ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਕਿਸਾਨ ਨੇ ਬਿਨਾਂ ਕਿਸੇ ਸ਼ਰਤ ਦਿੱਤੀ ਜ਼ਮੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ ਪਾਕਿ ਦੇ ਅਫਸਰਾਂ ਦੀ ਮੀਟਿੰਗ ਤੋਂ ਇਕ ਦਿਨ ਪਹਿਲਾਂ ਹੀ ਡੇਰਾ ਬਾਬਾ ਨਾਨਕ ‘ਤੇ ਭਾਰਤ-ਪਾਕਿ ਸਰਹੱਦ ਨੇੜੇ ਕਰਤਾਰਪੁਰ ਦੇ ਲਾਂਘੇ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਸੀ।

Kartarpur Sahib

ਅੰਮ੍ਰਿਤਸਰ : ਭਾਰਤ ਪਾਕਿਸਤਾਨ ਦੇ ਅਫਸਰਾਂ ਦੀ ਮੀਟਿੰਗ ਤੋਂ ਇਕ ਦਿਨ ਪਹਿਲਾਂ ਹੀ ਸੋਮਵਾਰ ਨੂੰ ਡੇਰਾ ਬਾਬਾ ਨਾਨਕ ‘ਤੇ ਭਾਰਤ-ਪਾਕਿ ਸਰਹੱਦ ਨੇੜੇ ਕਰਤਾਰਪੁਰ ਦੇ ਲਾਂਘੇ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਸੀ। ਇੰਟੀਗ੍ਰੇਟਿਡ ਚੈਕ ਪੋਸਟ ਦਾ ਨਿਰਮਾਣ ਸ਼ੁਰੂ ਹੁੰਦਿਆ ਹੀ ਸੰਗਤਾਂ ਨੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਲਗਾਏ। ਕੈਬਨਿਟ ਮੰਤਰੀ ਸੁੱਖਜਿੰਦਰ ਸਿੰਘ ਨੇ ਸੰਗਤਾ ਵਿਚ ਪ੍ਰਸ਼ਾਦ ਵੀ ਵੰਡਿਆ।

ਡੇਰਾ ਬਾਬਾ ਨਾਨਕ ਦੇ ਐਸਡੀਐਮ ਗੁਰਸਿਮਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਅੱਜ ਮੰਗਲਵਾਰ ਨੂੰ ਭਾਰਤ-ਪਾਕਿ ਦੀਆਂ ਟੀਮਾਂ ਮੀਟਿੰਗ ਵਿਚ ਲਾਂਘੇ ਨੂੰ ਲੈ ਕੇ ਟੈਕਨੀਕਲ ਮਾਮਲਿਆਂ ‘ਤੇ ਚਰਚਾ ਕਰੇਗੀ। ਕਿਸਾਨਾਂ ਨਾਲ ਮੀਟਿੰਗ ਦੌਰਾਨ ਕਿਸਾਨਾਂ ਨੇ ਜ਼ਮੀਨ ਸਬੰਧੀ ਵੀ ਸਹਿਮਤੀ ਦੇ ਦਿੱਤੀ ਹੈ। ਜਿਸ ਜ਼ਮੀਨ ‘ਤੇ ਲਾਂਘੇ ਦਾ ਕੰਮ ਸ਼ੁਰੂ ਹੋਇਆ ਹੈ ਉਹ ਜ਼ਮੀਨ ਲੱਖਾ ਸਿੰਘ ਦੀ ਹੈ, ਜਿਸ ਨੇ 16.5 ਏਕੜ ਜ਼ਮੀਨ ਆਈਸੀਪੀ ਨੂੰ ਦਿੱਤੀ ਹੈ।

ਲੱਖਾ ਸਿੰਘ ਨੇ ਕਿਹਾ, ‘ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਾ ਹਰ ਸਿੱਖ ਦਾ ਸੁਪਨਾ ਹੈ। ਇਸ ਲਾਂਘੇ ਨਾਲ ਇਹ ਸੁਪਨਾ ਪੂਰਾ ਹੋਵੇਗਾ। ਮੈਂ ਆਪਣੀ ਜ਼ਮੀਨ ਇਸ ਪ੍ਰੋਜੈਕਟ ਲਈ ਦੇਣ ਲਈ ਤਿਆਰ ਹਾਂ। ਮੈਨੂੰ ਸਰਕਾਰ ਵੱਲੋਂ ਦਿੱਤਾ ਮੁਆਵਜ਼ਾ ਮਨਜ਼ੂਰ ਹੈ’। ਉਸਨੇ ਇਹ ਵੀ ਕਿਹਾ ਕਿ ਉਸਨੇ ਜੋ ਵੀ ਕੀਤਾ ਉਹ ਇਸ ਉਪਰਾਲੇ ਲਈ ਬਹੁਤ ਘੱਟ ਹੈ। ਉਸਨੇ ਕਿਹਾ ਕਿ ਹੁਣ ਇਹ ਸਰਕਾਰ ‘ਤੇ ਨਿਰਭਰ ਕਰਦਾ ਹੈ ਕਿ ਉਹ ਮੁਆਵਜ਼ਾ ਦੇਵੇਗੀ ਜਾਂ ਨਹੀਂ।

ਉਸਦਾ ਕਹਿਣਾ ਹੈ ਕਿ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੇਰੀ ਜ਼ਮੀਨ ਧਾਰਮਿਕ ਕੰਮ ਲਈ ਵਰਤੀ ਜਾ ਰਹੀ ਹੈ। ਇਹ ਸਭ ਗੁਰੂ ਨਾਨਕ ਦੇਵ ਜੀ ਲਈ ਹੈ। ਪੰਜਾਬ ਸਰਕਾਰ ਨੂੰ ਕਰਤਾਰਪੁਰ ਦੇ ਲਾਂਘੇ ਲਈ ਕੁਲ 110 ਏਕੜ ਜ਼ਮੀਨ ਦੀ ਲੋੜ ਹੈ। ਕਈ ਕਿਸਾਨਾਂ ਨੇ ਜ਼ਮੀਨ ਦੇ ਬਦਲੇ ਮੁਆਵਜ਼ੇ ਨੂੰ ਲੈ ਕੇ ਅਸਹਿਮਤੀ ਦਿਖਾਈ ਹੈ।

ਕੈਬਨਿਟ ਮੰਤਰੀ ਸੁੱਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਯਕੀਨ ਦਿਵਾਉਂਦੇ ਹਨ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਿਸੇ ਵੀ ਕਿਸਾਨ ਨੂੰ ਘੱਟ ਮੁਆਵਜ਼ਾ ਨਹੀਂ ਦੇਵੇਗੀ। ਉਹਨਾਂ ਨੇ ਲੱਖਾ ਸਿੰਘ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਹੋਰ ਕਿਸਾਨਾਂ ਨੂੰ ਵੀ ਲੱਖਾ ਸਿੰਘ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਤਾਂ ਜੋ ਇਸ ਪ੍ਰੋਜੈਕਟ ਨੂੰ ਸਹੀ ਤਰੀਕੇ ਨਾਲ ਪੂਰਾ ਕੀਤਾ ਜਾ ਸਕੇ। ਇਸ ਲਾਂਘੇ ਵਿਚ ਸਭ ਤੋਂ ਜ਼ਿਆਦਾ ਜ਼ਮੀਨ ਲੱਖਾ ਸਿੰਘ ਦੇ ਪਰਿਵਾਰ ਤੋਂ ਆ ਰਹੀ ਹੈ। ਉਹਨਾਂ ਨੇ ਪਾਸਪੋਰਟ ਮਾਮਲੇ ਨੂੰ ਹੱਲ ਕਰਨ ਦੀ ਉਮੀਦ ਵੀ ਜਤਾਈ ਹੈ।