ਮਹਿਲਾ ਕਮਿਸ਼ਨ ਦੇ ਚੇਅਰਪੈਰਸਨ ਨੇ ਖ਼ੁਦ ਮੌਕੇ ਉਤੇ ਜਾ ਕੇ ਦਿਵਾਇਆ ਵਿਆਹੁਤਾ ਨੂੰ ਇਨਸਾਫ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੂੰ ਕੇਸ ਦੀ ਜਾਂਚ ਕਰਨ ਲਈ ਦਿਤਾ 5 

File Photo

ਅੰਮ੍ਰਿਤਸਰ, 18 ਅਪ੍ਰੈਲ (ਅਰਵਿੰਦਰ ਵੜੈਚ): ਸਰਹੱਦੀ ਖੇਤਰ ਅਜਨਾਲਾ ਦੇ ਪਿੰਡ ਬੋਲੀਆ ਤੋਂ ਆਏ ਇਕ ਫ਼ੋਨ ਉਤੇ ਕੀਤੀ ਮਹਿਲਾ ਦੀ ਸ਼ਿਕਾਇਤ ਉਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਮੈਨ ਮਨੀਸ਼ਾ ਗੁਲਾਟੀ ਪੁਲਿਸ ਅਧਿਕਾਰੀਆਂ ਨਾਲ ਮੌਕੇ ਉਤੇ ਪੁੱਜੇ ਅਤੇ ਪੀੜਤ ਮਹਿਲਾ ਨੂੰ ਇਨਸਾਫ਼ ਦਿਵਾਉਂਦੇ ਹੋਏ ਸੁਹਰੇ ਪਰਵਾਰ ਵਲੋਂ ਖੋਹੇ ਗਏ ਉਸ ਦੇ ਬੱਚੇ ਮਾਂ ਦੇ ਹਵਾਲੇ ਕਰਵਾਏ। ਗੁਲਾਟੀ ਨੇ ਦਸਿਆ ਕਿ ਫ਼ੋਨ ਕਰਨ ਵਾਲੀ ਮਹਿਲਾ ਨੇ ਮੈਨੂੰ ਦਸਿਆ ਕਿ ਮੇਰੇ ਡੇਢ ਮਹੀਨੇ ਅਤੇ ਡੇਢ ਸਾਲ ਦੇ ਦੋ ਬੱਚੇ ਸੁਹਰੇ ਪਰਵਾਰ ਨੇ ਮੇਰੇ ਕੋਲੋਂ ਖੋਹ ਲਏ ਹਨ ਅਤੇ ਮੈਨੂੰ ਕੁੱਟ ਕੇ ਘਰੋਂ ਕੱਢ ਦਿਤਾ ਹੈ। 

ਸ਼ਿਕਾਇਤ ਸੁਣਨ ਮਗਰੋਂ ਚੇਅਰਪੈਰਸਨ ਨੇ ਆਈ. ਜੀ. ਬਾਰਡਰ ਰੇਂਜ ਐਸ ਪੀ ਐਸ ਪਰਮਾਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਸੀ ਵਿਕਰਮ ਦੁੱਗਲ ਨਾਲ ਫ਼ੋਨ ਉਤੇ ਗੱਲਬਾਤ ਕੀਤੀ। ਉਨਾਂ ਨੇ ਡੀ ਐਸ ਪੀ ਰੈਂਕ ਦੇ ਇਕ ਅਧਿਕਾਰੀ ਦੀ ਡਿਊਟੀ ਲਗਾਈ ਤੇ ਅੱਜ ਸਵੇਰੇ ਮਹਿਲਾ ਕਮਿਸ਼ਨ ਦੇ ਚੇਅਰਪੈਰਸਨ ਪੁਲਿਸ ਫ਼ੋਰਸ ਨਾਲ ਮੌਕੇ ਉਤੇ ਪੁੱਜੇ। ਉਥੇ ਜਾ ਕੇ ਉਨ੍ਹਾਂ ਪੀੜਤ ਅਤੇ ਉਸਦੇ ਸੁਹਰੇ ਪਰਵਾਰ ਅਤੇ ਗੁਆਂਢੀਆਂ ਤੋਂ ਬਿਆਨ ਸੁਣੇ, ਜਿਸ ਵਿਚ ਸੁਹਰੇ ਪਰਿਵਾਰ ਨੇ ਇਸ ਨੂੰ ਦਰਾਣੀ ਤੇ ਜਠਾਣੀ ਦਾ ਝਗੜਾ ਦਸਿਆ, ਪਰ ਗੁਆਂਢੀਆਂ ਨੇ ਮਹਿਲਾ ਨੂੰ ਕੁੱਟਣ ਦੇ ਦੋਸ਼ਾਂ ਨੂੰ ਸੱਚਾ ਦਸਿਆ। ਗੁਲਾਟੀ ਨੇ ਪੁਲਿਸ ਦੀ ਹਾਜ਼ਰੀ ਵਿਚ ਦੋਵੇਂ ਬੱਚੇ ਪੀੜਤ ਮਹਿਲਾ ਦੇ ਹਵਾਲੇ ਕਰਕੇ ਪੁਲਿਸ ਨੂੰ ਉਕਤ ਕੇਸ ਦੀ ਜਾਂਚ ਲਈ 5 ਦਿਨ ਦਾ ਸਮਾਂ ਦਿੰਦੇ ਹਦਾਇਤ ਕੀਤੀ ਕਿ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ, ਉਸ ਵਿਰੁਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।