ਕਾਂਗਰਸ ਸਰਕਾਰ ਦੇ ਸੱਤਾ ਸੰਭਾਲਣ ਤੋਂ ਇਕ ਸਾਲ ਬਾਅਦ ਵੀ ਲੋਕ ਉਡੀਕ ਰਹੇ ਹਨ ਘਰ-ਘਰ ਨੌਕਰੀ
ਭਾਰੀਂ ਉਮੀਦਾਂ ਦੇ ਨਾਲ ਸੂਬੇ ਦੀ ਜਨਤਾ ਨੇ ਅਕਾਲੀ-ਭਾਜਪਾ ਸਰਕਾਰ ਨੂੰ ਖਦੇੜ ਕੇ ਇਕ ਵਾਰ ਫਿਰ ਤੋਂ ਕੈਪਟਨ ਸਰਕਾਰ 'ਤੇ ਵਿਸ਼ਵਾਸ ਜਤਾਇਆ ਸੀ।
ਕਪੂਰਥਲਾ (ਇੰਦਰਜੀਤ ਸਿੰਘ) : ਭਾਰੀਂ ਉਮੀਦਾਂ ਦੇ ਨਾਲ ਸੂਬੇ ਦੀ ਜਨਤਾ ਨੇ ਅਕਾਲੀ-ਭਾਜਪਾ ਸਰਕਾਰ ਨੂੰ ਖਦੇੜ ਕੇ ਇਕ ਵਾਰ ਫਿਰ ਤੋਂ ਕੈਪਟਨ ਸਰਕਾਰ 'ਤੇ ਵਿਸ਼ਵਾਸ ਜਤਾਇਆ ਸੀ। ਕੈਪਟਨ ਸਰਕਾਰ ਨੂੰ ਸੱਤਾ ਸੰਭਾਲੇ ਇਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਪਰ ਸੂਬੇ ਦੀ ਜਨਤਾ ਲਈ ਕੁਝ ਵੀ ਚੰਗਾ ਨਹੀਂ ਹੋ ਰਿਹਾ। ਕੁਝ ਮਾਮਲਿਆਂ ਵਿਚ ਤਾਂ ਹਾਲਾਤ ਪਹਿਲਾਂ ਨਾਲੋਂ ਵੀ ਮਾੜੇ ਸਾਬਿਤ ਹੋ ਰਹੇ ਹਨ। ਕੈਪਟਨ ਸਰਕਾਰ ਜਨਤਾ ਨਾਲ ਕੀਤੇ ਇਕ ਵੀ ਵਾਅਦੇ ਨੂੰ ਅਮਲੀਜਾਮਾ ਨਹੀਂ ਪੁਆ ਸਕੀ ਹੈ ਤੇ ਇਨ੍ਹਾਂ ਵਾਅਦਿਆਂ 'ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ।
ਹਾਂ ਕੈਪਟਨ ਸਰਕਾਰ ਕਿਸਾਨਾਂ ਦੇ ਥੋੜੇ-ਥੋੜੇ ਕਰਜ਼ੇ ਮੁਆਫ਼ ਕਰਕੇ ਸੰਕਟ 'ਚ ਘਿਰੀ ਪੰਜਾਬ ਦੀ ਕਿਸਾਨੀ ਤੇ ਮਲ੍ਹਮ ਲਗਾਉਣ ਦੀ ਹਲਕੀ ਜਿਹੀ ਕੋਸ਼ਸ ਤਾਂ ਜ਼ਰੂਰ ਕੀਤੀ ਹੈ। ਪਰ ਵੋਟਾਂ ਤੋਂ ਪਹਿਲਾਂ ਕਾਂਗਰਸ ਨੇ ਹਰ ਕਿਸਾਨ ਦਾ ਪੂਰਾ ਕਰਜ਼ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਇਸ ਲਈ ਬਕਾਇਦਾ ਫਾਰਮ ਵੀ ਭਰੇ ਗਏ ਸਨ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ।
ਇਨ੍ਹਾਂ ਵਿਚੋਂ ਇਕ ਵਾਅਦਾ ਸੀ ਬੇਰੋਜ਼ਗਾਰੀ ਖ਼ਤਮ ਕਰਨ ਦਾ। ਭਾਵ ਹਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਸੰਬੰਧੀ ਹਰੇਕ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਨੇ ਬਾਕਾਇਦਾ ਕੈਂਪ ਵੀ ਲਾਏ ਸਨ। ਕੈਂਪ ਵਿਚ ਲੋਕਾਂ ਦੇ ਫਾਰਮ ਤਕ ਭਰੇ ਗਏ ਸਨ। ਕਈ ਲੋਕ ਤਾਂ ਇਸ ਉਮੀਦ ਵਿਚ ਸਨ ਕਿ ਕਾਂਗਰਸ ਸਰਕਾਰ ਆਉਂਦਿਆਂ ਹੀ ਉਨ੍ਹਾਂ ਦੀ ਸਰਕਾਰੀ ਨੌਕਰੀ ਲੱਗ ਜਾਵੇਗੀ। ਲੋਕਾਂ ਨੇ ਧੜਾਧੜ ਨੌਕਰੀਆਂ ਦੇ ਫਾਰਮ ਭਰੇ ਤੇ ਧੜਾਧੜ ਕਾਂਗਰਸ ਦੇ ਖਾਤੇ ਵਿਚ ਵੋਟਾਂ ਪਾਈਆਂ।
ਜਨਤਾ ਤੋਂ ਮਿਲੇ ਭਾਰੀ ਸਮਰਥਨ ਨਾਲ 10 ਸਾਲ ਬਾਅਦ ਸੂਬੇ ਵਿਚ ਕਾਂਗਰਸ ਦੀ ਵਾਪਸੀ ਹੋਈ ਪਰ ਪਿਛਲੇ ਇਕ ਸਾਲ ਤੋਂ ਜ਼ਿਆਦਾ ਸਮਾਂ ਲੰਘ ਜਾਣ ਦੇ ਬਾਅਦ ਵੀ ਕੈਪਟਨ ਸਰਕਾਰ ਜਨਤਾ ਨਾਲ ਕੀਤਾ ਇਕਾ ਦੂਜਾ ਨੂੰ ਛੱਡ ਕੇ ਕੋਈ ਵੀ ਵਾਅਦਾ ਨਹੀਂ ਨਿਭਾਅ ਸਕੀ। ਨੌਕਰੀ ਦੇਣਾ ਤਾਂ ਦੂਰ ਪਹਿਲਾਂ ਤੋਂ ਮਿਲ ਰਿਹਾ ਬੇਰੋਜ਼ਗਾਰੀ ਭੱਤਾ ਵੀ ਬੰਦ ਕਰ ਦਿਤਾ। ਪਿਛਲੇ ਕਈ ਮਹੀਨਿਆਂ ਤੋਂ ਕਿਸੇ ਵੀ ਬੇਰੋਜ਼ਗਾਰ ਨੂੰ ਬੇਰੋਜ਼ਗਾਰੀ ਭੱਤਾ ਨਹੀਂ ਦਿੱਤਾ ਗਿਆ। ਲਗਾਤਾਰ ਬੇਰੋਜ਼ਗਾਰੀ ਵਧਣ ਕਾਰਨ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨੂੰ ਹਾਇਰ ਸਟੱਡੀ ਲਈ ਵਿਦੇਸ਼ੀ ਧਰਤੀ 'ਤੇ ਭੇਜ ਰਹੇ ਹਨ ਤੇ ਵਿਦੇਸ਼ ਨਾ ਜਾ ਸਕਣ ਵਾਲੇ ਬੇਰੋਜ਼ਗਾਰ ਨੌਜਵਾਨ ਇਥੇ ਨਸ਼ਿਆਂ ਦੀ ਦਲਦਲ ਵਿਚ ਫਸ ਰਹੇ ਹਨ।
ਇਕ ਅੰਕੜੇ ਮੁਤਾਬਕ ਸੂਬੇ ਵਿਚ 15 ਲੱਖ ਦੇ ਕਰੀਬ ਨੌਜਵਾਨਾਂ ਨੇ ਖੁਦ ਨੂੰ ਰੋਜ਼ਗਾਰ ਦਫ਼ਤਰ ਵਿਚ ਰਜਿਸਟਰਡ ਕਰਵਾਇਆ ਹੈ। ਰੋਜ਼ਗਾਰ ਨਾ ਮਿਲਣ ਦੀ ਹਾਲਤ ਵਿਚ ਇਨ੍ਹਾਂ ਨੌਜਵਾਨਾਂ ਨੂੰ ਹਰ ਮਹੀਨੇ ਬੇਰੋਜ਼ਗਾਰੀ ਭੱਤਾ ਦੇਣ ਦੀ ਵਿਵਸਥਾ ਹੈ। ਕੈਪਟਨ ਸਰਕਾਰ ਨੇ ਇਹ ਵੀ ਬੰਦ ਕਰ ਦਿਤਾ ਹੈ। ਲੋਕਾਂ ਕੋਲੋਂ ਹਰ ਘਰ ਨੌਕਰੀ ਦੇਣ ਦੇ ਵਾਅਦੇ ਦੇ ਫਾਰਮ ਹੁਣ ਕਿਸੇ ਕੋਨੇ ਵਿਚ ਟੋਕਰੀਆਂ ਵਿਚ ਪਏ ਮਿਲਣਗੇ ਜਾਂ ਫਿਰ ਕੂੜੇ ਦੇ ਢੇਰ 'ਤੇ। ਸੱਤਾ ਵਿਚ ਆਉਣ ਤੋਂ ਬਾਅਦ ਨੌਕਰੀਆਂ ਲੈ ਕੇ ਕੋਈ ਸਰਵੇ ਨਹੀਂ ਕੀਤਾ ਗਿਆ ਤੇ ਨਾ ਹੀ ਸਰਕਾਰ ਨੇ ਰੋਜ਼ਗਾਰ ਪੈਦਾ ਕਰਨ ਦੀ ਕੋਈ ਕੋਸ਼ਸ਼ ਕੀਤੀ।
ਹਾਂ ਕੈਪਟਨ ਸਰਕਾਰ ਨੇ ਲੋਕ ਦਿਖਾਵੇ ਲਈ ਵੱਖ ਵੱਖ ਜ਼ਿਲ੍ਹਿਆ ਵਿਚ ਰੋਜ਼ਗਾਰ ਮੇਲੇ ਜ਼ਰੂਰ ਲਗਾਏ ਹਨ। ਜਿਨ੍ਹਾਂ 'ਚ ਨਿੱਜੀ ਕੰਪਨੀਆਂ ਨੂੰ ਨੌਕਰੀਆਂ ਦੇਣ ਵਾਸਤੇ ਸਦਿਆ ਜਾਂਦਾ ਰਿਹਾ ਹੈ। ਪਰ ਇਸ ਨਾਲ ਕਿਸੇ ਵੀ ਬੇਰੋਜ਼ਗਾਰ ਨੂੰ ਕੋਈ ਲਾਭ ਨਹੀ ਮਿਲ ਸਕਿਆ। ਲੋਕਾਂ ਵਿਚ ਸਰਕਾਰ ਪ੍ਰਤੀ ਗੁੱਸਾ ਵਧਦਾ ਜਾ ਰਿਹਾ ਹੈ। ਖਾਸ ਕਰ ਕੇ ਨੌਜਵਾਨਾਂ ਦਾ ਕਹਿਣਾ ਹੈ ਕਿ ਜਨਤਾ ਨਾਲ ਝੂਠੇ ਵਾਅਦੇ ਕਰ ਕੇ ਸਰਕਾਰ ਸੱਤਾ ਵਿਚ ਆਈ ਹੈ ਤੇ ਜੇਕਰ ਸਰਕਾਰ ਨੇ ਹਰ ਘਰ ਨੌਕਰੀ ਦੇਣ ਦਾ ਵਾਅਦਾ ਨਾ ਨਿਭਾਇਆ ਤਾਂ ਮਜਬੂਰਨ ਨੌਜਵਾਨਾਂ ਨੂੰ ਸੜਕਾਂ 'ਤੇ ਉਤਰਨਾ ਪਵੇਗਾ।
-ਸੇਵਾ ਕੇਂਦਰ ਬੰਦ ਹੋਣ ਨਾਲ ਹਜ਼ਾਰਾਂ ਨੌਜਵਾਨ ਹੋਣਗੇ ਬੇਰੁਜ਼ਗਾਰ
ਪੰਜਾਬ ਦੀ ਸੱਤਾ ਤੇ 10 ਸਾਲ ਕਾਬਜ਼ ਰਹਿਣ ਵਾਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਹੀ ਸ਼ੁਰੂ ਕੀਤੇ ਸੇਵਾ ਕੇਂਦਰਾਂ ਲਈ ਕਾਰਪੋਰੇਸ਼ਨਾਂ, ਨਗਰ ਕੌਂਸਲਾਂ ਜਾਂ ਪੰਚਾਇਤਾਂ ਪਾਸੋਂ ਫ੍ਰੀ ਵਿਚ ਜਗਾਂ ਲੈ ਕੇ ਸਰਕਾਰੀ ਖਰਚ 'ਤੇ ਇਮਾਰਤਾਂ ਦੀ ਉਸਾਰੀ ਕਰ ਅੱਗੇ ਨਿੱਜੀ ਕੰਪਨੀ ਬੀ ਐਲ ਐਫ ਐਸ ਨਾਲ ਇਕਰਾਰ ਕਰਕੇ ਸੇਵਾ ਕੇਂਦਰ ਚਲਾਉਣ ਲਈ ਇਹ ਇਮਾਰਤਾਂ ਸੌਂਪ ਦਿਤੀਆਂ ਗਈਆਂ । ਜਿਸ ਅਧੀਨ ਕੰਪਨੀ ਵਲੋਂ ਕੰਪਿਊਟਰਾਂ ਸਮੇਤ ਹੋਰ ਲੋੜੀਂਦੇ ਸਮਾਨ ਸੇਵਾ ਕੇਂਦਰਾਂ ਵਿਚ ਰੱਖ ਆਪਣੇ ਮੁਲਾਜ਼ਮ ਭਰਤੀ ਕਰਕੇ ਲੋਕਾਂ ਨੂੰ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿਤੀਆਂ।
ਪਿਛਲੀ ਬਾਦਲ ਸਰਕਾਰ ਸਮੇਂ ਹੀ ਲੋਕਾਂ ਦੀ ਦਫ਼ਤਰਾਂ 'ਚ ਹੁੰਦੀ ਖੱਜਲ ਖੁਆਰੀ ਤੇ ਰਿਸ਼ਵਤ ਨੂੰ ਖ਼ਤਮ ਕਰਨ ਅਤੇ ਦਫ਼ਤਰਾਂ ਵਿਚ ਹੁੰਦੇ ਕੰਮਾਂ ਨੂੰ ਸਮਾਂ ਬੱਧ ਕਰਨ ਲਈ ਜ਼ਿਲ੍ਹਾ ਪੱਧਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਅਧਾਰਿਤ ਸੁਸਾਇਟੀਆਂ ਦਾ ਗਠਨ ਕਰ ਜ਼ਿਲ੍ਹਾ, ਤਹਿਸੀਲ ਅਤੇ ਸਬ ਤਹਿਸੀਲ ਪੱਧਰ ਤੇ ਸੁਵਿਧਾ ਕੇਂਦਰ ਸ਼ੁਰੂ ਕੀਤੇ ਗਏ ਸਨ। ਉਕਤ ਸੇਵਾ ਕੇਂਦਰਾਂ 'ਚੋਂ ਵੱਖ-ਵੱਖ ਸਹੂਲਤਾਂ ਲੈਣ ਵਾਲੇ ਲੋਕਾਂ ਪਾਸੋਂ ਕੁਝ ਨਾ ਮਾਤਰ ਸਰਕਾਰੀ ਫੀਸਾਂ ਲਈਆਂ ਜਾਂਦੀਆਂ ਸਨ। ਜਿਸ ਤੋਂ ਹੋਣ ਵਾਲੀ ਆਮਦਨ ਦਾ 85 ਫ਼ੀ ਸਦੀ ਹਿਸਾ ਜ਼ਿਲ੍ਹਾ ਪੱਧਰੀ ਕਮੇਟੀਆਂ ਪਾਸ ਅਤੇ 15 ਫ਼ੀ ਸਦੀ ਹਿਸਾ ਪੰਜਾਬ ਪੱਧਰੀ ਈ-ਗਵਰਨਿਸ ਕਮੇਟੀਆਂ ਕੋਲ ਜਾਂਦਾ ਸੀ ਤੇ ਇਸ ਦੀ ਆਮਦਨ ਨਾਲ ਜਿਥੇ ਸੁਵਿਧਾ ਕੇਂਦਰਾਂ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਸਾਰੇ ਖ਼ਰਚੇ ਪੂਰੇ ਕੀਤੇ ਜਾਂਦੇ ਸਨ, ਉਥੇ ਪੰਜਾਬ ਸਰਕਾਰ ਦੇ ਸਾਰੇ ਡਿਪਟੀ ਕਮਿਸ਼ਨਰਾਂ ਦਫ਼ਤਰਾਂ ਸਮੇਤ ਮਾਲ ਵਿਭਾਗ ਦੇ ਸਾਰੇ ਦਫ਼ਤਰਾਂ ਵਿਚ ਲੋੜੀਂਦੀ ਸਟੇਸ਼ਨਰੀ ਛੋਟਾ ਮੋਟਾ ਫਰਨੀਚਰ ਅਤੇ ਰੋਜ਼ਾਨਾ ਦੇ ਹੋਰ ਸਾਜੋ ਸਮਾਨ ਦੇ ਖ਼ਰਚ ਵੀ ਲੋਕ ਸੁਵਿਧਾ ਕੇਂਦਰਾਂ ਦੀ ਕਮਾਈ 'ਚੋਂ ਹੀ ਕੀਤੇ ਜਾਂਦੇ ਸਨ। ਜਿਸ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਤੇ ਦਫ਼ਤਰਾਂ ਦਾ ਛੋਟਾ ਮੋਟਾ ਬੋਝ ਨਹੀਂ ਸੀ ਪੈਂਦਾ।
ਪ੍ਰੰਤੂ ਪਤਾ ਨਹੀਂ ਕਿਸ ਮਜਬੂਰੀ ਵਿਚ ਉਸ ਸਮੇਂ ਦੀ ਪੰਜਾਬ ਸਰਕਾਰ ਵਲੋਂ ਸਰਕਾਰ ਲਈ ਕਮਾਈ ਦਾ ਸਾਧਨ, ਵਾਜਬ ਰੇਟਾਂ 'ਤੇ ਲੋਕਾਂ ਨੂੰ ਸਹੂਲਤਾਂ ਦੇ ਰਹੇ ਸੁਵਿਧਾ ਕੇਂਦਰਾਂ ਨੂੰ ਇਕ ਦਮ ਬੰਦ ਕਰ ਉਨ੍ਹਾਂ ਵਿਚ ਕੰਮ ਕਰ ਰਹੇ ਹਜ਼ਾਰਾਂ ਦੇ ਕਰੀਬ ਕਾਮਿਆਂ ਨੂੰ ਬੇਰੁਜ਼ਗਾਰ ਕਰਕੇ ਸਰਕਾਰ ਦੀ ਕਮਾਈ ਨੂੰ ਲੱਤ ਮਾਰ ਕੇ ਸੁਵਿਧਾ ਕੇਂਦਰਾਂ ਵਾਲੀਆਂ ਸਹੂਲਤਾਂ ਉਹ ਵੀ ਚਾਰ ਪੰਜ ਗੁਣਾ ਮਹਿੰਗੀਆਂ ਲੋੜਵੰਦਾਂ 'ਤੇ ਬੋਝ ਪਾਉਂਦਿਆਂ ਇਕ ਨਿੱਜੀ ਕੰਪਨੀ ਨਾਲ ਇਕਰਾਰ ਕਰਕੇ ਉਸ ਨੂੰ ਸੇਵਾ ਕੇਂਦਰਾਂ ਦੇ ਰੂਪ ਵਿਚ ਕੰਮ ਸੌਂਪ ਦਿਤਾ ਗਿਆ।
-ਵਾਅਦਿਆਂ ਤੋਂ ਮੁਕਰੀ ਹੈ ਕੈਪਟਨ ਸਰਕਾਰ - ਸੱਜਣ ਸਿੰਘ ਚੀਮਾ
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਦਾ ਕਹਿਣਾ ਹੈ ਕਿ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਵੋਟਾਂ ਹਾਸਲ ਕਰਨ ਵਾਲੀ ਕਾਂਗਰਸ ਸਰਕਾਰ ਸੱਤਾ ਵਿਚ ਆਉਣ ਤੋਂ ਬਾਅਦ ਹਰ ਵਾਅਦੇ ਤੋਂ ਮੁਕਰ ਗਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਨੌਜਵਾਨਾਂ ਨਾਲ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਹਾਲੇ ਤਕ ਇਕ ਵੀ ਬੇਰੋਜ਼ਗਾਰ ਨੂੰ ਸਰਕਾਰ ਨੇ ਨੌਕਰੀ ਨਹੀਂ ਦਿਤੀ।
ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਹਜ਼ਾਰਾਂ ਨੌਜਵਾਨ ਵੀ ਕੈਪਟਨ ਸਰਕਾਰ ਵਲੋਂ ਕੀਤੇ ਘਰ-ਘਰ ਨੌਕਰੀ ਦੇਣ ਵਾਅਦੇ ਤਹਿਤ ਨੌਕਰੀਆਂ ਦੀ ਉਡੀਕ ਕਰ ਰਹੇ ਹਨ। ਪਰ ਸਰਕਾਰ ਨੌਕਰੀ ਦੇਣ ਦੀ ਥਾਂ ਨੌਜਵਾਨਾਂ ਤੋਂ ਰੋਜ਼ਗਾਰ ਖੋਹ ਰਹੀ ਹੈ।