ਮੁੱਖ ਮੰਤਰੀ ਵਲੋਂ ਰਾਜਨਾਥ ਸਿੰਘ ਨਾਲ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਮੁੜ ਪੈਰ ਪਸਾਰ ਰਿਹੈ ਖਾੜਕੂਵਾਦ, ਕੇਂਦਰ ਕੁੱਝ ਕਰੇ : ਕੈਪਟਨ

Rajnath Singh & Captain Amarinder Singh

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੰਜਾਬ ਵਿਚ ਮੁੜ ਸਿਰ ਚੁੱਕ ਰਹੇ ਕਥਿਤ ਕੱਟੜਵਾਦ ਨਾਲ ਨਜਿਠਣ ਲਈ ਵਿਆਪਕ ਰਣਨੀਤੀ ਉਲੀਕਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਦੀ ਸ਼ਾਂਤੀ ਅਤੇ ਸਥਿਰਤਾ ਨੂੰ ਮੁੜ ਖ਼ਤਰਾ ਪੈਦਾ ਹੋ ਰਿਹਾ ਹੈ। 
ਕੇਂਦਰੀ ਗ੍ਰਹਿ ਮੰਤਰੀ ਨਾਲ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਥਿਤ ਤੌਰ 'ਤੇ ਉਭਰ ਰਹੇ ਕੱਟੜਵਾਦ ਨੂੰ ਠੱਲ੍ਹ ਪਾਉਣ ਲਈ ਵਿਆਪਕ ਰਣਨੀਤੀ ਬਣਾਉਣ ਦੀ ਲੋੜ 'ਤੇ ਜ਼ੋਰ ਦਿਤਾ। ਉਨ੍ਹਾਂ ਕੈਨੇਡਾ, ਇੰਗਲੈਂਡ, ਅਮਰੀਕਾ, ਇਟਲੀ, ਜਰਮਨੀ ਵਿਚ ਬੈਠੇ ਗਰਮਖ਼ਿਆਲੀਆਂ ਜੋ ਪੰਜਾਬ 'ਚ ਅਤਿਵਾਦ ਨੂੰ ਮੁੜ ਸੁਰਜੀਤ ਕਰਨ ਲਈ ਸਰਗਰਮ ਹਨ, ਵਿਰੁਧ ਕਾਰਵਾਈ ਤੋਂ ਇਲਾਵਾ ਖ਼ੁਫ਼ੀਆ-ਤੰਤਰ ਨੂੰ ਹੋਰ ਮਜ਼ਬੂਤ ਕਰਨ ਦਾ ਸੁਝਾਅ ਦਿਤਾ। ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਕੀਤੀਆਂ ਜਾਂਦੀਆਂ ਗਤੀਵਿਧੀਆਂ ਜਿਨ੍ਹਾਂ ਦਾ ਉਦੇਸ਼ ਸੂਬੇ ਦੀ ਸ਼ਾਂਤੀ ਤੇ ਸਥਿਰਤਾ ਭੰਗ ਕਰਨਾ ਹੈ, ਨੂੰ ਵੀ ਨੱਥ ਪਾਉਣ ਦੀ ਲੋੜ 'ਤੇ ਜ਼ੋਰ ਦਿਤਾ।

ਉਨ੍ਹਾਂ ਦਾ ਵਿਚਾਰ ਸੀ ਕਿ ਸੂਬਾਈ ਸਰਕਾਰ ਦਾ 'ਅਪਣੀਆਂ ਜੜ੍ਹਾਂ ਨਾਲ ਜੁੜੋ' ਪ੍ਰੋਗਰਾਮ ਦੀ ਮਜ਼ਬੂਤੀ ਵੀ ਅਜਿਹੀਆਂ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਵਿਚ ਮਦਦ ਕਰੇਗੀ। ਸਰਕਾਰੀ ਬੁਲਾਰੇ ਨੇ ਦਸਿਆ ਕਿ ਗ੍ਰਹਿ ਮੰਤਰੀ ਨੇ ਮਾਡਰਨਾਈਜੇਸ਼ਨ ਆਫ਼ ਪੁਲਿਸ ਫ਼ੋਰਸਿਜ਼ ਸਕੀਮ (ਐਮਪੀਐਫ਼ ਸਕੀਮ) ਤਹਿਤ ਪੰਜਾਬ ਦੀਆਂ ਮੰਗਾਂ 'ਤੇ ਗ਼ੌਰ ਕਰਨ ਲਈ ਵੀ ਸਹਿਮਤੀ ਪ੍ਰਗਟਾਈ ਹੈ। ਸੂਬੇ ਦੀਆਂ ਸੁਰੱਖਿਆ ਚਿੰਤਾਵਾਂ ਦੇ ਹਵਾਲੇ ਨਾਲ ਮੁੱਖ ਮੰਤਰੀ ਨੇ ਪੁਲਿਸ ਫ਼ੋਰਸ ਦੇ ਆਧੁਨਿਕੀਕਰਨ ਲਈ ਕੇਂਦਰੀ ਸਹਾਇਤਾ ਦੀ ਮੰਗ ਦੁਹਰਾਈ। ਮੁੱਖ ਮੰਤਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਅਤੇ ਅੱਠ ਉੱਤਰ-ਪੂਰਬੀ ਰਾਜਾਂ ਦੀ ਤਰਜ਼ 'ਤੇ ਐਮਪੀਐਫ਼ ਤਹਿਤ ਪੰਜਾਬ ਨੂੰ ਏ ਸ਼੍ਰੇਣੀ ਸੂਬੇ ਦਾ ਦਰਜਾ ਦੇ ਕੇ 90:10 ਕੇਂਦਰ-ਸੂਬਾ ਹਿੱਸੇਦਾਰੀ ਦੇ ਆਧਾਰ 'ਤੇ ਵਿੱਤੀ ਮਦਦ ਦਿਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਪੰਜਾਬ ਨੂੰ ਦਰਪੇਸ਼ ਲੁਕਵੀਂ ਜੰਗ, ਅਤਿਵਾਦ ਪਾਰਲੇ ਅਤਿਵਾਦ ਅਤੇ ਨਸ਼ਿਆਂ/ ਹਥਿਆਰਾਂ/ਧਮਾਕਾਖੇਜ਼ ਸਮੱਗਰੀ ਦੇ ਵਹਿਣ ਵਰਗੀਆਂ ਕਾਨੂੰਨੀ ਵਿਵਸਥਾਵਾਂ ਸਬੰਧੀ ਚੁਨੌਤੀਆਂ ਲਈ ਸੂਬੇ ਦੀ ਵਿਸ਼ੇਸ਼ ਬਰਾਂਚ ਦੀ ਮਜ਼ਬੂਤੀ ਲਈ ਐਮਪੀਐਫ਼ ਸਕੀਮ ਤਹਿਤ ਸੂਬੇ ਨੂੰ ਵਾਧੂ ਫ਼ੰਡ ਦਿਤੇ ਜਾਣ ਦੀ ਮੰਗ ਵੀ ਰੱਖੀ।