਼ਹਿਰ 'ਚ ਸਵੇਰੇ 10 ਵਜੇ ਤਕ ਦੁਕਾਨਾਂ ਬਿਲਕੁਲ ਬੰਦ ਸਨ, ਪ੍ਰਸ਼ਾਸ਼ਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਭਰ ਦੇ ਵਿਦਿਅਕ ਅਦਾਰੇ ਵੀ ਬੰਦ ਰਹੇ ਪਰ 10 ਵਜੇ ਤੋਂ ਬਾਅਦ ਟਾਵੀਆਂ-ਟਾਵੀਆਂ ਦੁਕਾਨਾਂ ਖੁੱਲ ਗਈਆਂ, ਲੋਕ ਦੁਕਾਨਾਂ ਮੂਹਰੇ ਤਾਸ਼ ਖੇਡ ਕੇ ਸਮਾਂ ਲੰਘਾਉਂਦੇ ਰਹੇ, ਰੇਲਵੇ ਸਟੇਸ਼ਨ ਤੇ ਬੱਸ ਅੱਡੇ ਸੁੰਨਸਾਨ ਸਨ, ਕਿਉਂਕਿ ਨਾ ਤਾਂ ਸਰਕਾਰੀ/ਗੈਰ ਸਰਕਾਰੀ ਬੱਸਾਂ ਚੱਲੀਆਂ ਤੇ ਨਾ ਹੀ ਰੇਲਗੱਡੀਆਂ।
ਸਵੇਰੇ ਤੜਕਸਾਰ ਤਿੰਨ ਐਕਸਪ੍ਰੈਸ ਗੱਡੀਆਂ ਬਠਿੰਡੇ ਵਾਲੇ ਪਾਸੇ ਗਈਆਂ, ਬਾਅਦ 'ਚ ਜੰਮੂ ਤਵੀ/ਅਹਿਮਦਾਬਾਦ ਅਪਡਾਊਨ ਗੱਡੀਆਂ ਦੀ ਆਮਦ ਹੋਈ ਪਰ ਬਾਕੀ 13 ਰੇਲਗੱਡੀਆਂ ਰੱਦ ਰਹੀਆਂ ਅਤੇ ਜੋ ਰੇਲਗੱਡੀਆਂ ਕੋਟਕਪੂਰੇ ਰੇਲਵੇ ਸਟੇਸ਼ਨ ਤੋਂ ਲੰਘੀਆਂ, ਉਨ੍ਹਾਂ ਵਿਚ ਵੀ ਸਵਾਰੀ ਨਾਮਾਤਰ ਸੀ। ਸ਼ਹਿਰ ਨੂੰ ਚਾਰ-ਚੁਫੇਰਿਉਂ ਪੁਲਿਸ ਨੇ ਸੀਲ ਕੀਤਾ ਹੋਇਆ ਸੀ, ਸ਼ਹਿਰ ਦੇ ਮੁੱਖ ਚੌਕਾਂ ਤੇ ਬਜਾਰਾਂ 'ਚ ਪੁਲਿਸ ਦੀ ਤੈਨਾਤੀ ਅਤੇ ਗਸ਼ਤ ਵੀ ਜਾਰੀ ਰਹੀ। ਭਾਂਵੇ ਸੜਕਾਂ 'ਤੇ ਆਵਜਾਈ ਨਾਮਾਤਰ ਅਰਥਾਤ ਬਹੁਤ ਘੱਟ ਸੀ ਪਰ ਹਰ ਸ਼ੱਕੀ ਵਾਹਨ ਦੀ ਤਲਾਸ਼ੀ ਕੀਤੀ ਜਾ ਰਹੀ ਸੀ।
ਸ਼ਰਾਰਤੀ ਅਨਸਰਾਂ ਦੀਆਂ ਅੱਗ ਲਾਉਣ ਦੀਆਂ ਅਸਫਲ ਕੋਸ਼ਿਸ਼ ਵਾਲੀਆਂ ਵਾਪਰੀਆਂ ਦੋ ਘਟਨਾਵਾਂ ਤੋਂ ਬਾਅਦ ਪੁਲਿਸ ਨੇ ਬਿਜਲੀ ਦਫਤਰਾਂ, ਟੈਲੀਫੋਨ ਐਕਸਚੇਂਜ, ਪੈਟਰੋਲ ਪੰਪਾਂ, ਤਹਿਸੀਲ ਕੰਪਲੈਕਸ, ਸਿਵਲ ਹਸਪਤਾਲ, ਵਾਟਰ ਵਰਕਸ, ਨਗਰ ਕੋਂਸਲ, ਮਾਰਕੀਟ ਕਮੇਟੀ, ਸਰਕਾਰੀ-ਗੈਰ ਸਰਕਾਰੀ ਬੈਂਕਾਂ, ਸਰਕਾਰੀ-ਗੈਰ ਸਰਕਾਰੀ ਸਕੂਲਾਂ/ਕਾਲਜਾਂ ਸਮੇਤ ਹੋਰ ਅਹਿਮ ਦਫਤਰਾਂ ਤੇ ਅਦਾਰਿਆਂ ਦੀ ਸੁਰੱਖਿਆ ਮਜਬੂਤ ਕਰ ਦਿਤੀ ਅਤੇ ਕਰਫਿਊ ਦੌਰਾਨ ਘਰਾਂ 'ਚੋਂ ਬਾਹਰ ਨਿਕਲਣ ਵਾਲਿਆਂ ਨੂੰ ਸਖਤੀ ਨਾਲ ਪੇਸ਼ ਆਉਣ ਦਾ ਐਲਾਨ ਕਰ ਦਿਤਾ।
ਸਥਾਨਕ ਸਟੇਸ਼ਨ ਮਾਸਟਰ ਰਾਮ ਕੇਸ਼ ਮੀਨਾ ਨੇ ਦਸਿਆ ਕਿ ਰੋਜ਼ਾਨਾ 18 ਗੱਡੀਆਂ ਇਸ ਰੇਲਵੇ ਸਟੇਸ਼ਨ ਰਾਹੀਂ ਲੰਘਦੀਆਂ ਹਨ ਪਰ ਅੱਜ ਸਵੇਰ ਸਮੇਂ 5 ਗੱਡੀਆਂ ਲੰਘੀਆਂ ਅਤੇ ਬਾਕੀ 13 ਰੇਲਗੱਡੀਆਂ ਰੱਦ ਰਹੀਆਂ। ਸੰਪਰਕ ਕਰਨ 'ਤੇ ਡਾ. ਨਾਨਕ ਸਿੰਘ ਜਿਲਾ ਪੁਲਿਸ ਮੁਖੀ ਫਰੀਦਕੋਟ ਨੇ ਦਸਿਆ ਕਿ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਸ਼ਹਿਰਾਂ 'ਚ ਸ਼ਾਮ 5:30 ਵਜੇ ਤੋਂ 26 ਅਗੱਸਤ ਦਿਨ ਸ਼ਨੀਵਾਰ ਦੀ ਸਵੇਰ ਅਰਥਾਤ 8 ਵਜੇ ਤਕ ਕਰਫਿਊ ਲਾ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ ਅਮਨ ਕਾਨੂੰਨ ਦੀ ਹਾਲਤ ਬਰਕਰਾਰ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਅਤੇ ਕਿਸੇ ਨੂੰ ਕਾਨੂੰਨ ਹੱਥ 'ਚ ਲੈਣ ਦੀ ਇਜਾਜਤ ਨਹੀਂ ਮਿਲੇਗੀ।