ਕੋਰੋਨਾ ਵਾਇਰਸ ਦਾ ਕਹਿਰ, ਪੰਜਾਬ 'ਚ ਹੋਈ ਦੂਜੀ ਮੌਤ
ਮ੍ਰਿਤਕ ਦੀ ਪਛਾਣ ਮੋਹਨ ਲਾਲ ਦੇ ਰੂਪ 'ਚ ਹੋਈ ਹੈ, ਜੋ ਕਿ ਪਟੇਲ ਨਗਰ ਫਗਵਾੜਾ ਦਾ ਰਹਿਣ ਵਾਲਾ ਸੀ
ਚੰਡੀਗੜ੍ਹ- ਵਿਸ਼ਵ ਭਰ 'ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਦੇ ਨਾਲ ਹੁਣ ਪੰਜਾਬ 'ਚ ਵੀ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਨਵਾਂਸ਼ਹਿਰ 'ਚ ਪਹਿਲੀ ਮੌਤ ਹੋਣ ਤੋਂ ਬਾਅਦ ਹੁਣ ਫਗਵਾੜਾ 'ਚ ਦੂਜੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਮੋਹਨ ਲਾਲ ਦੇ ਰੂਪ 'ਚ ਹੋਈ ਹੈ, ਜੋ ਕਿ ਪਟੇਲ ਨਗਰ ਫਗਵਾੜਾ ਦਾ ਰਹਿਣ ਵਾਲਾ ਸੀ। ਮ੍ਰਿਤਕ ਇੰਗਲੈਂਡ ਤੋਂ ਯਾਤਰਾ ਕਰਕੇ ਵਾਪਸ ਆਇਆ ਸੀ, ਜੋ ਕਿ ਘਰ 'ਚ ਹੀ ਮੌਜੂਦ ਸੀ।
ਇਸ ਦੀ ਪੁਸ਼ਟੀ ਐੱਸ. ਐੱਮ. ਓ. ਡਾ. ਐੱਸ. ਪੀ. ਸਿੰਘ ਫਗਵਾੜਾ ਵੱਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਕਤ ਮਰੀਜ਼ 'ਚ ਵੀ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਸਨ। ਪੰਜਾਬ 'ਚ ਦੂਜੀ ਮੌਤ ਹੋਣ ਤੋਂ ਬਾਅਦ ਫਗਵਾੜਾ 'ਚ ਵੀ ਇਸ ਇਲਾਕੇ ਨੂੰ ਸੀਲ ਕੀਤਾ ਗਿਆ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ 'ਚ ਡਰ ਦਾ ਮਾਹੌਲ ਵੱਧਦਾ ਜਾ ਰਿਹਾ ਹੈ।
ਦੱਸ ਦਈਏ ਕਿ ਭਾਰਤ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 131 ਤੱਕ ਪਹੁੰਚ ਗਈ ਹੈ। ਭਾਰਤ ਵਿਚ 3 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 13 ਮਰੀਜ਼ ਠੀਕ ਹੋ ਚੁੱਕੇ ਹਨ। ਦੁਨੀਆ ਭਰ 'ਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 7,175 ਤਕ ਪਹੁੰਚ ਗਈ ਹੈ ਅਤੇ 1 ਲੱਖ 83 ਹਜ਼ਾਰ ਲੋਕ ਵਾਇਰਸ ਦੀ ਲਪੇਟ 'ਚ ਹਨ। ਚੀਨ ਤੋਂ ਫੈਲਿਆ ਇਹ ਜਾਨਲੇਵਾ ਵਾਇਰਸ ਦੁਨੀਆ ਦੇ ਕਰੀਬ 160 ਦੇਸ਼ਾਂ 'ਚ ਆਪਣੇ ਪੈਰ ਪਸਾਰ ਚੁੱਕਾ ਹੈ।