ਹਰਿਆਣਾ ਵਿਚ ਮੰਡੀਆਂ ਦੇ ਬਾਹਰ ਲੱਗੀਆਂ 5-5 ਕਿਲੋਮੀਟਰ ਲੰਮੀਆਂ ਲਾਈਨਾਂ, ਲਿਫਟਿੰਗ ਕਾਰਨ ਆਈ ਦਿੱਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੰਡੀਆਂ ਵਿਚ ਲਿਫਟਿੰਗ ਕਾਰਨ ਦੋ ਦਿਨਾਂ ਤਕ ਬੰਦ ਰਹੀ ਕਣਕ ਦੀ ਖਰੀਦ

Procurement of wheat

ਚੰਡੀਗੜ੍ਹ : ਬੀਤੇ ਦੋ ਦਿਨ ਮੌਸਮ ਖਰਾਬ ਰਹਿਣ ਬਾਅਦ ਪੰਜਾਬ ਅਤੇ ਹਰਿਆਣਾ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਇਕਦਮ ਵੱਧ ਗਈ ਹੈ। ਦੂਜੇ ਪਾਸੇ ਲਿਫਟਿੰਗ ਦੇ ਕੰਮ ਵਿਚ ਢਿੱਲਮੱਠ ਦੇ ਚਲਦਿਆਂ ਕਈ ਥਾਈ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਖਾਸ ਕਰ ਕੇ ਹਰਿਆਣਾ ਵਿਚ ਦੋ ਦਿਨ ਲਈ ਮੰਡੀਆਂ ਬੰਦ ਰਹਿਣ ਕਾਰਨ ਟਰਾਲੀਆਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਨਜ਼ਰ ਆਈਆਂ।

ਦਰਅਸਲ ਵਿਚ ਮੰਡੀਆਂ ਵਿਚੋਂ ਲਿਫਟਿੰਗ ਦਾ ਕੰਮ ਤਰਤੀਬਵਾਰ ਤਰੀਕੇ ਨਾਲ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਇਕੱਠੇ ਹੋ ਗਏ ਸਨ। ਕੋਰੋਨਾ ਦੇ ਵਧੇ ਰੌਲੇ ਦੇ ਮੱਦੇਨਜ਼ਰ ਆੜ੍ਹਤੀਆਂ ਨੂੰ ਪਹਿਲਾ ਲੋੜੀਂਦੇ ਮਜ਼ਦੂਰ ਇਕੱਠੇ ਕਰਨ ਵਿਚ ਦਿੱਤਕਾਂ ਦਾ ਸਾਹਮਣਾ ਕਰਨਾ ਪਿਆ। ਫਿਰ ਬਾਰਦਾਨੇ ਲਈ ਉਡੀਕ ਕਰਨੀ ਪਈ। ਇਸੇ ਦੌਰਾਨ ਲਿਫਟਿੰਗ 'ਚ ਦੇਰੀ ਕਾਰਨ ਮੰਡੀਆਂ ਵਿਚ ਕਣਕ ਰੱਖਣ ਲਈ ਜਗ੍ਹਾ ਦੀ ਕਮੀ ਨੂੰ ਵੇਖਦਿਆਂ ਹਰਿਆਣਾ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਨੂੰ ਦੋ ਦਿਨ ਸਨਿੱਚਰਵਾਰ ਅਤੇ ਐਤਵਾਰ ਲਈ ਬੰਦ ਕੀਤਾ ਗਿਆ।

ਇਸ ਕਾਰਨ ਸੋਮਵਾਰ ਨੂੰ ਮੰਡੀਆਂ ਵਿਚ ਕਣਕ ਦੀ ਆਮਦ ਵਧ ਗਈ। ਕਿਸਾਨ ਬੀਤੀ ਰਾਤ ਤੋਂ ਟਰੈਕਟਰ ਟਰਾਲੀ ਨਾਲ ਲਾਈਨਾਂ 'ਚ ਖੜ੍ਹੇ ਹਨ ਤੇ ਮੰਡੀ 'ਚ ਜਾਣ ਦਾ ਇੰਤਜ਼ਾਰ ਕਰਦੇ ਰਹੇ। ਹਾਈਵੇਅ 'ਤੇ 5 ਕਿਲੋਮੀਟਰ ਤਕ ਟਰੈਕਟਰ ਟਰਾਲੀਆਂ ਦੀਆਂ ਲਾਈਨਾਂ ਦਿਖਾਈ ਦੇ ਰਹੀਆਂ ਹਨ। ਦੋ ਦਿਨਾਂ ਤੋਂ ਕਿਸਾਨ ਗੇਟ ਖੁਲ੍ਹਣ ਦਾ ਇੰਤਜ਼ਾਰ ਕਰ ਰਹੇ ਸੀ ਕਿ ਖੁਲ੍ਹੇ ਤੇ ਉਹ ਗੇਟ ਪਾਸ ਲੈ ਕੇ ਮੰਡੀ 'ਚ ਜਾ ਸਕਣ।

ਸੋਮਵਾਰ ਨੂੰ ਮੰਡੀ ਦੇ ਬਾਹਰ 5 ਕਿਲੋਮੀਟਰ ਤਕ ਲੰਬੀ ਲਾਈਨ ਸੀ। ਇਹ ਲਾਈਨ ਹਰ ਗੇਟ 'ਤੇ ਸੀ ਜੋ ਮੰਡੀ ਵੱਲ ਜਾਂਦੀ ਹੈ ਤੇ ਜਿੱਥੋਂ ਗੇਟ ਪਾਸ ਮਿਲਦਾ ਹੈ। ਗੇਟ ਪਾਸ ਕੱਟਣਾ ਦੇਰ ਨਾਲ ਸ਼ੁਰੂ ਹੋਇਆ। ਕਿਸਾਨ ਬੀਤੀ ਰਾਤ ਤੋਂ ਹੀ ਮੰਡੀਆਂ ਦੇ ਗੇਟਾਂ ਅੱਗੇ ਡੇਰਾ ਲਾਈ ਬੈਠੇ ਰਹੇ। ਇਹੀ ਮੰਜ਼ਰ ਅੱਜ ਵੇਖਣ ਨੂੰ ਮਿਲਿਆ ਅਤੇ ਵੱਡੀ ਗਿਣਤੀ ਵਿਚ ਕਿਸਾਨ ਧੁੱਪ ਵਿਚ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਵੇਖੇ ਗਏ।