ਅਨਮੋਲ ਰਤਨ ਸਿੰਘ ਸਿੱਧੂ ਹੋਣਗੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ, ਦਾਨ ਕਰਨਗੇ ਆਪਣੀ ਤਨਖ਼ਾਹ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ 'ਚ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਮਾਮਲਿਆਂ ’ਚ ਕਾਨੂੰਨੀ ਰਾਏ ਦੇਣ ਲਈ ਕਰਨਗੇ ਅਗਵਾਈ 

AG Anmol Rattan Singh Sidhu

ਚੰਡੀਗੜ੍ਹ : ਸੀਨੀਅਰ ਵਕੀਲ ਅਨਮੋਲ ਰਤਨ ਸਿੰਘ ਸਿੱਧੂ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਨਿਯੁਕਤ ਕੀਤੇ ਹਨ। ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਅਤੇ ਕਾਫੀ ਸਮੇਂ ਤੋਂ ਅਨਮੋਲ ਰਤਨ ਸਿੱਧੂ ਦਾ ਨਾਮ ਐਡਵੋਕੇਟ ਜਨਰਲ ਦੇ ਅਹੁਦੇ ਲਈ ਚਰਚਾ ਵਿਚ ਸੀ।

ਇਸ ਸਬੰਧੀ ਅੱਜ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 16 ਮਾਰਚ ਨੂੰ ਸਹੁੰ ਚੁੱਕਣ ਤੋਂ ਬਾਅਦ ਅੱਜ ਕੈਬਨਿਟ ਦਾ ਗਠਨ ਹੋਇਆ ਹੈ ਜਿਸ ਵਿਚ 10 ਮੰਤਰੀਆਂ ਨੇ ਆਪਣੇ ਅਹੁਦੇ ਦੀ ਸਹੁੰ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਡਵੋਕੇਟ ਦੀਪਇੰਦਰ ਸਿੰਘ ਪਟਵਾਲੀਆ ਨੂੰ ਏ.ਪੀ.ਐੱਸ. ਦਿਓਲ ਦੀ ਥਾਂ ’ਤੇ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਸੀ ਅਤੇ ਪੰਜਾਬ ਵਿਚ 'ਆਪ' ਸਰਕਾਰ ਬਣਨ 'ਤੇ ਉਨ੍ਹਾਂ ਨੇ ਅਸਤੀਫ਼ਾ ਦੇ ਦਿਤਾ ਸੀ। ਜੇਕਰ ਪੰਜਾਬ ਦੇ ਐਡਵੋਕੇਟ ਜਨਰਲ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੇ ਨਾਲ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਮਾਮਲਿਆਂ ’ਚ ਕਾਨੂੰਨੀ ਰਾਏ ਦੇਣ ਲਈ ਅਗਵਾਈ ਕੀਤੀ ਜਾਂਦੀ ਹੈ। 

ਪੰਜਾਬ ਦੇ ਨਵ-ਨਿਯੁਕਤ AG ਅਨਮੋਲ ਰਤਨ ਸਿੰਘ ਸਿੱਧੂ ਦਾ ਵੱਡਾ ਫ਼ੈਸਲਾ, ਦਾਨ ਕਰਨਗੇ ਆਪਣੀ ਤਨਖ਼ਾਹ 

''ਨਸ਼ਾਖੋਰੀ 'ਤੇ ਨਕੇਲ ਕੱਸਣ ਲਈ ਪਿੰਡਾਂ ਤੱਕ ਪਹੁੰਚ ਕਰਾਂਗਾ। ਨਸ਼ੇ ਦੇ ਆਦੀ ਲੋਕਾਂ ਦੇ ਇਲਾਜ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਐਡਵੋਕੇਟ ਜਨਰਲ ਵਜੋਂ ਆਪਣੀ ਤਨਖਾਹ ਦਾਨ ਕਰਾਂਗਾ। ਇਸ ਦੀ ਸ਼ੁਰੂਆਤ ਮੈਂ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਵਿਧਾਇਕਾ ਜੀਵਨਜੋਤ ਕੌਰ ਦੀ ਅਗਵਾਈ 'ਚ ਪਿੰਡ ਮਕਬੂਲਪੁਰਾ ਤੋਂ ਕਰਾਂਗਾ।''

ਇਸ ਤੋਂ ਇਲਾਵਾ ਐਡਵੋਕੇਟ ਜਨਰਲ ਸਿੱਧੂ ਨੇ ਇੱਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੀ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਉਹ ਆਪਣੀ ਐਡਵੋਕੇਟ ਜਨਰਲ ਵਜੋਂ ਮਿਲੀ ਤਨਖ਼ਾਹ ਵਿਚੋਂ ਮਹਿਜ਼ ਇੱਕ ਰੁਪਇਆ ਹੀ ਰੱਖਣਗੇ ਅਤੇ ਬਾਕੀ ਦੀ ਤਨਖ਼ਾਹ ਦਾਨ ਕਰਨਗੇ।