ਕਰਤਾਰਪੁਰ ਥਾਣੇ ਵਿੱਚ ਚੋਰੀ ਦੇ ਮਾਮਲੇ 'ਚ ਫੜੇ ਗਏ ਆਰੋਪੀ ਨੇ ਕੀਤੀ ਆਤਮ ਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਵੱਲੋਂ ਡਿਊਟੀ ਅਫ਼ਸਰ ਥਾਣਾ ਮੁਨਸ਼ੀ ਤੇ ਇਕ ਹੋਰ ਮੁਲਜ਼ਮ ਨੂੰ ਕੀਤਾ ਗਿਆ ਸਸਪੈਂਡ

Accused arrested in theft case commits suicide at Kartarpur police station

ਜਲੰਧਰ (ਨਿਸ਼ਾ ਸ਼ਰਮਾ)- ਜਲੰਧਰ ਦਿਹਾਤ ਪੁਲਿਸ ਦੇ ਅੰਦਰ ਪੈਂਦੇ ਥਾਣਾ ਕਰਤਾਰਪੁਰ ਦੇ ਵਿਚ ਇਕ ਚੋਰ ਵੱਲੋਂ ਆਤਮ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ । ਆਤਮ ਹੱਤਿਆ ਕਰਨ ਵਾਲੇ ਨੌਜਵਾਨ ਦੀ ਪਹਿਚਾਣ ਜਤਿੰਦਰ ਸਿੰਘ ਉਰਫ ਟੀਮਾਂ ਪਿੰਡ ਮੁੱਦੋਵਾਲ ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ।

ਨੌਜਵਾਨ ਦੀ  ਉਮਰ 25 ਸਾਲ ਦੱਸੀ ਜਾ ਰਹੀ ਹੈ। ਕਰਤਾਰਪੁਰ ਪੁਲਿਸ ਨੇ ਆਤਮਹੱਤਿਆ ਕਰਨ ਵਾਲੇ ਨੌਜਵਾਨ ਨੂੰ ਚੋਰੀ ਦੇ ਅਰੋਪ ਵਿਚ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਨੂੰ ਕੱਲ੍ਹ ਮਾਣਯੋਗ ਕੋਰਟ 'ਚ ਵੀ ਪੇਸ਼ ਕੀਤਾ ਸੀ। ਜਤਿੰਦਰ ਦੇ ਆਤਮ ਹੱਤਿਆ ਕਰਨ ਮਗਰੋਂ ਉਸ ਦੇ ਪਿੰਡ ਵਾਸੀਆਂ ਵੱਲੋਂ ਥਾਣਾ ਕਰਤਾਰਪੁਰ ਦਾ ਘਿਰਾਓ ਕੀਤਾ ਗਿਆ ਤੇ ਜੰਮ ਕੇ ਪੁਲਿਸ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਕਰਤਾਰਪੁਰ ਦੇ ਡੀਐਸਪੀ ਸੁਖਪਾਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਆਤਮਹੱਤਿਆ ਕਰਨ ਵਾਲੇ ਵਿਅਕਤੀ ਖਿਲਾਫ ਥਾਣਾ ਕਰਤਾਰਪੁਰ  ਵਿਚ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਸਨ। ਕੁਝ ਦਿਨ ਪਹਿਲਾਂ ਦੋ ਵਿਅਕਤੀਆਂ ਨੂੰ ਚੋਰੀ ਦੇ ਅਰੋਪ ਵਿਚ ਗ੍ਰਿਫਤਾਰ ਕੀਤਾ ਸੀ । ਜਿਸ ਦੀ ਜਾਂਚ ਤੋਂ ਬਾਅਦ ਆਤਮ ਹੱਤਿਆ ਕਰਨ ਵਾਲੇ ਵਿਅਕਤੀ ਦਾ ਨਾਮ ਵੀ ਸਾਹਮਣੇ ਆਇਆ ਸੀ।

ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਸੀ ਤੇ ਕੱਲ ਦੇਰ ਰਾਤ ਉਸ ਨੇ ਆਤਮ ਹੱਤਿਆ ਕਰ ਲਈ ਹੈ । ਡੀਐਸਪੀ ਨੇ ਦੱਸਿਆ ਕਿ ਮਾਣਯੋਗ ਜੱਜ ਸਾਹਿਬ ਦੀ ਨਿਗਰਾਨੀ ਵਿੱਚ ਪੋਸਟਮਾਰਟਮ ਕੀਤਾ ਗਿਆ ਹੈ  ਅਤੇ ਜਿਸ ਤਰ੍ਹਾਂ ਦੀ ਰਿਪੋਰਟ ਆਏਗੀ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਪੁਲਿਸ ਵੱਲੋਂ ਡਿਊਟੀ ਅਫ਼ਸਰ ਥਾਣਾ ਮੁਨਸ਼ੀ ਤੇ ਇਕ ਹੋਰ ਮੁਲਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ।