ਰਾਸ਼ਨ ਦੀ ਕਾਣੀ ਵੰਡ ਨੂੰ ਲੈ ਕੇ ਸਿਆਸੀ ਜੰਗ ਭਖੀ
ਬਠਿੰਡਾ ’ਚ ਰਾਸ਼ਨ ਦੀ ਕਥਿਤ ਕਾਣੀ ਵੰਡ ਨੂੰ ਲੈ ਕੇ ਅਕਾਲੀਆਂ ਤੇ ਕਾਂਗਰਸੀਆਂ ’ਚ ਜਾਰੀ ਸਿਆਸੀ ਜੰਗ ਹੋਰ ਵਧ ਗਈ ਹੈ। ਬੀਤੀ ਸ਼ਾਮ ਸਾਬਕਾ ਅਕਾਲੀ ਵਿਧਾਇਕ
ਬਠਿੰਡਾ, 18 ਅਪ੍ਰੈਲ (ਸੁਖਜਿੰਦਰ ਮਾਨ) : ਬਠਿੰਡਾ ’ਚ ਰਾਸ਼ਨ ਦੀ ਕਥਿਤ ਕਾਣੀ ਵੰਡ ਨੂੰ ਲੈ ਕੇ ਅਕਾਲੀਆਂ ਤੇ ਕਾਂਗਰਸੀਆਂ ’ਚ ਜਾਰੀ ਸਿਆਸੀ ਜੰਗ ਹੋਰ ਵਧ ਗਈ ਹੈ। ਬੀਤੀ ਸ਼ਾਮ ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ ਵਲੋਂ ਇਕ ਸਾਬਕਾ ਕਾਂਗਰਸੀ ਕੋਂਸਲਰ ਦੇ ਘਰ ਵੰਡੀਆਂ ਜਾ ਰਹੀਆਂ ਰਾਸਨ ਕਿੱਟਾਂ ਦਾ ਸਟਿੰਗ ਅਪਰੇਸ਼ਨ ਕਰ ਕੇ ਵਿਤ ਮੰਤਰੀ ਨੂੰ ਕਟਿਹਰੇ ਵਿਚ ਖੜਾ ਕੀਤਾ ਹੈ। ਇਸ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਅਪਣੇ ਆਗੂ ਦੀ ਪਿੱਠ ਥਾਪੜਦਿਆਂ ਡਿਪਟੀ ਕਮਿਸ਼ਨਰ ਨੂੰ ਫ਼ੋਨ ਕਰ ਕੇ ਤੁਰਤ ਅਜਿਹੀ ਕਾਰਵਾਈ ਰੋਕਣ ਲਈ ਕਿਹਾ ਹੈ।
ਦੂਜੇ ਪਾਸੇ ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਵੀ ਅੱਜ ਫ਼ੇਸਬੁੱਕ ’ਤੇ ਲਾਈਵ ਹੋ ਕੇ ਸਾਬਕਾ ਅਕਾਲੀ ਵਿਧਾਇਕ ’ਤੇ ਕੋਰੋਨਾ ਮਹਾਮਾਰੀ ਦੌਰਾਨ ਸਿਆਸਤ ਕਰਨ ਦਾ ਦੋਸ਼ ਲਗਾਇਆ ਹੈ। ਦਸਣਾ ਬਣਦਾ ਹੈ ਕਿ ਸੂਬੇ ਦੇ ਬਾਕੀ ਖੇਤਰਾਂ ਦੇ ਮੁਕਾਬਲੇ ਬਠਿੰਡਾ ’ਚ ਅਕਾਲੀ ਤੇ ਕਾਂਗਰਸੀ ਲਗਾਤਾਰ ਮੇਹਣੋ-ਮੇਹਣੀ ਹੋ ਰਹੇ ਹਨ। ਇਸ ਦੀ ਸ਼ੁਰੂਆਤ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਉਸ ਬਿਆਨ ਤੋਂ ਬਾਅਦ ਹੋਈ ਹੈ, ਜਿਸ ਵਿਚ ਉਸ ਨੇ ਕੇਂਦਰ ਵਲੋਂ ਪੰਜਾਬ ਨੂੰ ਕੋਰੋਨਾ ਮਹਾਮਾਰੀ ਨਾਲ ਲੜਨ ਲਈ 885 ਕਰੋੜ ਰੁਪਏ ਦੀ ਵਿਤੀ ਸਹਾਇਤਾ ਦੇਣ ਦਾ ਦਾਅਵਾ ਕੀਤਾ ਹੈ।
ਹਾਲਾਂਕਿ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰੀ ਮੰਤਰੀ ਦੇ ਇਸ ਬਿਆਨ ਨੂੰ ਰੱਦ ਕਰਦਿਆਂ ਹਾਲੇ ਤਕ ਕੇਂਦਰ ਵਲੋਂ ਕੋਈ ਵਿਤੀ ਸਹਾਇਤਾ ਨਾ ਆਉਣ ਦਾ ਦਾਅਵਾ ਕੀਤਾ ਹੈ। ਬੀਤੇ ਕੱਲ ਪਹਿਲੀ ਵਾਰ ਬਠਿੰਡਾ ਪੁੱਜੀ ਬੀਬੀ ਬਾਦਲ ਨੇ ਮੋਦੀ ਸਰਕਾਰ ਵਲੋਂ ਪੰਜਾਬ ਦੇ ਡੇਢ ਕਰੋੜ ਲੋਕਾਂ ਲਈ ਪ੍ਰਤੀ ਮੈਂਬਰ 5 ਕਿਲੋ ਆਟਾ ਤੇ 1 ਕਿਲੋ ਦਾਲ ਭੇਜਣ ਦਾ ਦਾਅਵਾ ਕੀਤਾ ਸੀ। ਜਿਸ ਤੋਂ ਬਾਅਦ ਬੀਤੀ ਸ਼ਾਮ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਇਕ ਵੀਡੀਉ ਸਟਿੰਗ ਅਪਰੇਸ਼ਨ ਰਾਹੀ ਸਾਬਕਾ ਕਾਂਗਰਸੀ ਕੋਂਸਲਰ ਬਲਜੀਤ ਸਿੰਘ ਰਾਜੂ ਸਰਾਂ ਦੇ ਘਰ ਨਗਰ ਨਿਗਮ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਬੈਠ ਕੇ ਅਪਣੇ ਚਹੇਤਿਆਂ ਨੂੰ ਰਾਸ਼ਨ ਵੰਡਣ ਦਾ ਦੋਸ਼ ਲਗਾਇਆ ਸੀ।
ਸ੍ਰੀ ਸਿੰਗਲਾ ਨੇ ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਨੂੰ ਭੇਜੀ ਸ਼ਿਕਾਇਤ ਵਿਚ ਮਾਮਲੇ ਦੀ ਪੜਤਾਲ ਕਰਨ ਦੀ ਮੰਗ ਕਰਦਿਆਂ ਦਾਅਵਾ ਕੀਤਾ ਹੈ ਕਿ ਪ੍ਰਸ਼ਾਸਨਿਕ ਮਸ਼ੀਨਰੀ ਦੁਆਰਾ ਕੇਂਦਰ ਤੋਂ ਲੋੜਵੰਦ ਲੋਕਾਂ ਲਈ ਆਏ ਰਾਸ਼ਨ ਨੂੰ ਸਿਆਸੀ ਲਾਹਾ ਲੈਣ ਲਈ ਅਪਣੇ ਹਿਸਾਬ ਨਾਲ ਵੰਡਿਆ ਜਾ ਰਿਹਾ। ਜਦਕਿ ਅੱਜ ਸ੍ਰੀ ਸਿੰਗਲਾ ਦੇ ਅਪਰੇਸ਼ਨ ਨੂੰ ਰੱਦ ਕਰਦਿਆਂ ਜੈਜੀਤ ਸਿੰਘ ਜੌਹਲ ਨੇ ਦਾਅਵਾ ਕੀਤਾ ਹੈ ਕਿ ਇਹ ਰਾਸ਼ਨ ਕੇਂਦਰ ਵਲੋਂ ਭੇਜਿਆ ਹੋਇਆ ਨਹੀਂ ਸੀ ਤੇ ਨਾ ਹੀ ਉਕਤ ਕੌਂਸਲਰ ਦੇ ਘਰ ਵਿਚ ਵੰਡਿਆ ਜਾ ਰਿਹਾ ਸੀ।
ਬਲਕਿ ਸਰਕਾਰੀ ਅਧਿਕਾਰੀਆਂ ਦੀ ਟੀਮ ਵਲੋਂ ਉਕਤ ਇਲਾਕੇ ’ਚ ਖਾਲੀ ਪਏ ਪਲਾਟ ’ਚ ਲੋੜਵੰਦਾਂ ਤਕ ਇਹ ਰਾਸ਼ਨ ਕਿੱਟਾਂ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਉਨ੍ਹਾਂ ਸਾਬਕਾ ਅਕਾਲੀ ਵਿਧਾਇਕ ਨੂੰ ਇਸ ਮੁੱਦੇ ’ਤੇ ਸਿਆਸਤ ਨਾ ਕਰਨ ਦੀ ਅਪੀਲ ਕਰਦਿਆਂ ਇਹ ਵੀ ਚੁਣੌਤੀ ਦਿੱਤੀ ਕਿ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਲੋੜਵੰਦਾਂ ਦੀਆਂ ਸੂਚੀਆਂ ਲੈ ਕੇ ਇਸ ਗੱਲ ਦੀ ਤਸਦੀਕ ਕਰਨ ਕਿ ਇਕ ਵੀ ਵਿਅਕਤੀ ਨੂੰ ਗਲਤ ਰਾਸ਼ਨ ਦਿਤਾ ਗਿਆ ਹੈ। ਬਹਰਹਾਲ ਆਉਣ ਵਾਲੇ ਦਿਨਾਂ ’ਚ ਇਸ ਮੁੱਦੇ ਨੂੰ ਲੈ ਕੇ ਇਹ ਮਾਮਲਾ ਹੋਰ ਵਧਣ ਦੀ ਸੰਭਾਵਨਾ ਹੈ।