ਅਮਨ ਦੇ ਮੁੱਦੇ 'ਤੇ ਫੋਕੇ ਵਾਅਦਿਆਂ ਵਾਲੀ ਲਫ਼ਾਜ਼ੀ ਛੱਡੋ, ਅਮਲ ਕਰੋ, CM ਦੀ ਜਨਰਲ ਬਾਜਵਾ ਨੂੰ ਨਸੀਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਹੱਦ ਪਾਰ ਤੋਂ ਭਾਰਤ ਵਿੱਚ ਘੁਸਪੈਠ ਹਾਲੇ ਵੀ ਜਾਰੀ ਹੈ ਅਤੇ ਸਰਹੱਦਾਂ ਉਤੇ ਰੋਜ਼ਾਨਾ ਭਾਰਤੀ ਫੌਜੀ ਮਾਰੇ ਜਾ ਰਹੇ ਹਨ - ਕੈਪਟਨ ਅਮਰਿੰਦਰ ਸਿੰਘ

'Walk the talk', Capt Amarinder tells Gen Bajwa, says Pak needs to back rhetoric on peace with actions

ਚੰਡੀਗੜ੍ਹ - ਪਾਕਿਸਤਾਨ ਵੱਲੋਂ ਮਦਦ ਪ੍ਰਾਪਤ ਅਤਿਵਾਦ ਨੂੰ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦੇ ਆਮ ਵਾਂਗ ਹੋਣ ਵਿੱਚ ਸਭ ਤੋਂ ਵੱਡਾ ਅੜਿੱਕਾ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਨਸੀਹਤ ਦਿੱਤੀ ਕਿ ਉਹ ਭਾਰਤ ਨਾਲ ਅਮਨ ਦੇ ਮੁੱਦੇ ਉਤੇ ਲੱਛੇਦਾਰ ਭਾਸ਼ਣ ਦੇਣ ਦੀ ਬਜਾਏ ਪੁਖਤਾ ਕਾਰਵਾਈ ਕਰਨ।

ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾ ਨੂੰ ਪਹਿਲਾਂ ਆਈ.ਐਸ.ਆਈ. ਨੂੰ ਕੰਟਰੋਲ ਕਰਨਾ ਚਾਹੀਦਾ ਹੈ, ਉਸ ਤੋਂ ਬਾਅਦ ਹੀ ਭਾਰਤ-ਪਾਕਿ ਰਿਸ਼ਤਿਆਂ ਵਿੱਚ ਸਥਿਰਤਾ ਬਾਰੇ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪ੍ਰਤੀ ਨਰਮ ਰੁਖ਼ ਭਾਰਤ ਨੂੰ ਉਦੋਂ ਤੱਕ ਵਾਰਾ ਨਹੀਂ ਖਾ ਸਕਦਾ, ਜਦੋਂ ਤੱਕ ਪਾਕਿਸਤਾਨ ਆਪਣੇ ਫੋਕੇ ਵਾਅਦਿਆਂ ਦੀ ਥਾਂ ਪੁਖ਼ਤਾ ਅਮਲਾਂ ਨਾਲ ਆਪਣੀ ਸੰਜੀਦਗੀ ਸਾਬਤ ਨਹੀਂ ਕਰ ਦਿੰਦਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ''ਸਰਹੱਦ ਪਾਰ ਤੋਂ ਭਾਰਤ ਵਿੱਚ ਘੁਸਪੈਠ ਹਾਲੇ ਵੀ ਜਾਰੀ ਹੈ ਅਤੇ ਸਰਹੱਦਾਂ ਉਤੇ ਰੋਜ਼ਾਨਾ ਭਾਰਤੀ ਫੌਜੀ ਮਾਰੇ ਜਾ ਰਹੇ ਹਨ। ਪਾਕਿਸਤਾਨ ਤੋਂ ਹਰ ਰੋਜ਼ ਡਰੋਨਾਂ ਰਾਹੀਂ ਪੰਜਾਬ ਵਿੱਚ ਹਥਿਆਰ ਤੇ ਹੈਰੋਇਨ ਪਹੁੰਚਾਈ ਜਾ ਰਹੀ ਹੈ। ਮੇਰੇ ਸੂਬੇ ਵਿੱਚ ਰੋਜ਼ਾਨਾ ਗੜਬੜੀਆਂ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪਹਿਲਾਂ ਇਹ ਸਭ ਕੁੱਝ ਰੁਕਣਾ ਚਾਹੀਦਾ ਹੈ ਤਾਂ ਹੀ ਅਸੀਂ ਅਮਨ ਲਈ ਗੱਲਬਾਤ ਕਰ ਸਕਾਂਗੇ।''

ਮੁੱਖ ਮੰਤਰੀ ਨੇ 1964 ਵਿੱਚ ਪੱਛਮੀ ਕਮਾਂਡ ਵਿੱਚ ਜਨਰਲ ਅਫ਼ਸਰ ਕਮਾਂਡਿੰਗ-ਇਨ-ਚੀਫ ਦੇ ਏ.ਡੀ.ਸੀ. ਵਜੋਂ ਆਪਣੇ ਨਿੱਜੀ ਤਜਰਬਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਦਾ ਭਰੋਸਾ ਜਿੱਤਣ ਲਈ ਪਾਕਿਸਤਾਨ ਨੂੰ ਅਮਨ ਦੀ ਕੋਸ਼ਿਸ਼ ਦੀ ਪੇਸ਼ਕਸ਼ ਲਈ ਬਹੁਤ ਕੁੱਝ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ''ਉਦੋਂ ਸਾਨੂੰ ਪੱਛਮੀ ਸਰਹੱਦ ਤੋਂ ਰੋਜ਼ਾਨਾ ਗੋਲੀਬਾਰੀ ਤੇ ਗੜਬੜੀ ਦੀਆਂ ਰਿਪੋਰਟਾਂ ਮਿਲਦੀਆਂ ਸਨ, ਜਿਵੇਂ ਕਿ ਹੁਣ ਮਿਲ ਰਹੀਆਂ ਹਨ।''

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਗੱਲ ਜ਼ਰੂਰੀ ਹੈ ਕਿ ਸਿਰਫ਼ ਬਾਜਵਾ ਨਹੀਂ, ਸਗੋਂ ਸਮੁੱਚੀ ਪਾਕਿਸਤਾਨੀ ਫੌਜੀ ਲੀਡਰਸ਼ਿਪ ਭਾਰਤ ਨਾਲ ਸ਼ਾਂਤੀ ਦਾ ਰਾਹ ਪੱਧਰਾ ਕਰਨ ਤੇ ਬੀਤੇ ਦੀਆਂ ਗੱਲਾਂ ਭੁਲਾਉਣ ਵਾਲੇ ਵਿਚਾਰ ਦੇ ਪੱਖ ਵਿੱਚ ਆਏ। ਉਨ੍ਹਾਂ ਕਿਹਾ ਕਿ ਭਾਰਤ ਨੇ ਕਦੀ ਵੀ ਦੋਵਾਂ ਮੁਲਕਾਂ ਵਿਚਾਲੇ ਅਮਨ ਦੇ ਰਾਹ ਵਿੱਚ ਅੜਿੱਕਾ ਨਹੀਂ ਡਾਹਿਆ, ਜਦੋਂ ਕਿ ਪਾਕਿਸਤਾਨ ਵੱਲੋਂ ਹੀ ਇਹ ਅੜਿੱਕੇ ਡਾਹੇ ਗਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦੇ ਅਮਨ ਪ੍ਰਸਤਾਵਾਂ ਉਤੇ ਭਾਰਤ ਤਾਂ ਹੀ ਯਕੀਨ ਤੇ ਹੁੰਗਾਰਾ ਭਰ ਸਕਦਾ ਹੈ, ਜਦੋਂ ਇਨ੍ਹਾਂ ਸਵਾਲਾਂ ਦਾ ਜਵਾਬ ਮਿਲ ਜਾਵੇ ਕਿ ਕੀ ਉਥੇ ਸਾਰੇ ਜਨਰਲ ਬਾਜਵਾ ਵੱਲੋਂ ਪ੍ਰਗਟਾਏ ਵਿਚਾਰਾਂ ਨਾਲ ਇਤਫ਼ਾਕ ਰੱਖਦੇ ਹਨ? ਕੀ ਉਹ ਸਾਰੇ ਅਤਿਵਾਦੀ ਗਰੁੱਪਾਂ ਦੀ ਸਭ ਤਰ੍ਹਾਂ ਦੀ ਮਦਦ ਤੋਂ ਫੌਰੀ ਹੱਥ ਖਿੱਚਦੇ ਹਨ? ਕੀ ਉਹ ਆਈ.ਐਸ.ਆਈ. ਨੂੰ ਭਾਰਤ ਵਿਚਲੀਆਂ ਸਾਰੀਆਂ ਗਤੀਵਿਧੀਆਂ ਬੰਦ ਕਰਨ ਲਈ ਕਹਿ ਸਕਦੇ ਹਨ?

ਅਮਨ ਲਈ ਕੋਈ ਸ਼ਰਤ ਨਾ ਹੋਣ ਦੀ ਗੱਲ ਆਖਦਿਆਂ ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਸ਼ਾਂਤੀ ਦਾ ਹਮਾਇਤੀ ਰਿਹਾ ਹੈ ਅਤੇ ਸਾਰੇ ਭਾਰਤੀ ਅਮਨ ਚਾਹੁੰਦੇ ਹਨ ਪਰ ਭਾਰਤ ਆਪਣੀ ਸੁਰੱਖਿਆ ਅਤੇ ਅਖੰਡਤਾ ਨਾਲ ਕੋਈ ਸਮਝੌਤਾ ਨਹੀਂ ਕਰ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ਵਿੱਚ ਬਣੇ ਹਾਲਾਤ ਅਤੇ ਪਾਕਿਸਤਾਨ ਦੀ ਚੀਨ ਨਾਲ ਵਧਦੀ ਗੰਢ-ਤੁੱਪ ਚਿੰਤਾ ਦਾ ਵਿਸ਼ਾ ਹੈ।

ਇਸ ਨਾਲ ਹੋਰ ਸਰਹੱਦਾਂ ਉਤੇ ਵੀ ਭਾਰਤ ਲਈ ਖ਼ਤਰੇ ਖੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨ ਸੱਚੀ-ਮੁੱਚੀ ਭਾਰਤ ਨਾਲ ਅਮਨ ਲਈ ਸੰਜੀਦਾ ਹੈ ਤਾਂ ਉਸ ਨੂੰ ਚੀਨ ਨੂੰ ਇਹ ਸਪੱਸ਼ਟ ਤੇ ਠੋਕਵਾਂ ਸੁਨੇਹਾ ਦੇਣਾ ਪਵੇਗਾ ਕਿ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਉਤੇ ਕਿਸੇ ਵੀ ਤਰ੍ਹਾਂ ਦਾ ਜ਼ੋਖ਼ਮ ਸਹੇੜਨ ਵੇਲੇ ਉਹ (ਪਾਕਿਸਤਾਨ) ਨਾਲ ਨਹੀਂ ਖੜ੍ਹੇਗਾ।