ਨਵਾਂ ਗਰਾਊਂ ਵਿਚ ਸਾਮਹਣੇ ਆਏ ਮਰੀਜ਼ ਦੇ ਪਰਵਾਰ ਦੇ ਚਾਰ ਮੈਂਬਰਾਂ ਨੂੰ ਆਈਸੋਲੇਸ਼ਨ ਸੈਂਟਰ ਵਿਚ ਭੇਜਿਆ
ਨਵਾਂ ਗਰਾਊਂ ਵਿਚ ਬੀਤੇ ਕਲ ਕੋਰੋਨਾ ਵਾਇਰਸ ਦਾ ਇਕ ਪਾਜ਼ੇਟਿਵ ਮਰੀਜ਼ ਸਾਮਹਣੇ ਆਉਣ ਤੋਂ ਬਾਅਦ ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਨਵਾਂ ਗਰਾਊਂ ਜਾ
ਐਸ ਏ ਐਸ ਨਗਰ, 18 ਅਪ੍ਰੈਲ (ਸੁਖਦੀਪ ਸਿੰਘ ਸੋਈ ): ਨਵਾਂ ਗਰਾਊਂ ਵਿਚ ਬੀਤੇ ਕਲ ਕੋਰੋਨਾ ਵਾਇਰਸ ਦਾ ਇਕ ਪਾਜ਼ੇਟਿਵ ਮਰੀਜ਼ ਸਾਮਹਣੇ ਆਉਣ ਤੋਂ ਬਾਅਦ ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਨਵਾਂ ਗਰਾਊਂ ਜਾ ਕੇ ਸਰਵੇ ਕੀਤਾ ਗਿਆ ਅਤੇ ਮਰੀਜ਼ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਕਆਰੰਟੀਨ ਕੀਤਾ ਗਿਆ। ਇਸ ਦੌਰਾਨ ਐਸ ਐਮ ਉ ਘੜੂੰਆ ਡਾ. ਕੁਲਜੀਤ ਕੌਰ ਅਤੇ ਕੋਵਿਡ 19 ਬਾਰੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਦੇ ਨਾਲ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਨਵਾਂ ਗਰਾਊ ਵਿਚ ਜਾ ਕੇ ਕੋਰੋਨਾ ਪਾਜ਼ੇਟਿਵ ਆਏ ਮਰੀਜ਼ ਸੁਨੀਲ ਕੁਮਾਰ ਦੀ ਰਿਹਾਇਸ਼ ਅਤੇ ਆਸ ਪਾਸ ਦੇ ਇਲਾਕੇ ਦੀ ਜਾਂਚ ਕੀਤੀ ਗਈ
ਜਿਸ ਦੌਰਾਨ 27 ਪਰਵਾਰਾਂ ਦੇ 70 ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਹੀ ਕੁਆਰੰਟੀਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੁਨੀਲ ਕੁਮਾਰ ਦੇ ਚਾਰ ਪਰਵਾਰਕ ਮੈਂਬਰਾਂ ਨੂੰ ਸੈਕਟਰ 66 ਵਿਚਲੇ ਆਈਸੋਲੇਸ਼ਨ ਸੈਂਟਰ ਵਿਚ ਆਈਸੋਲੇਟ ਕੀਤਾ ਗਿਆ ਹੈ। ਹੈਲਥ ਇੰਸਪੈਕਟਰ ਸ੍ਰੀ ਦਿਨੇਸ਼ ਚੌਧਰੀ ਨੇ ਦਸਿਆ ਕਿ ਟੀਮ ਨੇ ਮੌਕੇ ਉਤੇ ਪਹੁੰਚ ਕੇ ਵੇਖਿਆ ਕਿ ਜਿਸ ਮਕਾਨ ਵਿਚ ਸੁਨੀਲ ਕੁਮਾਰ ਦੀ ਰਿਹਾਇਸ਼ ਸੀ ਉੱਥੇ ਇਕੋ ਮਕਾਨ ਵਿਚ ਵੱਖ ਵੱਖ ਕਮਰਿਆਂ ਵਿਚ ਕੁਲ 27 ਪਰਵਾਰ ਰਹਿੰਦੇ ਹਨ ਅਤੇ ਇਨ੍ਹਾਂ ਪਰਵਾਰਾਂ ਦੇ 70 ਦੇ ਕਰੀਬ ਵਿਅਕਤੀਆਂ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਹੈ।
ਉਨ੍ਹਾਂ ਦਸਿਆ ਕਿ ਸਿਹਤ ਵਿਭਾਗ ਦੀ ਜਾਣਕਾਰੀ ਵਿਚ ਆਇਆ ਹੈ ਕਿ ਕੁਲ 13 ਵਿਅਕਤੀ ਸੁਨੀਲ ਕੁਮਾਰ ਦੇ ਸੰਪਰਕ ਵਿਚ ਸਨ ਜਿਨ੍ਹਾਂ ਵਿਚੋਂ ਚਾਰ ਉਸ ਦੇ ਪਰਵਾਰਕ ਮੈਂਬਰ ਹਨ ਜਦੋਂਕਿ ਬਾਕੀ ਨਾਲ ਲੱਗਦੇ ਪੜੌਸੀ ਹਨ। ਉਨ੍ਹਾਂ ਦਸਿਆ ਕਿ ਇਸ ਦੌਰਾਨ ਸਿਹਤ ਵਿਭਾਗ ਦੀਆਂ ਪੰਜ ਟੀਮਾਂ ਨੇ ਨਵਾਂ ਗਰਾਊਂ ਖੇਤਰ ਦੇ ਕੁੱਲ 611 ਮਕਾਨਾਂ ਦਾ ਸਰਵੇਖਣ ਕੀਤਾ ਅਤੇ ਇਸ ਦੌਰਾਨ 2523 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ।
ਉਨ੍ਹਾਂ ਦਸਿਆ ਕਿ ਸਿਹਤ ਵਿਭਾਗ ਦੀ ਟੀਮ ਵਿਚ ਡਾ. ਸੰਜੈ ਤੋਂ ਇਲਾਵਾ ਸ੍ਰ. ਗੁਰਬਿੰਦਰ ਜੀਤ ਸਿੰਘ ਅਤੇ ਸ੍ਰ. ਜਸਪਾਲ ਸਿੰਘ (ਦੋਵੇਂ ਹੈਲਥ ਇੰਸਪੈਕਟਰ) ਸ਼ਾਮਿਲ ਸਨ? ਇੱਥੇ ਜ਼ਿਕਰਯੋਗ ਹੈ ਕਿ ਪੀ ਜੀ ਆਈ ਚੰਡੀਗੜ੍ਹ ਵਿਚ ਦਰਜ ਚਾਰ ਕਰਮਚਾਰੀ ਸੁਨੀਲ ਕੁਮਾਰ ਦੀ ਕੋਰੋਨਾ ਵਾਇਰਸ ਦੀ ਰੀਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਦਾ ਪੀ ਜੀ ਆਈ ਚੰਡੀਗੜ੍ਹ ਵਿਚ ਇਲਾਜ ਚਲ ਰਿਹਾ ਹੈ।