ਹੋਲਾ ਮਹੱਲਾ ਮੌਕੇ ਸੰਗਤ ਲਈ ਕੋਰੋਨਾ ਟੈਸਟ ਲਾਜ਼ਮੀ ਕਰਨਾ ਮੰਦਭਾਗਾ : ਬੀਬੀ ਜਗੀਰ ਕੌਰ
ਜੇਕਰ ਪੰਜਾਬ ਦੀ ਕਾਂਗਰਸ ਸਰਕਾਰ ਸੰਗਤਾਂ ਨੂੰ ਸਿੱਧੇ ਤੌਰ ’ਤੇ ਰੋਕਣਾ ਚਾਹੁੰਦੀ ਹੈ ਤਾਂ ਉਹ ਖ਼ੁਦ ਐਲਾਨ ਕਰੇ।
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮੌਕੇ ਪੁੱਜਣ ਵਾਲੀਆਂ ਸੰਗਤਾਂ ਲਈ ਰੂਪਨਗਰ ਦੀ ਡਿਪਟੀ ਕਮਿਸ਼ਨਰ ਵਲੋਂ 72 ਘੰਟੇ ਪਹਿਲਾਂ ਕੋਰੋਨਾ ਦੀ ਰੀਪੋਰਟ ਲੈ ਕੇ ਆਉਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਇਸ ਨੂੰ ਸਰਕਾਰ ਦੀ ਧੱਕੇਸ਼ਾਹੀ ਕਰਾਰ ਦਿੱਤਾ।
ਇਹ ਲੱਖਾਂ ਦੀ ਗਿਣਤੀ ਵਿਚ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਪੁੱਜਣ ਵਾਲੀਆਂ ਸੰਗਤਾਂ ਨੂੰ ਰੋਕਣ ਦੀ ਕੋਝੀ ਚਾਲ ਹੈ। ਇਹ ਸੰਭਵ ਹੀ ਨਹੀਂ ਹੋ ਸਕਦਾ ਕਿ 72 ਘੰਟੇ ਪਹਿਲਾਂ ਏਨੀ ਵੱਡੀ ਗਿਣਤੀ ਵਿਚ ਸੰਗਤਾਂ ਟੈਸਟ ਕਰਵਾ ਸਕਣ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਪੰਜਾਬ ਦੀ ਕਾਂਗਰਸ ਸਰਕਾਰ ਸੰਗਤਾਂ ਨੂੰ ਸਿੱਧੇ ਤੌਰ ’ਤੇ ਰੋਕਣਾ ਚਾਹੁੰਦੀ ਹੈ ਤਾਂ ਉਹ ਖ਼ੁਦ ਐਲਾਨ ਕਰੇ।
ਪ੍ਰਸ਼ਾਸਨ ਨੂੰ ਮੋਹਰਾਂ ਬਣਾਉਣਾ ਜਾਇਜ਼ ਨਹੀਂ। ਸ਼ਰਧਾ ਭੇਟ ਕਰਨਾ ਸੰਗਤ ਦਾ ਅਧਿਕਾਰ ਹੈ ਅਤੇ ਸਰਕਾਰ ਨੂੰ ਅਜਿਹੇ ਫ਼ੈਸਲੇ ਨਹੀਂ ਦਿਵਾਉਣੇ ਚਾਹੀਦੇ। ਉਨ੍ਹਾਂ ਫ਼ੈਸਲਾ ਵਾਪਸ ਲੈਣ ਦੀ ਮੰਗ ਕੀਤੀ।