ਮਾਂ ਨੇ 6 ਮਹੀਨੇ ਦੇ ਮਾਸੂਮ ਨੂੰ ਗਲਾ ਘੁੱਟ ਕੇ ਮਾਰਿਆ
ਪਿਤਾ ਦਾ ਬਿਆਨ : ਬੱਚੇ ਦੇ ਵਾਧੇ ਨੂੰ ਲੈ ਕੇ ਪ੍ਰੇਸ਼ਾਨ ਸੀ ਮਾਂ
ਸ਼ਾਹਕੋਟ: ਪਿੰਡ ਮੀਏਂਵਾਲ ਅਰਾਈਆਂ ਵਿਖੇ ਸੁੰਨ ਕਰ ਦੇਣ ਵਾਲੀ ਘਟਨਾ ਕਾਰਨ ਇਲਾਕੇ ’ਚ ਸੋਗ ਦੀ ਲਹਿਰ ਦਾ ਆਲਮ ਛਾ ਗਿਆ। ਵੀਰਵਾਰ ਨੂੰ ਪਿੰਡ ਮੀਏਂਵਾਲ ਅਰਾਈਆਂ ਦੀ ਰਹਿਣ ਵਾਲੀ ਨਵਪ੍ਰੀਤ ਕੌਰ ਪਤਨੀ ਹਰਜਿੰਦਰ ਸਿੰਘ ਨੇ ਅਪਣੇ ਛੇ ਮਹੀਨਿਆਂ ਦੇ ਮਾਸੂਮ ਬੱਚੇ ਸਮਰਪ੍ਰੀਤ ਸਿੰਘ ਦਾ ਗਲਾ ਘੋਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਰਿੰਦਰ ਕੁਮਾਰ ਨੇ ਦਸਿਆ ਕਿ ਮ੍ਰਿਤਕ ਬੱਚੇ ਦੇ ਪਿਤਾ ਹਰਜਿੰਦਰ ਸਿੰਘ ਨੇ ਪੁਲਿਸ ਨੂੰ ਦਿਤੇ ਬਿਆਨ ਵਿਚ ਕਿਹਾ ਕਿ ਉਹ ਦੁਬਈ ਵਿਚ ਪਿਛਲੇ ਚਾਰ ਸਾਲਾਂ ਤੋਂ ਕੰਮ ਕਰਦਾ ਹੈ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਪਿੰਡ ਵਿਚ ਹੀ ਰਹਿ ਰਿਹਾ ਹੈ। ਉਸ ਦੀ ਪਤਨੀ ਨਵਪ੍ਰੀਤ ਕੌਰ ਕੁਝ ਸਮੇਂ ਤੋਂ ਬੱਚੇ ਸਮਰਪ੍ਰੀਤ ਸਿੰਘ ਦੀ ਗ੍ਰੋਥ ਨਾ ਹੋਣ ਕਾਰਨ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦੀ ਸੀ।
ਬੱਚੇ ਦੀ ਡਾਕਟਰਾਂ ਕੋਲੋਂ ਜਾਂਚ ਵੀ ਕਰਵਾਈ ਗਈ, ਜਿਸ ਦੀਆਂ ਸਾਰੀਆਂ ਰਿਪੋਰਟਾਂ ਵਿਚ ਉਹ ਬਿਲਕੁਲ ਤੰਦਰੁਸਤ ਪਾਇਆ ਗਿਆ, ਪਰ ਇਸ ਸਭ ਦੇ ਬਾਵਜੂਦ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਦਿਆਂ ਨਵਪ੍ਰੀਤ ਕੌਰ ਨੇ ਪਿਛਲੇ ਮਹੀਨੇ ਅਪਣੇ ਆਪ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵੀ ਕੀਤੀ। ਵੀਰਵਾਰ ਨੂੰ ਹਰਜਿੰਦਰ ਸਿੰਘ ਕਿਸੇ ਕੰਮ ਸਬੰਧੀ ਪਿੰਡ ਤੋਂ ਬਾਹਰ ਗਿਆ ਹੋਇਆ ਸੀ ਅਤੇ ਉਸ ਦੇ ਮਾਤਾ ਪਿਤਾ ਪਸ਼ੂਆਂ ਲਈ ਪੱਠੇ ਲੈਣ ਲਈ ਗਏ ਹੋਏ ਸਨ ਤਾਂ ਪਿੱਛੋਂ ਨਵਪ੍ਰੀਤ ਕੌਰ ਨੇ ਅਪਣੇ 5 ਮਹੀਨੇ 23 ਦਿਨ ਦੇ ਮਾਸੂਮ ਬੱਚੇ ਦੀ ਗਲਾ ਘੋਟ ਕੇ ਹਤਿਆ ਕਰ ਦਿਤੀ।
ਥਾਣਾ ਮੁਖੀ ਨੇ ਦਸਿਆ ਕਿ ਮ੍ਰਿਤਕ ਬੱਚੇ ਦੀ ਦੇਹ ਨਕੋਦਰ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿਤੀ ਗਈ ਹੈ ਅਤੇ ਮੁਲਜ਼ਮ ਮਾਂ ਵਿਰੁਧ ਥਾਣੇ ਵਿਚ ਮਾਮਲਾ ਦਰਜ ਕਰ ਕੇ ਕਾਰਵਾਈ ਆਰੰਭ ਦਿਤੀ ਹੈ।