Punjab News: ਲਿਵ ਇਨ 'ਚ ਰਹਿ ਰਹੇ ਪ੍ਰੇਮੀ ਜੋੜੇ ਦਾ ਕਤਲ, 2 ਬੱਚਿਆਂ ਦੇ ਪਿਓ ਨਾਲ ਰਹਿ ਰਹੀ ਸੀ ਕੁੜੀ  

ਏਜੰਸੀ

ਖ਼ਬਰਾਂ, ਪੰਜਾਬ

ਉਕਤ ਮੁਲਜ਼ਮਾਂ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਬੋਰੀ ’ਚ ਬੰਨ੍ਹ ਕੇ ਗੱਡੀ ’ਚ ਪਾ ਲਿਆ ਤੇ ਲਾਸ਼ਾਂ ਨੂੰ ਭਾਖੜਾ ਨਹਿਰ ’ਚ ਸੁੱਟ ਦਿੱਤਾ

File Photo

 

Punjab News:  ਬੁਢਲਾਡਾ - ਲਿਵ ਇਨ ਵਿਚ ਰਹਿ ਰਹੇ ਪ੍ਰੇਮੀ ਜੋੜੇ ਦਾ ਕਤਲ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ। ਪ੍ਰੇਮੀ ਜੋੜੇ ਦਾ ਪਰਿਵਾਰ ਵਲੋਂ ਹੀ ਕਤਲ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਲਿਵ ਇਨ ਰਿਲੇਸ਼ਨ ’ਚ ਰਹਿਣ ਰਹੇ ਗਾਦੜਪੱਤੀ ਬੋਹਾ ਦਾ ਵਸਨੀਕ ਗੁਰਪ੍ਰੀਤ ਸਿੰਘ (45) ਤੇ ਗੁਰਪ੍ਰੀਤ ਕੌਰ (19) ਪੁੱਤਰੀ ਸੁਖਪਾਲ ਸਿੰਘ ਆਪਣੇ ਪਰਿਵਾਰਾਂ ਦੇ ਖਿਲਾਫ਼ ਜਾ ਕੇ ਲਿਵ ਇਨ ਤਹਿਤ ਬੋਹਾ ਤੋਂ ਬਾਹਰ ਕਿਸੇ ਸ਼ਹਿਰ ’ਚ ਰਹਿ ਰਹੇ ਸਨ। 

ਗੁਰਪ੍ਰੀਤ ਸਿੰਘ ਪਹਿਲਾਂ ਵੀ ਵਿਆਹਿਆ ਹੋਇਆ ਸੀ, ਜਿਸ ਦੇ 2 ਬੱਚੇ ਵੀ ਸਨ। ਬੀਤੇ ਦਿਨ ਜਦੋਂ ਉਹ ਆਪਣੀ ਪ੍ਰੇਮਿਕਾ ਸਮੇਤ ਬੋਹਾ ਆਇਆ ਹੋਇਆ ਸੀ ਤਾਂ ਪ੍ਰੇਮਿਕਾ ਦੇ ਪਿਤਾ ਸੁਖਪਾਲ ਸਿੰਘ ਤੇ ਉਸ ਦੇ ਪ੍ਰੇਮੀ ਦੀ ਪਹਿਲੀ ਪਤਨੀ ਦੇ ਪੁੱਤਰ ਅਨਮੋਲਜੋਤ ਸਿੰਘ ਤੇ ਨਜ਼ਦੀਕੀ ਸਾਥੀ ਗੁਰਬਿੰਦਰ ਸਿੰਘ, ਸਹਿਜਪ੍ਰੀਤ ਸਿੰਘ ਤੇ ਇਕ ਵਿਅਕਤੀ ਵਲੋਂ ਸਾਜ਼ਿਸ਼ ਘੜੀ ਗਈ ਤੇ ਪ੍ਰੇਮੀ ਗੁਰਪ੍ਰੀਤ ਸਿੰਘ ਨੂੰ ਉਸ ਦੀ ਪੋਤੀ ਨੂੰ ਮਿਲਾਉਣ ਦੇ ਬਹਾਨੇ ਖੇਤ ਬੁਲਾਇਆ ਗਿਆ ਜਿਸ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਪ੍ਰੇਮੀ ਜੋੜੇ ਦਾ ਕਤਲ ਕਰ ਦਿੱਤਾ ਗਿਆ। 

ਉਕਤ ਮੁਲਜ਼ਮਾਂ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਬੋਰੀ ’ਚ ਬੰਨ੍ਹ ਕੇ ਗੱਡੀ ’ਚ ਪਾ ਲਿਆ ਤੇ ਲਾਸ਼ਾਂ ਨੂੰ ਭਾਖੜਾ ਨਹਿਰ ’ਚ ਸੁੱਟ ਦਿੱਤਾ। ਪੁਲਿਸ ਨੂੰ ਗੁਰਪ੍ਰੀਤ ਕੌਰ ਦੀ ਲਾਸ਼ ਭਾਖੜਾ ਨਹਿਰ ਦੇ ਸਰਦੂਲਗੜ੍ਹ ਖ਼ੇਤਰ ’ਚ ਨਿਕਲਦੇ ਇਕ ਸੂਏ ’ਚੋਂ ਮਿਲ ਗਈ ਪਰ ਗੁਰਪ੍ਰੀਤ ਸਿੰਘ ਦੀ ਲਾਸ਼ ਦਾ ਅਜੇ ਤੱਕ ਕੋਈ ਪਤਾ ਨਹੀਂ। ਪ੍ਰੇਮਿਕਾ ਦੇ ਪਿਤਾ ਸੁਖਪਾਲ ਸਿੰਘ ਨੇ ਘਬਰਾਹਟ ’ਚ ਆ ਕੇ ਪ੍ਰੇਮੀ ਜੋੜੇ ਦਾ ਕਤਲ ਕਰਨ ਦੀ ਗੱਲ ਆਪਣੇ ਗੁਆਂਢ ’ਚ ਰਹਿੰਦੇ ਵਾਰਡ ਦੇ ਕੌਂਸਲਰ ਨੂੰ ਦੱਸੀ, ਜਿਸ ਨੇ ਬੋਹਾ ਪੁਲਿਸ ਨੂੰ ਇਤਲਾਹ ਦੇ ਦਿੱਤੀ। ਪੁਲਿਸ ਵਲੋਂ ਉਕਤ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਹੈ।