ਫ਼ਰੀਦਕੋਟ ਦਾ ਪਹਿਲਾਂ ਕੋਰੋਨਾ ਪਾਜ਼ੇਟਿਵ ਤੰਦਰੁਸਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਕੀਤਾ ਧਨਵਾਦ

file photo

ਫ਼ਰੀਦਕੋਟ, 18 ਅਪ੍ਰੈਲ (ਗੁਰਿੰਦਰ ਸਿੰਘ/ਲਖਵਿੰਦਰ ਹਾਲੀ): ਫ਼ਰੀਦਕੋਟ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਇਥੋਂ ਦੇ ਹਰਿੰਦਰਾ ਨਗਰ ਨਿਵਾਸੀ ਆਨੰਦ ਗੋਇਲ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦੀ ਵਿਸ਼ੇਸ਼ ਕੋਰੋਨਾ ਵਾਰਡ ’ਚੋਂ ਇਲਾਜ ਉਪਰੰਤ ਅੱਜ ਛੁੱਟੀ ਮਿਲ ਗਈ ਹੈ। ਜ਼ਿਕਰਯੋਗ ਹੈ ਕਿ 2 ਅਪ੍ਰੈਲ ਨੂੰ ਆਨੰਦ ਗੋਇਲ ਦੇ ਕੋਰੋਨਾ ਪਾਜ਼ੇਟਿਵ ਹੋਣ ਬਾਰੇ ਪਤਾ ਲੱਗਾ ਸੀ ਜਿਸ ਨੂੰ ਤੁਰਤ ਹੀ ਸਿਹਤ ਵਿਭਾਗ ਦੀ ਆਰਆਰਟੀ ਟੀਮ ਵਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ।

ਜਿੱਥੇ ਕਾਲਜ ਦੇ ਡਾਕਟਰਾਂ ਵਲੋਂ ਉਸ ਦੀ ਲਗਾਤਾਰ ਨਿਗਰਾਨੀ ਰੱਖੀ ਗਈ ਅਤੇ ਉਸ ਦਾ ਇਲਾਜ ਕੀਤਾ ਗਿਆ ਅਤੇ ਆਨੰਦ ਗੋਇਲ ਦੀ ਹਾਲਤ ’ਚ ਦਿਨੋਂ ਦਿਨ ਇਲਾਜ ਨਾਲ ਸੁਧਾਰ ਹੁੰਦਾ ਗਿਆ। ਇਲਾਜ ਉਪਰੰਤ ਸਿਹਤ ਵਿਭਾਗ ਵਲੋਂ ਉਸ ਦੇ ਦੋ ਟੈਸਟ ਕਰਵਾਏ ਗਏ ਅਤੇ ਦੋਵੇਂ ਹੀ ਟੈਸਟ ਨੈਗੇਟਿਵ ਪਾਏ ਗਏ, ਜਿਸ ਉਪਰੰਤ ਉਸ ਦੀ ਸਿਹਤ ਨੂੰ ਵੇਖਦਿਆਂ ਚੈਕਿੰਗ ਉਪਰੰਤ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵੀਸੀ ਡਾ. ਰਾਜ ਬਹਾਦੁਰ ਅਤੇ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਦੀ ਹਾਜ਼ਰੀ ’ਚ ਉਸ ਨੂੰ ਛੁੱਟੀ ਦੇ ਦਿਤੀ ਗਈ।

ਦੂਜੇ ਪਾਸੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਫ਼ਰੀਦਕੋਟ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਆਨੰਦ ਗੋਇਲ ਦੇ ਤੰਦਰੁਸਤ ਹੋਣ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਉਸ ਨੂੰ ਮੁਬਾਰਕਬਾਦ ਦੇਣ ਉਪਰੰਤ ਉਨ੍ਹਾਂ ਇਸ ਉਪਰਾਲੇ ਲਈ ਸਿਹਤ ਵਿਭਾਗ, ਬਾਬਾ ਫ਼ਰੀਦ ਯੂਨੀਵਰਸਿਟੀ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਸਮੂਹ ਮੈਡੀਕਲ ਸਟਾਫ਼, ਸਿਹਤ ਕਰਮੀਆਂ ਦਾ ਧਨਵਾਦ ਵੀ ਕੀਤਾ। 

ਇਸ ਮੌਕੇ ਆਨੰਦ ਗੋਇਲ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ, ਬਾਬਾ ਫ਼ਰੀਦ ਯੂਨੀਵਰਸਿਟੀ ਦੇ ਅਧਿਕਾਰੀਆਂ ਤੇ ਸਿਹਤ ਵਿਭਾਗ ਦੇ ਸਮੂਹ ਧਿਰਾਂ ਦਾ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਉਸ ਦਾ ਬਹੁਤ ਵਧੀਆ ਇਲਾਜ ਕੀਤਾ। ਜ਼ਿਕਰਯੋਗ ਹੈ ਕਿ ਆਨੰਦ ਗੋਇਲ ਦੀ ਪਤਨੀ ਅਤੇ ਉਸ ਦੇ ਨਵਜੰਮੇ ਬੱਚੇ ਦੀ ਰਿਪੋਰਟ ਵੀ ਨੈਗੇਟਿਵ ਹੈ, ਉਨ੍ਹਾਂ ਨੂੰ ਵੀ ਕਲ ਹਸਪਤਾਲ ਤੋਂ ਛੁੱਟੀ ਦੇਣ ਮੌਕੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਤ ਕੀਤਾ ਗਿਆ ਸੀ।