ਸ੍ਰੀ ਦਰਬਾਰ ਸਾਹਿਬ ’ਚ ਨਾਂਮਾਤਰ ਸੰਗਤ ਦੇ ਆਉਣ ਕਰ ਕੇ ਗੁਰੂ ਘਰ ਦੀ ਗੋਲਕ ਅਸਥਿਰ ਹੋਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਾਂ ਦੀ ਮਹਾਨ ਸੰਸਥਾ ਨੂੰ ਕਰੋੜਾਂ ਦੇ ਫ਼ਜ਼ੂਲ ਖ਼ਰਚੇ ਬੰਦ ਕਰਨੇ ਪੈਣਗੇ ਜੋ ਚਰਚਾ ਦਾ ਵਿਸ਼ਾ ਰਹੇ ਹਨ!

File Photo

ਅੰਮ੍ਰਿਤਸਰ, 18 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ) : ਕੌਮਾਂਤਰੀ ਪ੍ਰਸਿੱਧ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰੀਬ ਲੱਖ ਤੋਂ ਵੱਧ ਸੰਗਤ ਰੋਜ਼ਾਨਾ ਦੇਸ਼ ਵਿਦੇਸ਼ ਤੋਂ ਪੁਜਦੀ ਸੀ ਪਰ ਕੋਰੋਨਾ ਦੀ ਮਹਾਮਾਰੀ ਕਾਰਨ ਦੇਸ਼ ਭਰ ’ਚ ਲੱਗੇ ਕਰਫ਼ਿਊ ਤੇ ਤਾਲਾਬੰਦੀ ਕਾਰਨ ਬਹੁਤ ਘੱਟ ਸ਼ਰਧਾਲੂ ਪੁੱਜ ਰਹੇ ਹਨ। ਸੰਗਤ ਦੀ ਨਾਮਾਤਰ ਹਾਜ਼ਰੀ ਕਾਰਨ ਗੁਰੂ ਦੀ ਗੋਲਕ ਬਹੁਤ ਪ੍ਰਭਾਵਤ ਹੋਈ ਹੈ। ਪੁਲਿਸ ਵਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੇ ਸਮੂਹ ਰਸਤਿਆਂ ਨੂੰ ਸੀਲ ਕੀਤਾ ਹੈ। ਨਾਕਿਆਂ ’ਤੇ ਤਾਇਨਾਤ ਪੁਲਿਸ ਕਰਮਚਾਰੀ ਉਸ ਸ਼ਰਧਾਲੂ ਨੂੰ ਮੱਥਾ ਟੇਕਣ ਜਾਣ ਦਿੰਦੇ ਹਨ ਜਿਨ੍ਹਾਂ ਦਾ ਪਾਸ ਬਣਿਆ ਹੈ। 

ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਸਾਡੇ ਕਰਮਚਾਰੀਆਂ ਨੂੰ ਵੀ ਰੋਕ ਲੈਂਦੀ ਹੈ। ਕਰੋਨਾ ਦੀ ਦਹਿਸ਼ਤ ਅੱਗੇ ਹਰ ਵਰਗ ਝੁਕ ਗਿਆ ਹੈ। ਲੋਕ ਘਰਾਂ ਅੰਦਰ ਤਾੜੇ ਗਏ ਹਨ। ਸਚਖੰਡ ਸ੍ਰੀ ਹਰਿਮੰਦਰ ਸਹਿਬ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਮੂਹ ਗੁਰੂਧਾਮਾਂ ਦੀ ਗੋਲਕ ਤੇ ਅਰਥ ਵਿਵਸਥਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਤ ਹੋ ਗਈ ਹੈ। ਗੁਰੂ ਘਰਾਂ ਦੀ ਗੋਲਕ ’ਚ ਕਰੋੜਾਂ ਰੁਪਿਆ ਸ਼ਰਧਾਲੂ ਭੇਟ ਕਰਦੇ ਸਨ। ਸ਼੍ਰੋਮਣੀ ਕਮੇਟੀ ਗੁਰੂਧਾਮਾਂ ਦੀ ਸੇਵਾ-ਸੰਭਾਲ ਕਰਨ ਦੇ ਨਾਲ-ਨਾਲ ਸਕੂਲਾਂ, ਕਾਲਜਾਂ, ਹਸਪਤਾਲਾਂ ਦਾ ਇੰਤਜ਼ਾਮ ਵੀ ਕਰਦੀ ਹੈ।

ਸਿੱਖਾਂ ਦੀ ਮਿਨੀ ਸੰਸਦ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਬੇਸ਼ੁਮਾਰ ਅਧਿਕਾਰੀ, ਕਰਮਚਾਰੀ ਮੋਟੀਆਂ ਤਨਖ਼ਾਹਾਂ ’ਤੇ ਕੰਮ ਕਰਦੇ ਹਨ। ਵਿਦਿਅਕ ਅਦਾਰਿਆਂ, ਮੈਡੀਕਲ ਕਾਲਜਾਂ, ਹਸਪਤਾਲਾਂ ਦੇ ਕ੍ਰਮਵਾਰ ਪ੍ਰੋਫ਼ੈਸਰਾਂ, ਪ੍ਰਿੰਸੀਪਲ, ਅਧਿਆਪਕ, ਡਾਕਟਰਾਂ ਤੇ ਹੋਰ ਕਰਮਚਾਰੀਆਂ ਦੀਆਂ ਤਨਖ਼ਾਹਾਂ ਦਾ ਬੋਝ ਵੀ ਗੁਰੂ ਦੀ ਗੋਲਕ ਝਲਦੀ ਹੈ। ਗੁਰੂਧਾਮਾਂ ਤੇ ਵੱਖ-ਵੱਖ ਅਦਾਰਿਆਂ ਦੇ ਰੋਜ਼ਾਨਾ ਖਰਚੇ ਵੱਖਰੇ ਹਨ। ਸ਼੍ਰੋਮਣੀ ਕਮੇਟੀ ਕੋਲ ਅਜੇ ਕਾਫ਼ੀ ਪੈਸਾ ਹੈ। ਜੇਕਰ ਕੋਰੋਨਾ ਹੋਰ ਲਮਕ ਗਿਆ ਤਾਂ ਇਸ ਮਹਾਨ ਸੰਸਥਾ ਦੀ ਆਰਥਕ ਹਾਲਤ ਨਿਘਾਰ ਜਾਣ ਦੇ ਖਦਸ਼ੇ ਹਨ। ਸ਼੍ਰੋਮਣੀ ਕਮੇਟੀ ਸਮਾਜਕ ਭਲਾਈ ਲਈ ਵਿਤੀ ਸਹਾਇਤਾ ਹੋਰ ਸੰਸਥਾਵਾਂ ਦੀ ਵੀ ਕਰਦੀ ਹੈ। ਗੁਰੂ ਦੀ ਗੋਲਕ ਨਾਲ ਹੀ ਲੰਗਰ ਘਰਾਂ ’ਚ ਸੰਗਤਾਂ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਹੈ। 

ਮਿਲੇ ਵੇਰਵਿਆਂ ਮੁਤਾਬਕ ਸਿੱਖ ਗੁਰੂ ਦੀ ਗੋਲਕ ਲਈ ਵਿਤੀ ਸਹਾਇਤਾ ਅਪਣੀ ਸਮਰਥਾ ਮੁਤਾਬਕ ਕਰ ਰਹੇ ਹਨ ਤੇ ਕਰੋਨਾ ਦੀ ਸਮਾਪਤੀ ਬਾਅਦ, ਇਸ ਮਹਾਨ ਸੰਸਥਾ ਦੀ ਆਰਥਕ ਹਾਲਤ ਸੁਧਰ ਜਾਵੇਗੀ ਪਰ ਸੱਤਾ ਤੇ ਕਾਬਜਾਂ ਨੂੰ ਫ਼ਜ਼ੂਲ ਖ਼ਰਚੇ ਬੰਦ ਕਰਨੇ ਪੈਣਗੇ, ਜਿਸ ਤਰ੍ਹਾਂ ਕਰੋੜਾਂ ਰੁਪਏ ਦੇ ਘਪਲਿਆਂ ਦੀ ਚਰਚਾ ਹੁੰਦੀ ਰਹੀ ਹੈ। ਸ਼੍ਰੋਮਣੀ ਕਮੇਟੀ ਇਕ ਸਾਬਕਾ ਸਕੱਤਰ ਕਿਹਾ ਕਿ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰਕ ਕਮੇਟੀ ਅਤੇ ਦਰਬਾਰ ਸਾਹਿਬ ਦੇ ਅਧਿਕਾਰੀਆਂ ਨੂੰ ਮੁਲਾਜ਼ਮਾਂ ਅਤੇ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਲਈ ਪੈਸਾ ਬਹੁਤ ਹੈ। ਦਰਬਾਰ ਸਾਹਿਬ ਕੋਲ ਪੁਰਾਣੇ ਫ਼ੰਡ ਕਾਫ਼ੀ ਹਨ ਪਰ ਬਾਕੀ ਗੁਰੂਧਾਮਾਂ ਦੀ ਹਾਲਤ ਮਾੜੀ ਹੈ। ਉਥੋਂ ਦੇ ਸਟਾਫ਼ ਨੂੰ ਤਨਖ਼ਾਹਾਂ ਦੇਣ ’ਚ ਮੁਸ਼ਕਲ ਆ ਸਕਦੀ  ਹੈ।

ਸ਼੍ਰੋਮਣੀ ਕਮੇਟੀ ਨੂੰ ਆਮਦਨ ਕੜਾਹ ਪ੍ਰਸ਼ਾਦ, ਚੜ੍ਹਤ ਤੋਂ ਹੈ। ਲੋਕਾਂ ਦੇ ਕਾਰੋਬਾਰ ਠੱਪ ਹਨ, ਉਨ੍ਹਾਂ ਦੇ ਕੰਮ ਕਾਜ ਚੱਲਣ ਤੇ ਉਹ ਦਸਵੰਧ ਗੁਰੂ ਘਰ ਭੇਟ ਕਰਦੇ ਹਨ। ਵਿਦੇਸ਼ਾਂ, ਭਾਰਤ, ਦਖਣੀ ਭਾਰਤ ਤੋਂ ਸ਼ਰਧਾਲੂ ਵੱਡੀ ਗਿÎਣਤੀ ’ਚ ਹਰਿਮੰਦਰ ਸਾਹਿਬ ਪੁੱਜਦੇ ਸਨ। ਸਥਾਨਕ ਸੰਗਤ ਵੀ ਬਹੁਤ ਆਉਂਦੀ ਸੀ। ਪਰ ਹੁਣ ਸਮੁੱਚੀ ਸੰਗਤ ਦਾ ਆਉਣਾ ਬੰਦ ਹੋ ਗਿਆ ਹੈ, ਜਿਸ ਦਾ ਅਸਰ ਹਰਿਮੰਦਰ ਸਾਹਿਬ ਦੇ ਆਸ ਪਾਸ ਦੁਕਾਨਦਾਰਾਂ ਤੇ ਹੋਰਨਾਂ ਲੋਕਾਂ ਆਟੋ ਤੇ ਰਿਕਸ਼ਾ ਚਾਲਕਾਂ ਤੇ ਪਿਆ ਹੈ। ਵੱਡੀ ਗਿਣਤੀ ’ਚ ਲੋਕਾਂ ਦਾ ਵਪਾਰ ਗੁਰੂ ਘਰ ਨਾਲ ਜੁੜਿਆ ਹੈ।

ਹਾਲਾਤ ਅਜੇ ਸੁਖਾਵੇਂ ਨਹੀਂ ਹੋ ਰਹੇ। ਹਰਿਮੰਦਰ ਸਾਹਿਬ ਤੋਂ ਇਲਾਵਾ ਹੋਰ ਗੁਰਦਵਾਰਿਆਂ ਦੀ ਆਮਦਨ ਨੂੰ ਵੱੜਾ ਫ਼ਰਕ ਪਿਆ ਹੈ ਜੋ ਗੋਲਕ ਦੇ ਆਸਰੇ ਦੀ ਚਲਦੇ ਹਨ। ਇਕ ਅਧਿਕਾਰੀ ਬਾਰੇ ਪਤਾ ਲੱਗਾ ਹੈ ਕਿ ਉਸ ਇਕੱਲੇ ਨੂੰ ਹੀ ਇਕ ਕਰੋੜ ਰੁਪਿਆ ਸਾਲ ਦਾ ਮਿਲਦਾ ਹੈ। ਪਰ ਇਹ ਇਕ ਵੱਡੇ ਪਰਵਾਰ ਦਾ ਚਹੇਤਾ ਹੈ। ਅਜਿਹੇ ਤੇ ਹੋਰ ਲੁੱਟ ਵਾਲੇ ਖਰਚੇ ਬੰਦ ਕਰਨੇ ਪੈਣਗੇ ਜੋ ਵੱਡੀ ਪੱਧਰ ’ਤੇ ਹੁੰਦੇ ਰਹੇ ਹਨ।