ਨਸਲੀ ਨਫ਼ਰਤ ਤੋਂ ਪ੍ਰੇਰਤ ਅਪਰਾਧ ਵਜੋਂ ਹੋਵੇ ਇੰਡੀਆਨਾਪੋਲਿਸ ਗੋਲੀਬਾਰੀ ਦੀ ਜਾਂਚ : ਸਿੱਖ ਭਾਈਚਾਰਾ ਅ

ਏਜੰਸੀ

ਖ਼ਬਰਾਂ, ਪੰਜਾਬ

ਨਸਲੀ ਨਫ਼ਰਤ ਤੋਂ ਪ੍ਰੇਰਤ ਅਪਰਾਧ ਵਜੋਂ ਹੋਵੇ ਇੰਡੀਆਨਾਪੋਲਿਸ ਗੋਲੀਬਾਰੀ ਦੀ ਜਾਂਚ : ਸਿੱਖ ਭਾਈਚਾਰਾ ਅਤੇ ਸਾਂਸਦ

image

ਕਿਹਾ, ਅਸੀਂ ਅਜੇ ਵੀ ਹਮਲਾਵਰ ਦਾ ਮਕਸਦ ਨਹੀਂ ਜਾਣ ਸਕੇ ਕਿ ਅਜਿਹਾ ਉਸ ਨੇ ਕਿਉਂ ਕੀਤਾ?

ਵਾਸ਼ਿੰਗਟਨ, 18 ਅਪ੍ਰੈਲ : ਪ੍ਰਭਾਵਸ਼ਾਲੀ ਅਮਰੀਕੀ ਸਾਂਸਦਾਂ ਅਤੇ ਸਿੱਖ ਭਾਈਚਾਰੇ ਦੇ ਆਗੂਆਂ ਨੇ ਅਮਰੀਕਾ ਦੇ ਇੰਡੀਆਨਾ ਸੂਬੇ ’ਚ ਫੇਡਐਕਸ ਕੰਪਨੀ ਦੇ ਇਕ ਕੈਂਪਸ ’ਚ ਹੋਈ ਗੋਲੀਬਾਰੀ ਦੀ ਘਟਨਾ ਦੀ ਸੰਭਾਵਤ ਰੂਪ ਨਾਲ ਨਸਲੀ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਦੇ ਤੌਰ ’ਤੇ ਸਮੁੱਚੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਹਮਲੇ ’ਚ ਚਾਰ ਸਿੱਖਾਂ ਸਮੇਤ ਅੱਠ ਲੋਕਾਂ ਦੀ ਜਾਨ ਗਈ ਸੀ। 
ਭਾਰਤੀ-ਅਮਰੀਕੀ ਸਾਂਸਦ ਰਾਜਾ ਕ੍ਰਿਸਣਮੁੂਰਤੀ ਨੇ ਸਨਿਚਰਵਾਰ ਨੂੰ ਕਿਹਾ, ‘‘ਇੰਡੀਆਨਾਪੋਲਿਸ ਅਤੇ ਸਿੱਖ ਭਾਈਚਾਰੇ ਦੇ ਲੋਕ ਇਸ ਘਟਨਾ ਦਾ ਸੋਗ ਮਨਾ ਰਹੇ ਹਨ ਅਤੇ ਸਾਡਾ ਪੂਰਾ ਦੇਸ਼ ਉਨ੍ਹਾਂ ਨਾਲ ਇਸ ਸੋਗ ਵਿਚ ਸ਼ਾਮਲ ਹੈ। ਅਜਿਹੇ ’ਚ ਜਾਂਚ ਟੀਮ ਨੂੰ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਇਹ ਗੋਲੀਬਾਰੀ ਨਸਲੀ ਨਫ਼ਰਤ ਤੋਂ ਪ੍ਰੇਰਿਤ ਹਿੰਸਾ ਸੀ ਜਾਂ ਨਹੀਂ। ਇਹ ਬੰਦੂਕ ਹਿੰਸਾ ਦੀ ਇਕ ਹੋਰ ਉਦਾਹਰਣ ਹੈ, ਜਿਸ ਨੇ ਸਾਡੇ ਦੇਸ਼ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ।’’
ਇੰਡੀਆਨਾਪੋਲਿਸ ਨੇ ਅੱਠ ਗੁਰਦਵਾਰਿਆਂ ਨੇ ਇਕ ਸਾਂਝੇ ਬਿਆਨ ’ਚ ਕਿਹਾ, ‘‘ਅਸੀਂ ਹੁਣ ਵੀ ਹਮਲਾਵਰ ਦਾ ਮਕਸਦ ਨਹੀਂ ਜਾਣ ਸਕੇ ਹਾਂ ਅਤੇ ਸਾਨੂੰ ਸ਼ਾਇਦ ਇਹ ਕਦੇ ਪਤਾ ਵੀ ਨਹੀਂ ਲਗੇਗਾ ਕਿ ਉਸ ਨੇ ਅਜਿਹਾ ਕਿਉਂ ਕੀਤਾ? ਅਸੀਂ ਇੰਨਾ ਹੀ ਜਾਣਦੇ ਹਾਂ ਕਿ ਫੇਡਐਕਸ ਦੇ ਇਸ ਕੈਂਪਸ ’ਚ ਵੱਡੀ ਗਿਣਤੀ ਵਿਚ ਲੋਕ ਕੰਮ ਕਰਦੇ ਹਨ।’’ ਬਿਆਨ ’ਚ ਕਿਹਾ ਗਿਆ, ‘‘ਅਸੀਂ ਉਮੀਦ ਕਰਦੇ ਹਾਂ ਕਿ ਅਧਿਕਾਰੀ ਸਮੁੱਚੀ ਜਾਂਚ ਕਰਨਗੇ ਅਤੇ ਉਚਿਤ ਸਮੇਂ ’ਤੇ ਜਾਣਕਾਰੀ ਸਾਂਝੀ ਕਰਨਗੇ।’’ ਜ਼ਿਕਰਯੋਗ ਹੈ ਕਿ ਫ਼ੇਡਐਕਸ ਕੰਪਨੀ ਦੇ ਕੈਂਪਸ ’ਚ ਹੋਈ ਗੋਲੀਬਾਰੀ ਦੀ ਘਟਨਾ ’ਚ ਮਾਰੇ ਗਏ ਅੱਠ ਲੋਕਾਂ ’ਚ ਸਿੱਖ ਭਾਈਚਾਰੇ ਦੇ ਚਾਰ ਲੋਕ ਸ਼ਾਮਲ ਹਨ। ਇਸ ਘਟਨਾ ਵਿਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ।