ਚੰਡੀਗੜ੍ਹ ਵਿਚ ਸੰਵੇਦਨਸ਼ੀਲ ਬੂਥਾਂ ਦੀ ਗਿਣਤੀ ਹੋਰ ਵਧੇਗੀ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

10 ਹੋਰ ਵਾਧੂ ਕੰਪਨੀਆਂ ਦੀ ਭੇਜੀ ਗਈ ਡਿਮਾਂਡ

Chandigarh the number of sensitive booths will increase

ਚੰਡੀਗੜ੍ਹ: ਚੰਡੀਗੜ੍ਹ ਵਿਚ ਪੋਲਿੰਗ ਬੂਥਾਂ ਦੀ ਗਿਣਤੀ ਹੋਰ ਵਧੇਗੀ। ਚੋਣ ਵਿਭਾਗ ਨੇ ਸਰਵੇ ਤੋਂ ਬਾਅਦ ਕੁਝ ਹੋਰ ਬੂਥਾਂ ਨੂੰ ਸੰਵੇਦਨਸ਼ੀਲ ਬੂਥ ਬਣਾਉਣ ਦਾ ਫੈਸਲਾ ਲਿਆ ਹੈ। ਅਜਿਹਾ ਹੋਣ ਤੋਂ ਬਾਅਦ ਚੰਡੀਗੜ੍ਹ ਵਿਚ ਸੰਵੇਦਨਸ਼ੀਲ ਬੂਥ ਲਗਭਗ 50 ਫ਼ੀਸਦੀ ਹੋ ਜਾਣਗੇ। ਚੰਡੀਗੜ੍ਹ ਵਿਚ ਕੁੱਲ 597 ਬੂਥ ਹਨ। ਜਿਹਨਾਂ ਵਿਚੋਂ 212 ਬੂਥ ਹੁਣ ਸੰਵੇਦਨਸ਼ੀਲ ਸ਼੍ਰੈਣੀ ਵਿਚ ਹਨ। ਇਹਨਾਂ ਦੀ ਗਿਣਤੀ ਵਧ ਕੇ 225 ਤਕ ਹੋ ਸਕਦੀ ਹੈ। ਚੋਣ ਵਿਭਾਗ ਸਾਰੇ ਬੂਥਾਂ ਦਾ ਬਰੀਕੀ ਨਾਲ ਸਰਵੇ ਕਰਵਾ ਰਿਹਾ ਹੈ।

ਇਸ ਤੋਂ ਬਾਅਦ ਇਹ ਤੈਅ ਕੀਤਾ ਜਾਵੇਗਾ ਕਿ ਹੋਰ ਕਿਹੜੇ ਬੂਥ ਸੰਵੇਦਨਸ਼ੀਲ ਹੋਣਗੇ। ਸੰਵੇਦਨਸ਼ੀਲ ਬੂਥਾਂ ਦੀ ਗਿਣਤੀ ਵਧਦੀ ਹੋਈ ਵੇਖ ਕੇ ਪੁਲਿਸ ਨਾਲ ਖਾਸ ਫੋਰਸ ਦੀ ਗਿਣਤੀ ਵੀ ਵਧੇਗੀ। ਚੋਣ ਵਿਭਾਗ ਨੇ 10 ਹੋਰ ਕੰਪਨੀਆਂ ਭੇਜਣ ਦੀ ਮੰਗ ਚੋਣ ਕਮਿਸ਼ਨਰ ਨੂੰ ਕੀਤੀ ਹੈ। ਹੁਣ ਚੰਡੀਗੜ੍ਹ ਨੂੰ ਸੀਆਰਪੀਐਫ ਦੀ ਇੱਕ ਕੰਪਨੀ ਮਿਲੀ ਹੈ। ਇੱਥੇ ਪੁਲਿਸ ਨਾਲ ਵਾਧੂ ਸਪੈਸ਼ਲ ਫੋਰਸ ਨੂੰ ਤੈਨਾਤ ਕਰਨਾ ਹੁੰਦਾ ਹੈ। ਸੰਵੇਦਨਸ਼ੀਲ ਬੂਥ 'ਤੇ ਵਾਧੂ ਸੁਰੱਖਿਆ ਦੀ ਜ਼ਰੂਰਤ ਰਹਿੰਦੀ ਹੈ।

ਸਾਰੇ ਬੂਥਾਂ ਅਤੇ ਪੂਰੀ ਚੋਣ ਪ੍ਰਕਿਰਿਆ ਵਿਚ ਲਗਭਗ 4 ਹਜ਼ਾਰ ਕਰਮਚਾਰੀ ਲਗਾਏ ਗਏ ਹਨ। ਚੰਡੀਗੜ੍ਹ ਵਿਚ ਸੱਤਵੇਂ ਪੜਾਅ ਵਿਚ 19 ਮਈ ਨੂੰ ਵੋਟਿੰਗ ਹੋਵੇਗੀ। ਚੰਡੀਗੜ੍ਹ ਵਿਚ 6 ਲੱਖ 20 ਹਜ਼ਾਰ ਵੋਟਾਂ ਹਨ। ਵੋਟਿੰਗ ਸ਼ਾਂਤੀਪੂਰਣ ਢੰਗ ਨਾਲ ਕਰਾਉਣ ਲਈ ਪ੍ਰਸ਼ਾਸ਼ਨ ਨੇ ਪਹਿਲੀ ਵਾਰ ਪੂਰੇ ਸ਼ਹਿਰ ਨੂੰ 75 ਸੈਕਟਰਾਂ ਵਿਚ ਵੰਡਿਆ ਹੈ। ਹਰ ਸੈਕਟਰ 'ਤੇ ਇੱਕ ਕੋ-ਆਡੀਨੇਟਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ।

ਕੋ-ਆਡੀਨੇਟਿੰਗ ਅਫ਼ਸਰ ਨੂੰ ਉਸ ਸੈਕਟਰ ਦੇ ਹੋਰ ਅਧਿਕਾਰੀ ਰਿਪੋਰਟ ਕਰਨਗੇ। ਚੋਣਾਂ ਦੀਆਂ ਸਾਰੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਚੀਫ ਇਲੈਕਟੋਰਲ ਅਫ਼ਸਰ ਏਕੇ ਸਿਨਹਾ ਨੇ 9 ਫਲਾਇੰਗ ਸਕਵਾਇਡ ਦਾ ਗਠਨ ਕੀਤਾ ਹੈ। ਇਹ ਟੀਮਾਂ ਪੋਲਿੰਗ ਬੂਥਾਂ 'ਤੇ ਨਿਗਰਾਨੀ ਰੱਖਣਗੇ। ਇਸ ਵਾਸਤੇ ਇੱਕ ਇੰਫੋਸਰਮੈਂਟ ਅਫ਼ਸਰ ਲਗਾਇਆ ਗਿਆ ਹੈ। ਇਸ ਵਿਚ ਇੱਕ-ਇੱਕ ਟੀਮ ਵਿਚ 7 ਮੈਂਬਰ ਹਨ ਜਿਸ ਵਿਚ ਇੱਕ ਐਗਜ਼ੀਕਿਉਟਿਵ ਮਜਿਸਟ੍ਰੇਟ, ਇੱਕ ਪੋਲਿੰਗ ਅਫ਼ਸਰ ਸਮੇਤ ਹੋਰ ਅਧਿਕਾਰੀ ਵੀ ਸ਼ਾਮਲ ਹਨ।