ਫਰੀਦਕੋਟ ਸ਼ਹਿਰ 'ਚ ਲੱਗੇ ਕੂੜੇ ਦੇ ਢੇਰ, ਸ਼ਹਿਰ ਵਾਸੀਆਂ ਦਾ ਜਿਉਣਾ ਹੋਇਆ ਮੁਸ਼ਕਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

''ਬੀਤੇ ਪੰਜ ਦਿਨਾਂ ਤੋਂ ਸ਼ਹਿਰ ਵਿਚੋਂ ਨਹੀਂ ਚੁੱਕਿਆ ਗਿਆ ਕੂੜਾ''

Waste

ਫਰੀਦਕੋਟ ( ਸੁਖਜਿੰਦਰ ਸਹੋਤਾ) ਫਰੀਦਕੋਟ ਸ਼ਹਿਰ ਇਹਨੀਂ ਦਿਨੀ ਪੰਜਾਬ ਦਾ ਸਭ ਤੋਂ ਗੰਦਾ ਸਹਿਰ ਹੋਣ ਦਾ ਖਿਤਾਬ ਲੈਣ ਵੱਲ ਵਧ ਰਿਹਾ ਹੈ। ਸ਼ਹਿਰ ਅੰਦਰ ਹਰ ਚੌਕ ਚੁਰਾਹਾ ਕੂੜੇ ਦੇ ਵੱਡੇ ਵੱਡੇ ਢੇਰਾਂ ਨਾਲ ਭਰਿਆ ਪਿਆ। ਸ਼ਹਿਰ ਵਾਸੀਆਂ ਮੁਤਾਬਿਕ ਸ਼ਹਿਰ ਅੰਦਰ ਬੀਤੇ ਪੰਜ ਦਿਨਾਂ ਤੋਂ ਕੂੜਾ ਨਹੀਂ ਚੁੱਕਿਆ ਗਿਆ।

ਕੂੜੇ ਨੇ ਜਿਥੇ ਡੰਪ ਪੂਰੀ ਤਰ੍ਹਾਂ ਨਾਲ ਭਰੇ ਹੋਏ ਹਨ ਉਥੇ ਸੜਕਾਂ ਤੇ ਉਪਰ ਵੀ ਕੂੜਾ ਨੇ ਜਗ੍ਹਾਂ ਘੇਰਨੀ ਸ਼ੁਰੂ ਕਰ ਦਿੱਤੀ ਹੈ। ਜਿਸ ਕਾਰਨ ਸ਼ਹਿਰ ਦੇ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਕੌਂਸਲ ਫਰੀਦਕੋਟ ਅਤੇ ਜਿਲ੍ਹਾ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ।

ਜਿਥੇ ਸ਼ਹਿਰ ਵਾਸੀਆਂ ਵੱਲੋਂ ਜਲਦ ਕੂੜਾ ਚੁੱਕਣ ਲਈ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਜਾ ਰਹੀ ਹੈ ਉਥੇ ਹੀ ਪ੍ਰਸ਼ਾਸਨਿਕ ਅਧਿਕਾਰੀਆ ਵੱਲੋਂ ਕੂੜਾ ਸੁੱਟਣ ਲਈ ਨਗਰ ਕੌਂਸਲ ਪਾਸ ਥਾਂ ਨਾ ਹੋਣ ਦੀ ਦੁਹਾਈ ਪਾਈ ਜਾ ਰਹੀ ਹੈ ਇਸਦੇ ਨਾਲ ਹੀ ਕੂੜੇ ਦੀ ਇਸ ਸਮੱਸਿਆ ਲਈ ਸ਼ਹਿਰ ਵਾਸੀਆਂ ਨੂੰ ਹੀ ਜਿੰਮੇਵਾਰ ਠਹਿਰਾਇਆ ਜਾ ਰਿਹਾ।

ਇਸ ਮੌਕੇ ਗੱਲਬਾਤ ਕਰਦਿਆਂ ਸ਼ਹਿਰ ਵਾਸੀਆ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਵੱਲੋਂ ਸਵੱਛ ਭਾਰਤ ਮੁਹਿੰਮ ਦੀ ਦੁਹਾਈ ਪਾਈ ਜਾ ਰਹੀ ਹੈ ਦੂਜੇ ਪਾਸੇ ਫਰੀਦਕੋਟ ਪ੍ਰਸ਼ਾਸਨ ਵੱਲੋਂ ਬੀਤੇ ਕਈ ਦਿਨਾਂ ਤੋਂ ਸ਼ਹਿਰ ਵਿਚੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ।

ਸ਼ਹਿਰ ਵਾਸੀਆ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਕਿਸੇ ਵੱਡੀ ਮਹਾਂਮਾਰੀ ਫੈਲਣ ਦੀ ਉਡੀਕ ਕਰ ਰਿਹਾ। ਇਸ ਮੌਕੇ ਸ਼ਹਿਰ ਵਾਸੀਆ ਨੇ ਸੱਤਾਧਾਰੀ ਆਗੂਆਂ ਤੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਸਰਕਾਰ ਕੂੜਾ ਸੁੱਟਣ ਲਈ ਜ਼ਮੀਨ ਕਿਉਂ ਨਹੀਂ ਖ੍ਰੀਦ ਰਹੀ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਕੂੜੇ ਦੀ ਸਮੱਸਿਆ ਤੋਂ ਜਲਦ ਨਿਜਾਤ ਦਿਵਾਈ ਜਾਵੇ।

ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਫਰੀਦਕੋਟ ਸ਼ਹਿਰ ਵਿਚ ਬੀਤੇ ਕਈ ਦਿਨਾਂ ਤੋਂ ਕੂੜਾ ਨਾਂ ਚੱਕੇ ਜਾਣ ਕਾਰਨ ਸਹਿਰ ਵਾਸੀਆਂ ਨੂੰ ਵੱਡੀਆ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ।

ਉਹਨਾਂ ਕਿਹਾ ਕਿ ਸ਼ਹਿਰ ਦੇ ਹਰ ਚੌਕ ਚੁਰਾਹੇ ਅਤੇ ਗਲੀ ਮੁਹੱਲੇ ਵਿਚ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ ਜਿਸ ਕਾਰਨ ਚਾਰ ਚੁਫੇਰੇ ਗੰਦਗੀ ਫੈਲੀ ਹੋਈ ਹੈ। ਜਿਸ ਕਾਰਨ ਵੱਡੀਆ ਬਿਮਾਰੀਆਂ ਫੈਲਣ ਦਾ ਖ਼ਤਰਾ ਸ਼ਹਿਰ ਵਾਸੀਆ ਤੇ ਮੰਡਰਾ ਰਿਹਾ। ਉਹਨਾਂ ਕਿਹਾ ਕਿ ਨਗਰ ਕੌਂਸਲ ਫਰੀਦਕੋਟ ਨੇ ਸੌਲਡ ਵੇਸਟ ਪਲਾਂਟ ਬਣਾਉਣ ਲਈ 2015-16 ਵਿਚ ਅਕਾਲੀ ਦਲ ਦੀ ਸਰਕਾਰ ਸਮੇਂ ਜਮੀਨ ਐਕਵਾਇਰ ਵੀ ਕੀਤੀ ਸੀ ਅਤੇ ਉਸ ਦਾ ਕਬਜ਼ਾ ਵੀ ਲੈ ਲਿਆ ਸੀ ਪਰ ਹੁਣ ਫਿਰ ਉਸੇ ਜਗ੍ਹਾ ਤੇ ਕੂੜਾ ਸੁੱਟਣ ਲਈ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਜਗ੍ਹਾ ਨਾ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਸਰਕਾਰ ਦੇ ਨੁਮਾਇੰਦੇ ਅਤੇ ਜਿਲ੍ਹਾ ਪ੍ਰਸ਼ਾਸ਼ਨ ਸਹਿਰ ਵਾਸੀਆ ਦੀਆਂ ਸਮੱਸਿਆਂਵਾਂ ਦੇ ਹੱਲ ਲਈ ਸੁਹਿਰਦ ਨਹੀਂ ਹਨ। ਉਹਨਾਂ ਜਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਿਲ੍ਹਾ ਪ੍ਰਸ਼ਾਸਨ ਨੇ 2 ਦਿਨਾਂ ਅੰਦਰ ਇਸ ਸਮੱਸਿਆਂ ਦਾ ਹੱਲ ਨਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਕੂੜਾ ਚੁੱਕ ਕੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਢੇਰ ਲਗਾਇਆ ਜਾਵੇਗਾ।

ਇਸ ਪੂਰੇ ਮਾਮਲੇ ਸਬੰਧੀ ਜਦ ਨਗਰ ਕੌਂਸਲ ਫਰੀਦਕੋਟ ਦੇ ਕਾਰਜ ਸਾਧਕ ਅਫਸਰ ਅੰਮ੍ਰਿਤ ਲਾਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਗਰ ਕੌਂਸਲ ਪਾਸ ਕੂੜਾ ਸੁੱਟਣ ਲਈ ਜੋ ਜਗ੍ਹਾ ਸੀ ਉਹ ਭਰ ਚੁੱਕੀ ਹੈ ਅਤੇ ਹੋਰ ਕਿਸੇ ਜਗ੍ਹਾ ਕੂੜਾ ਸੁੱਟਣ ਲਈ ਉਹਨਾਂ ਪਾਸ ਥਾਂ ਨਹੀਂ ਹੈ। ਜਦ ਉਹਨਾਂ ਨੂੰ 2016 ਵਿਚ ਕੂੜਾ ਡੰਪ ਲਈ ਸਰਕਾਰ ਵੱਲੋਂ 18 ਏਕੜ ਜ਼ਮੀਨ ਦਾ ਕਬਜਾ ਲਏ ਜਾਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਸ ਵਕਤ ਕਬਜ਼ਾ ਤਾਂ ਲੈ ਲਿਆ ਗਿਆ ਸੀ ਪਰ ਉਸ ਟਾਇਮ ਸਾਡੇ ਕੋਲ ਕੂੜਾ ਸੁੱਟਣ ਲਈ ਥਾਂ ਸੀ ਪਰ ਹੁਣ ਜਦੋਂ ਅਸੀਂ ਬੀਤੇ ਸੁੱਕਰਵਾਰ ਨੂੰ ਉਥੇ ਕੂੜਾ ਸੁੱਟਣ ਗਏ ਤਾਂ ਪਿੰਡ ਵਾਸੀਆ ਵੱਲੋਂ ਕੂੜਾ ਨਹੀਂ ਸੁੱਟਣ ਦਿੱਤਾ ਗਿਆ।

ਉਹਨਾਂ ਕਿਹਾ ਕਿ ਅੱਜ ਵੀ ਅਸੀਂ ਕੂੜਾ ਸੁੱਟਣ ਜਾਵਾਂਗੇ। ਉਹਨਾਂ ਨਾਲ ਹੀ ਸ਼ਹਿਰ ਵਾਸੀਆ ਨੂੰ ਜਿੰਮੇਵਾਰ ਠਹਿਰਾਉਂਦਿਆ ਕਿਹਾ ਗਿਆ ਕਿ ਸ਼ਹਿਰ ਵਿਚ ਗੰਦ ਪਾਉਣ ਲਈ ਸ਼ਹਿਰ ਵਾਸੀ ਜਿੰਮੇਵਾਰ ਹਨ। ਉਹਨਾਂ ਕਿਹਾ ਕਿ ਇਹ ਸਭ ਸ਼ਹਿਰ ਵਾਸੀਆ ਦੇ ਗੈਰ ਜਿੰਮੇਵਾਰਾਨਾਂ ਰਵੱਈਏ ਕਾਰਨ ਹੋ ਰਿਹਾ। ਉਹਨਾਂ ਕਿਹਾ ਕਿ ਜੇਕਰ ਸ਼ਹਿਰ ਵਾਸੀ ਗਿੱਲਾ ਤੇ ਸੁੱਕਾ ਕੂੜਾ ਵੱਖ ਵੱਖ ਕਰਕੇ ਸਾਨੂੰ ਦੇਣ ਤਾਂ ਸਾਨੂੰ ਕੂੜਾ ਡੰਪ ਦੀ ਕੋਈ ਜ਼ਰੂਰਤ ਹੀ ਨਹੀਂ ਪਵੇਗੀ।