ਦੋ ਲੜਕੀਆਂ ਦੇ ਮੌਤ ਮਾਮਲੇ 'ਚ ਮਹਿਲਾ ਕਮਿਸ਼ਨ ਸਖ਼ਤ, 3 ਦਿਨ 'ਚ ਮੰਗੀ ਸਟੇਟਸ ਰਿਪੋਰਟ
ਤਿੰਨ ਦਿਨਾਂ ਦੇ ਅੰਦਰ-ਅੰਦਰ ਐਸ.ਐਸ.ਪੀ. ਮੋਗਾ ਨੂੰ ਸਟੇਟਸ ਰਿਪੋਰਟ ਭੇਜਣ ਦੇ ਹੁਕਮ ਦਿੱਤੇ ਗਏ ਹਨ।
ਮੋਗਾ: ਬੀਤੇ ਦਿਨੀਂ ਜ਼ਿਲ੍ਹਾ ਮੋਗਾ ਦੇ ਪਿੰਡ ਮਾਣੂੰਕੇ ਦੇ ਬੱਸ ਅੱਡੇ ‘ਤੇ ਗੋਲੀ ਚੱਲਣ ਨਾਲ ਲੜਕੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਪਰ ਅੱਜ ਦੋ ਲੜਕੀਆਂ ਦੀ ਮੌਤ ਹੋ ਗਈ। ਦੱਸ ਦਈਏ ਕਿ ਇਕ ਆਲਟੋ ਸਵਾਰ ਨੇ ਆਪਣੀ ਹੀ ਗੱਡੀ ਦੇ ਵਿਚ ਨਾਲ ਜਾ ਰਹੀਆਂ ਦੋ ਲੜਕੀਆਂ ਨੂੰ ਗੋਲੀ ਮਾਰ ਦਿੱਤੀ ਅਤੇ ਬਿਲਕੁਲ ਸੜਕ ਦੇ ਵਿਚਕਾਰ ਸੁੱਟ ਕੇ ਫ਼ਰਾਰ ਹੋ ਗਏ।
ਇਸ ਦੌਰਾਨ ਪਿੰਡ ਮਾਣੂੰਕੇ ਦੇ ਬੱਸ ਅੱਡੇ ਉੱਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਦੌਰਾਨ ਮੋਗਾ ਵਿਖੇ ਦੋ ਕੁੜੀਆਂ 'ਤੇ ਗੋਲੀਆਂ ਮਾਰਨ ਦੇ ਮਾਮਲੇ 'ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੋ-ਮੋਟੋ ਲੈਂਦੇ ਹੋਏ ਇਸ ਵਿਸ਼ੇ 'ਤੇ ਕਿਸੇ ਸੀਨੀਅਰ ਅਧਿਕਾਰੀ ਤੋਂ ਪੜਤਾਲ ਕਰਵਾਉਣ ਅਤੇ ਉਪਰੋਕਤ ਕੇਸ 'ਚ ਕੀਤੀ ਕਾਰਵਾਈ ਸਬੰਧੀ ਤਿੰਨ ਦਿਨਾਂ ਦੇ ਅੰਦਰ-ਅੰਦਰ ਐਸ.ਐਸ.ਪੀ. ਮੋਗਾ ਨੂੰ ਸਟੇਟਸ ਰਿਪੋਰਟ ਭੇਜਣ ਦੇ ਹੁਕਮ ਦਿੱਤੇ ਗਏ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ਨੂੰ ਘਿਣਾਉਣਾ ਦੱਸਦੇ ਹੋਏ ਪੰਜਾਬ ਪੁਲਿਸ ਦੇ ਡੀ.ਜੀ.ਪੀ. ਨੂੰ ਮਾਮਲੇ ਵਿਚ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਹੈ ਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਇਸ ਮਾਮਲੇ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਹੈ।
ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਲਈ ਔਰਤਾਂ ਦੀ ਸੁਰੱਖਿਆ ਕੋਈ ਤਰਜੀਹ ਵਾਲਾ ਵਿਸ਼ਾ ਨਹੀਂ ਹੈ। ਬੀਬੀ ਬਾਦਲ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਸ਼ਾਸਨ 'ਚ ਪੰਜਾਬ ਦੇ ਡਰਾਉਣੇ ਹਾਲਾਤ ! ਮੋਗਾ ਤੋਂ ਕਾਂਗਰਸ ਦੇ ਆਗੂ ਨੇ ਦਿਨ-ਦਿਹਾੜੇ ਦੋ ਕੁੜੀਆਂ ਦਾ ਕਤਲ ਕਰ ਦਿੱਤਾ। ਔਰਤਾਂ ਦੀ ਸੁਰੱਖਿਆ ਕਾਂਗਰਸ ਸਰਕਾਰ ਲਈ ਕੋਈ ਤਰਜੀਹ ਵਾਲਾ ਵਿਸ਼ਾ ਨਹੀਂ ਹੈ।