ਪੰਜਾਬ ਵਿਚ ਬਦਲੇ ਮੌਸਮ ਕਾਰਨ ਘਟੀ ਬਿਜਲੀ ਦੀ ਮੰਗ, ਦਰਜ ਕੀਤੀ ਗਈ ਕਰੀਬ 1 ਹਜ਼ਾਰ ਮੈਗਾਵਾਟ ਦੀ ਕਮੀ
ਰੋਪੜ ਦੇ 2 ਤੇ ਲਹਿਰਾ ਮੁਹੱਬਤ ਪਲਾਂਟ ਦੇ 3 ਯੂਨਿਟ ਬੰਦ , ਹਨ੍ਹੇਰੀ-ਝੱਖੜ ਕਾਰਨ ਸ਼ਿਕਾਇਤਾਂ 'ਚ ਹੋਇਆ ਇਜ਼ਾਫ਼ਾ
ਮੋਹਾਲੀ : ਪੰਜਾਬ ਵਿਚ ਪਿਛਲੇ ਦੋ ਦਿਨ ਤੋਂ ਪੈ ਰਹੇ ਮੀਂਹ ਕਾਰਨ ਜਿਥੇ ਮੌਸਮ ਠੰਡਾ ਹੋ ਗਿਆ ਹੈ ਉਥੇ ਹੀ ਫ਼ਸਲਾਂ ਵੀ ਨੁਕਸਾਨੀਆਂ ਗਈਆਂ ਹਨ। ਬਦਲਦੇ ਮੌਸਮ ਦੇ ਚਲਦੇ ਸੂਬੇ ਵਿਚ ਬਿਜਲੀ ਦੀ ਮੰਗ ਵਿਚ ਵੀ ਕਮੀ ਆਈ ਹੈ।
ਜਾਣਕਾਰੀ ਅਨੁਸਾਰ ਪੰਜ ਯੂਨਿਟ ਬੰਦ ਕਰ ਦਿਤੇ ਗਏ ਹਨ। ਪੈ ਰਹੇ ਮੀਂਹ ਕਾਰਨ ਮੌਸਮ ਠੰਡਾ ਹੋ ਗਿਆ ਹੈ ਜਿਸ ਕਾਰਨ ਕਰੀਬ 1 ਹਜ਼ਾਰ ਮੈਗਾਵਾਟ ਬਿਜਲੀ ਦੀ ਮੰਗ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਨਾਲ ਦੋ ਸਰਕਾਰੀ ਪਲਾਂਟਾਂ ਦੇ ਪੰਜ ਯੂਨਿਟ ਬੰਦ ਕੀਤੇ ਗਏ ਹਨ।
ਦੱਸ ਦੇਈਏ ਕਿ ਰੋਪੜ ਪਲਾਂਟ ਦੇ ਦੋ ਯੂਨਿਟ ਜਦਕਿ ਲਹਿਰਾ ਮੁਹੱਬਤ ਪਲਾਂਟ ਦੇ ਤਿੰਨ ਯੂਨਿਟ ਬੰਦ ਕੀਤੇ ਗਏ ਹਨ। ਬੀਤੇ ਦਿਨ ਬਿਜਲੀ ਦੀ ਮੰਗ 5500 ਮੈਗਾਵਾਟ ਦਰਜ ਕੀਤੀ ਗਈ ਹੈ। ਇਸ ਦੌਰਾਨ ਰੋਪੜ ਦੇ ਦੋ ਅਤੇ ਲਹਿਰਾ ਮੁਹੱਬਤ ਦੇ ਤਿੰਨ ਯੂਨਿਟਾਂ ਤੋਂ ਬਿਜਲੀ ਉਤਪਾਦਨ ਬੰਦ ਰਿਹਾ ਹੈ ਜਦਕਿ ਨਿੱਜੀ ਥਰਮਲਾਂ ਦੇ ਸਾਰੇ ਸੱਤ ਯੂਨਿਟ ਤੋਂ ਬਿਜਲੀ ਉਤਪਾਦਨ ਜਾਰੀ ਰਿਹਾ ਹੈ।
ਇਹ ਵੀ ਪੜ੍ਹੋ: ਬੱਚੇ ਦੇ ਜਨਮ ਤੋਂ ਬਾਅਦ ਵੀ ਮਹਿਲਾ ਮੁਲਾਜ਼ਮਾਂ ਨੂੰ ਹੈ ਜਣੇਪਾ ਛੁੱਟੀ ਦਾ ਅਧਿਕਾਰ
ਦੱਸਣਯੋਗ ਹੈ ਕਿ ਲਹਿਰਾ ਮੁਹੱਬਤ ਦਾ ਇੱਕ ਯੂਨਿਟ ਪਿੱਛਲੇ ਸਾਲ ਈਐਸਪੀ ਡਿੱਗਣ ਕਾਰਨ ਬੰਦ ਰਿਹਾ ਜਦਕਿ ਹੁਣ 210 ਅਤੇ 250 ਮੈਗਾਵਾਟ ਵਾਲੇ ਦੋ ਹੋਰ ਯੂਨਿਟ ਬੰਦ ਹੋਏ ਹਨ। ਉਧਰ ਰੋਪੜ ਪਲਾਂਟ ਦੇ ਚਾਰ ਵਿਚੋਂ ਦੋ ਯੂਨਿਟ ਬੰਦ ਹਨ।
ਬਿਜਲੀ ਦੀ ਮੰਗ ਦੀ ਗੱਲ ਕਰੀਏ ਤਾਂ ਬੀਤੇ ਦਿਨ ਦੁਪਹਿਰ ਤੱਕ ਕਰੀਬ 5483 ਮੈਗਾਵਾਟ ਬਿਜਲੀ ਦੀ ਮੰਗ ਰਹੀ। ਇਸ ਦੌਰਾਨ ਸਰਕਾਰੀ ਥਰਮਲਾਂ ਤੋਂ 492 ਮੈਗਾਵਾਟ ਦੇ ਤਿੰਨ ਨਿੱਜੀ ਥਰਮਲ ਪਲਾਂਟਾਂ ਦੇ ਸੱਤ ਯੂਨਿਟਾਂ ਤੋਂ 3229 ਮੈਗਾਵਾਟ ਬਿਜਲੀ ਹਾਸਲ ਕੀਤੀ ਗਈ ਹੈ। ਦੱਸ ਦੇਈਏ ਕਿ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਹੋਰ ਸਰੋਤਾਂ ਦੇ ਨਾਲ-ਨਾਲ ਕਈ ਬਾਹਰੀ ਸਰੋਤਾਂ ਤੋਂ ਵੀ ਬਿਜਲੀ ਹਾਸਲ ਕੀਤੀ ਗਈ ਹੈ। ਇਸ ਦੇ ਨਾਲ ਹੀ ਸੂਬੇ ਵਿਚ ਹਨ੍ਹੇਰੀ-ਝੱਖੜ ਕਾਰਨ ਸ਼ਿਕਾਇਤਾਂ ਵਿਚ ਵੀ ਵਾਧਾ ਦਰਜ ਕੀਤਾ ਗਿਆ ਹੈ।