ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਈ-ਯੂਵਾ ਸੈਂਟਰ ਦਾ ਉਦਘਾਟਨ ਸਮਾਰੋਹ ਅਤੇ “ਰਿਸਰਚ ਫੈਸਟ 2026” ਦਾ ਆਯੋਜਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀਯੂ ਪੰਜਾਬ ਦੇ 100 ਤੋਂ ਵੱਧ ਖੋਜਾਰਥੀਆਂ ਨੇ ਰਿਸਰਚ ਫੈਸਟ 2026 ਦੌਰਾਨ ਆਪਣੇ ਖੋਜ ਦੇ ਸਮਾਜਿਕ ਪ੍ਰਭਾਵ ਨੂੰ ਪੇਸ਼ ਕੀਤਾ

Inauguration ceremony of e-Youth Center at Central University of Punjab and organization of “Research Fest 2026”

ਬਠਿੰਡਾ: ਸਮਾਜ ਨਾਲ ਜੁੜੇ ਖੋਜ ਕਾਰਜਾਂ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਲ ਤਹਿਤ ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ), ਬਠਿੰਡਾ ਵਿੱਚ ਬੀਰੈਕ ਸਮਰਥਿਤ ਈ-ਯੂਵਾ ਸੈਂਟਰ ਦਾ ਉਦਘਾਟਨ ਸਮਾਰੋਹ ਅਤੇ ਡੀਐਸਟੀ-ਪਰਸ ਦੇ ਤਹਿਤ “ਰਿਸਰਚ ਫੈਸਟ” ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ‘ਤੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਐਮਸ ਬਠਿੰਡਾ ਦੇ ਕਾਰਜਕਾਰੀ ਡਾਇਰੈਕਟਰ ਅਤੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰੋ. ਰਤਨ ਗੁਪਤਾ ਨਾਲ ਮਿਲ ਕੇ ਈ-ਯੂਵਾ ਸੈਂਟਰ ਦਾ ਉਦਘਾਟਨ ਕੀਤਾ। ਇਸ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਅਧਿਕਾਰੀ, ਸੀਨੀਅਰ ਫੈਕਲਟੀ ਮੈਂਬਰ ਅਤੇ ਈ-ਯੂਵਾ ਸੈਂਟਰ ਦੇ ਸਟਾਫ ਮੈਂਬਰ ਸ਼ਾਮਲ ਹੋਏ। ਡੀਨ (ਅਕਾਦਮਿਕ ਇੰਚਾਰਜ) ਪ੍ਰੋ. ਰਾਮਕ੍ਰਿਸ਼ਨਾ ਵੁਸਿਰਿਕਾ ਨੇ ਮਹਿਮਾਨਾ ਦਾ ਸਵਾਗਤ ਕਰਦਿਆਂ ਕਿਹਾ ਕਿ ਈ-ਯੂਵਾ ਸੈਂਟਰ ਵਿਦਿਆਰਥੀਆਂ ਵਿੱਚ ਨਵੀਂ ਸੋਚ ਅਤੇ ਖੋਜ-ਆਧਾਰਿਤ ਉੱਦਮੀਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਆਈਕਿਊਏਸੀ ਡਾਇਰੈਕਟਰ ਅਤੇ ਈ-ਯੂਵਾ ਸੈਂਟਰ ਕੋਆਰਡੀਨੇਟਰ ਪ੍ਰੋ. ਮੋਨਿਸ਼ਾ ਧੀਮਾਨ ਨੇ ਸੈਂਟਰ ਦੇ ਉਦੇਸ਼ਾਂ, ਫੈਲੋਸ਼ਿਪ ਮੌਕਿਆਂ ਅਤੇ ਡੀਬੀਟੀ-ਬੀਰੈਕ ਪਹਲ ਅਧੀਨ ਵਿਕਸਿਤ ਢਾਂਚੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮਹਿਮਾਨਾਂ ਨੇ ਸੈਂਟਰ ਦੀਆਂ ਸੁਵਿਧਾਵਾਂ ਜਿਵੇਂ ਕਿ ਸੈੱਲ ਕਲਚਰ ਫੈਸਿਲਟੀ, ਬਾਇਓਸੇਫਟੀ ਕੈਬਿਨੇਟ ਅਤੇ ਮਾਲੀਕਿਊਲਰ ਬਾਇਓਲੋਜੀ ਲੈਬਜ਼ ਦਾ ਵੀ ਦੌਰਾ ਕੀਤਾ।

ਇਸ ਤੋਂ ਬਾਅਦ ਮਹਿਮਾਨਾ ਨੇ ਰਿਸਰਚ ਫੈਸਟ 2026 ਦਾ ਨਿਰੀਖਣ ਕੀਤਾ, ਜਿੱਥੇ 25 ਤੋਂ ਵੱਧ ਖੋਜ ਸਮੂਹਾਂ ਦੇ 100 ਤੋਂ ਵੱਧ ਖੋਜਾਰਥੀਆਂ ਨੇ ਪੋਸਟਰਾਂ ਅਤੇ ਪ੍ਰਦਰਸ਼ਨੀਆਂ ਰਾਹੀਂ ਆਪਣੇ ਖੋਜ ਕਾਰਜ ਅਤੇ ਉਨ੍ਹਾਂ ਦੇ ਸਮਾਜਿਕ ਪ੍ਰਭਾਵ ਨੂੰ ਪੇਸ਼ ਕੀਤਾ। ਖੋਜ ਕਾਰਜਾਂ ਵਿੱਚ ਵਾਤਾਵਰਣ ਵਿਗਿਆਨ, ਖੇਤੀਬਾੜੀ, ਬਾਇਓਟੈਕਨੋਲੋਜੀ, ਬਾਇਓਮੈਡੀਕਲ ਵਿਗਿਆਨ, ਇੰਜੀਨੀਅਰਿੰਗ ਅਤੇ ਸਮਾਜਿਕ ਵਿਗਿਆਨ ਵਰਗੇ ਖੇਤਰ ਸ਼ਾਮਲ ਸਨ। ਮੁੱਖ ਵਿਸ਼ਿਆਂ ਵਿੱਚ ਜਲਵਾਯੂ ਪਰਿਵਰਤਨ, ਜ਼ਮੀਨ ਹੇਠਲੇ ਪਾਣੀ ਦੀ ਸੰਭਾਲ, ਬਾਇਓਟੈਕਨੋਲੋਜੀ, ਕੈਂਸਰ ਖੋਜ, ਫੇਜ ਥੈਰੇਪੀ, ਡੀਐਨਏ ਮੁਰੰਮਤ ਅਤੇ ਕ੍ਰਿਤ੍ਰਿਮ ਬੁੱਧੀਮਤਾ ਸ਼ਾਮਲ ਰਹੇ। ਇਸ ਤੋਂ ਇਲਾਵਾ ਮਲਟੀਓਮਿਕਸ ਤਕਨੀਕਾਂ ਅਤੇ ਟਿਕਾਊ ਖੇਤੀ ਪ੍ਰਣਾਲੀਆਂ ਸੰਬੰਧਤ ਖੋਜਾਂ ਨੂੰ ਵੀ ਦਰਸਾਇਆ ਗਿਆ। ਬੀਐਫਜੀਆਈ, ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਐਸਐਸਡੀ ਗਰਲਜ਼ ਕਾਲਜ ਸਮੇਤ ਵੱਖ-ਵੱਖ ਉੱਚ ਸਿੱਖਿਆ ਸੰਸਥਾਵਾਂ ਅਤੇ ਮਾਲਵਾ ਖੇਤਰ ਦੇ ਵਿਦਿਆਰਥੀਆਂ ਨੇ ਵੀ ਫੈਸਟ ਵਿੱਚ ਭਾਗ ਲਿਆ ਅਤੇ ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਖੋਜ-ਆਧਾਰਿਤ ਦ੍ਰਿਸ਼ਟੀਕੋਣ ਅਪਨਾਉਣ ਲਈ ਪ੍ਰੇਰਣਾ ਪ੍ਰਾਪਤ ਕੀਤੀ।

ਮੁੱਖ ਮਹਿਮਾਨ ਪ੍ਰੋ. ਰਤਨ ਗੁਪਤਾ ਨੇ ਈ-ਯੂਵਾ ਸੈਂਟਰ ਦੀ ਸਥਾਪਨਾ ਲਈ ਯੂਨੀਵਰਸਿਟੀ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਨੌਜਵਾਨ ਖੋਜਕਾਰਾਂ ਵਿੱਚ ਨਵੀਨਤਾ ਅਤੇ ਉੱਦਮੀਤਾ ਨੂੰ ਉਤਸ਼ਾਹਿਤ ਕਰਦੀਆਂ ਹਨ ਅਤੇ ਸਮਾਜ-ਕੇਂਦਰਿਤ ਖੋਜ ਨੂੰ ਨਵੀਂ ਦਿਸ਼ਾ ਦਿੰਦੀਆਂ ਹਨ।

ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਦਾ ਹੱਲ ਲੱਭਣ ਲਈ ਆਲੋਚਨਾਤਮਕ ਸੋਚ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਈ-ਯੂਵਾ ਸੈਂਟਰ ਦੇ ਨਾਲ-ਨਾਲ ਨਿਧੀ ਆਈ-ਟੀਬੀਆਈ ਇਨਕਿਊਬੇਸ਼ਨ ਸੈਂਟਰ ਅਤੇ ਏਆਈਸੀਟੀਈ ਆਈਡੀਆ ਲੈਬ ਦੀ ਸਥਾਪਨਾ ਕਰਕੇ ਸਟਾਰਟਅੱਪ ਇਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਵਿੱਚ ਉੱਦਮੀਤਾ ਨੂੰ ਉਤਸ਼ਾਹਿਤ ਕਰਨ ਵੱਲ ਮਹੱਤਵਪੂਰਨ ਕਦਮ ਚੁੱਕੇ ਹਨ।

ਸਮਾਪਤੀ ਸਮਾਗਮ ਵਿੱਚ ਟੀਬੀਆਈ), ਆਈਆਈਐਸਈਆਰ ਮੋਹਾਲੀ ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰ ਦੇ ਸੀਈਓ ਸ਼੍ਰੀ ਸਤਯੇਂਦਰ ਐਸ. ਚੌਧਰੀ ਨੇ ਵਿਦਿਆਰਥੀਆਂ ਨੂੰ ਸਟਾਰਟਅੱਪ ਇਕੋਸਿਸਟਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਅਤੇ ਈ-ਯੂਵਾ ਸੈਂਟਰ ਦੀਆਂ ਸੁਵਿਧਾਵਾਂ ਦਾ ਪੂਰਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋ. ਅੰਜਨਾ ਮੁੰਸ਼ੀ, ਡਾਇਰੈਕਟਰ (ਆਰਐਂਡਡੀ) ਦੇ ਸਵਾਗਤ ਭਾਸ਼ਣ ਨਾਲ ਹੋਈ, ਜਿਨ੍ਹਾਂ ਨੇ ਡੀਐਸਟੀ-ਪਰਸ ਪ੍ਰੋਜੈਕਟ ਦੇ ਉਦੇਸ਼ਾਂ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦਾ ਸਮਾਪਨ ਪ੍ਰੋ. ਵਿਨੋਦ ਪਠਾਨੀਆ ਅਤੇ ਪ੍ਰੋ. ਰਾਜ ਕੁਮਾਰ ਵੱਲੋਂ ਧੰਨਵਾਦ ਨਾਲ ਕੀਤਾ ਗਿਆ।