ਫੂਲਕਾ ਨੇ ਨਵਜੋਤ ਸਿੱਧੂ ਨੂੰ ਦਿਤੀ ਸਲਾਹ, ਕਿਹਾ ‘ਹੁਣ ਸਮਾਂ ਗਰਜਣ ਦਾ ਨਹੀਂ ਬਲਕਿ ਵਰ੍ਹਣ ਦਾ ਹੈ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

''ਹੁਣ ਤੁਸੀਂ ਅਪਣੀ ਅਸਲ ਰੰਗਤ ਤੇ ਆ ਜਾਉ ਤੇ ਹੁਣ ਇਹ ਝੂਠੇ ਵਾਅਦੇ ਕਰਨ ਵਾਲਿਆਂ ਨੂੰ ਅੱਗੇ ਹੋ ਕੇ ਠੋਕੋ''

H. S. Phoolka

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਅਤੇ ਪ੍ਰਸਿੱਧ ਵਕੀਲ ਐਚ.ਐਸ. ਫੂਲਕਾ ਨੇ ਨਵਜੋਤ ਸਿੰਘ ਸਿੱਧੂ ਨੂੰ ਚਿੱਠੀ ਲਿਖ ਕੇ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਹੁਣ ਗਰਜਣ ਦਾ ਨਹੀਂ ਬਲਕਿ ਵਰ੍ਹਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਤੁਹਾਨੂੰ ਇਹ ਯਾਦ ਹੋਵੇਗਾ ਕਿ ਜਦੋਂ ਅਗੱਸਤ 2018 ਵਿਚ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਉਪਰ ਬਹਿਸ ਚਲ ਰਹੀ ਸੀ ਤਾਂ ਉਸ ਸਮੇਂ ਤੁਸੀ ਤੇ ਮੈਂ ਵਿਧਾਨ ਸਭਾ ਵਿਚ ਕੀ ਕੀ ਕਿਹਾ ਸੀ। ਅੱਜ ਢਾਈ ਸਾਲ ਬਾਅਦ ਉਨ੍ਹਾਂ ਗੱਲਾਂ ਨੂੰ ਯਾਦ ਕਰਨ ਅਤੇ ਉਸ ਉਪਰ ਵਿਚਾਰ ਕਰਨ ਦਾ ਵੇਲਾ ਆ ਗਿਆ ਹੈ। 

ਅੱਜ ਢਾਈ ਸਾਲ ਬਾਅਦ ਵੀ ਜਿਹੜੀ ਕਾਰਵਾਈ ਦੀ ਅਸੀ ਉਸ ਵੇਲੇ ਸਦਨ ਵਿਚ ਮੰਗ ਕਰ ਰਹੇ ਸੀ ਉਸ ਉਪਰ ਅੱਜ ਤਕ ਵੀ ਅੱਗੇ ਕੋਈ ਕੰਮ ਨਹੀਂ ਹੋਇਆਂ ਤੇ ਮਾਮਲਾ ਉਥੇ ਦਾ ਉਥੇ ਹੀ ਖੜਾ ਹੈ। ਇਸ ਕਰ ਕੇ ਮੈਂ ਤੁਹਾਨੂੰ ਉਹ ਸਾਰੀ ਗੱਲ ਯਾਦ ਕਰਵਾ ਕੇ ਬੇਨਤੀ ਕਰਦਾ ਹਾਂ ਕਿ ਹੁਣ ਮੌਕਾ ਹੈ ਕਿ ਕੁੱਝ ਕਾਰਵਾਈ ਵੀ ਕੀਤੀ ਜਾਵੇ । ਜੇਕਰ ਹੁਣ ਵੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਸਿਰਫ਼ ਪੰਜਾਬ ਹੀ ਨਹੀਂ ਬਲਕਿ ਗੁਰੂ ਵੀ ਸਾਨੂੰ ਮਾਫ਼ ਨਹੀਂ ਕਰੇਗਾ। ਪੰਜਾਬ ਵਿਧਾਨ ਸਭਾ ਵਿਚ ਉਸ ਵੇਲੇ ਜਿਹੜੇ ਜਿਹੜੇ ਮੰਤਰੀਆਂ ਨੇ ਜਿਹੜੀਆਂ ਜਿਹੜੀਆਂ ਤਕਰੀਰਾਂ ਕੀਤੀਆਂ ਉਸ ਵਿਚੋਂ ਇਕ ਵੀ ਗੱਲ ਸੱਚ ਨਹੀਂ ਹੋਈ।

ਤੁਸੀਂ ਵਿਧਾਨ ਸਭਾ ਵਿਚ ਝੋਲੀ ਅੱਡ ਕੇ ਇਨਸਾਫ਼ ਦੀ ਮੰਗ ਕੀਤੀ ਸੀ ਪਰ ਹੁਣ ਮੌਕਾ ਝੋਲੀ ਅੱਡਣ ਦਾ ਨਹੀਂ ਹੁਣ ਮੌਕਾ ਠੋਕਣ ਦਾ ਆ ਗਿਆ। ਸਿੱਧੂ ਸਾਹਬ ਇਹ ਮੈਂ ਹੀ ਨਹੀਂ ਸਾਰਾ ਪੰਜਾਬ ਜਾਣਦਾ ਕਿ ਤੁਸੀ ਅਪਣੀ ਹੀ ਸਰਕਾਰ ਵਿਰੁਧ ਖੜੇ ਹੋਣ ਦੀ ਜੁਰਅੱਤ ਰੱਖਦੇ ਹੋ। ਹੁਣ ਤੁਸੀਂ ਅਪਣੀ ਅਸਲ ਰੰਗਤ ਤੇ ਆ ਜਾਉ ਤੇ ਹੁਣ ਇਹ ਝੂਠੇ ਵਾਅਦੇ ਕਰਨ ਵਾਲਿਆਂ ਨੂੰ ਅੱਗੇ ਹੋ ਕੇ ਠੋਕੋ।

ਮੈਂ ਉਸ ਵੇਲੇ ਵਿਧਾਨ ਸਭਾ ਦੀ ਕਾਰਵਾਈ ਦੇ ਅਖ਼ੀਰ ਵਿਚ ਵੀ ਇਹ ਬੋਲਿਆ ਸੀ ਕਿ ਇਹ ਜਿਹੜੇ ਮਤੇ ਨੇ ਉਹ ਠੀਕ ਪਾਸ ਨਹੀਂ ਹੋਏ ਉਨ੍ਹਾਂ ਵਿਚ ਕੁੱਝ ਕਮੀਆਂ ਛੱਡੀਆਂ ਗਈਆਂ ਹਨ ਤੇ ਮੈਂ ਉਸ ਵੇਲੇ ਤੁਹਾਨੂੰ ਵੀ ਵਾਰ ਵਾਰ ਇਹੀ ਕਹਿ ਰਿਹਾ ਸੀ ਪਰ ਉਦੋਂ ਤੁਸੀ ਕਿਹਾ ਕਿ ਫੂਲਕਾ ਸਾਹਬ ਕਾਹਲੀ ਨਾ ਕਰੋ ਦੇਖੀ ਚਲੋ ਸੱਭ ਕੁੱਝ ਕਰਾਂਗੇ । ਉਸ ਮਗਰੋਂ ਮੈਂ ਇਹੀ ਗੱਲ ਵਾਰ ਵਾਰ ਦੁਹਰਾਉਂਦਾ ਰਿਹਾ ਤੇ ਅਖ਼ੀਰ ਵਿਚ ਆ ਕੇ ਇਸ ਗੱਲ ’ਤੇ ਮੈਂ ਅਪਣੇ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ। ਪਰ ਅੱਜ ਢਾਈ ਸਾਲ ਬਾਅਦ ਮੇਰੀ ਉਹ ਗੱਲ ਬਿਲਕੁਲ ਸਹੀ ਸਾਬਤ ਹੋਈ।

ਤੁਸੀ ਉਸ ਵੇਲੇ ਮੈਨੂੰ ਤਿੰਨ ਮਹੀਨੇ ਉਡੀਕਣ ਨੂੰ ਕਿਹਾ ਸੀ ਪਰ ਅੱਜ ਢਾਈ ਸਾਲ ਹੋ ਗਏ ਨੇ ਤੇ ਅਜੇ ਤਕ ਕੁੱਝ ਵੀ ਨਹੀਂ ਹੋਇਆਂ। ਅੱਜ ਆਪਾਂ ਵਾਪਸ ਉਸ ਥਾਂ ’ਤੇ ਹੀ ਦੁਬਾਰਾ ਆ ਕੇ ਖੜੇ ਹੋ ਗਏ ਆ ਜਿਥੇ ਕਿ ਅਸੀਂ ਢਾਈ ਸਾਲ ਪਹਿਲਾ ਸੀ। ਹੁਣ ਤੁਹਾਡੇ ਕੋਲੋਂ ਉਮੀਦ ਕਰਦੇ ਆ ਕੇ ਤੁਸੀ ਇਸ ਉਪਰ ਸਟੈਂਡ ਲਵੋਗੇ ਤੇ ਅਪਣੀ ਸਰਕਾਰ ਤੋਂ ਜਵਾਬਦੇਹੀ ਮੰਗੋਗੇ। ਸਿਰਫ਼ ਜਵਾਬਦੇਹੀ ਨਹੀਂ ਸਗੋਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਵੀ ਅੱਗੇ ਹੋ ਕੇ ਕਦਮ ਚੁੱਕੋਗੇ। 

ਫੂਲਕਾ ਨੇ ਅੱਗੇ ਕਿਹਾ ਕਿ ਸੱਭ ਤੋਂ ਪਹਿਲਾਂ ਤੁਹਾਨੂੰ ਮੇਰੀ ਬੇਨਤੀ ਇਹ ਹੈ ਕਿ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੀ ਮੰਗ ਕੀਤੀ ਜਾਵੇ। ਸਪੈਸ਼ਲ ਸੈਸ਼ਨ ਵਿਚ ਸਰਕਾਰ ਕੋਲੋਂ ਇਹ ਜਵਾਬ ਦੇਹੀ ਮੰਗੀ ਜਾਵੇ ਕਿ ਜਿਹੜਾ ਇਸ ਕੇਸ ਲਈ ਤਿੰਨ ਮਹੀਨੇ ਦਾ ਸਮਾਂ ਸੀ ਪਰ ਢਾਈ ਸਾਲ ਬੀਤ ਜਾਣ ਦੇ ਬਾਅਦ ਵੀ ਹਲੇ ਤਕ ਕੁੱਝ ਕਿਉਂ ਨਹੀਂ ਹੋਇਆ ? ਦੂਜਾ,ਜਿਹੜੇ ਐਸ ਆਈ ਟੀ ਦੇ ਮੈਂਬਰਾਂ ਨੇ ਢਾਈ ਸਾਲ ਵਿਚ ਅਪਣੇ ਵਲੋਂ ਕੋਈ ਜਾਂਚ ਨਹੀਂ ਕੀਤੀ ਸਗੋਂ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਵਿਚ ਅੜਚਨਾਂ ਹੀ ਲਗਾਈਆਂ, ਉਨ੍ਹਾਂ ਵਿਰੁਧ ਕਾਰਵਾਈ ਕਰਵਾਉਣ।