ਪੰਜਾਬ 'ਚ ਐਤਵਾਰ ਨੂੰ ਲਾਕਡਾਊਨ ਦਾ ਐਲਾਨ, ਨਾਈਟ ਕਰਫਿਊ ਦਾ ਸਮਾਂ ਵੀ ਵਧਾਇਆ

ਏਜੰਸੀ

ਖ਼ਬਰਾਂ, ਪੰਜਾਬ

ਨਾਈ ਕਰਫਿਊ ਰਾਤ 8 ਵਜੇ ਤੋਂ ਲਾਗੂ ਹੋ ਕੇ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।

File Photo

ਚੰਡੀਗੜ੍ਹ : ਪੰਜਾਬ ਵਿਚ ਲਗਾਤਾਰ ਵੱਧ ਰਹੀ ਕੋਰੋਨਾ ਮਹਾਂਮਾਰੀ ਦੇ ਕਹਿਰ ਦਰਮਿਆਨ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਐਤਵਾਰ ਨੂੰ ਸੂਬੇ ਭਰ ਵਿਚ ਅਤੇ ਬੁੱਧਵਾਰ ਨੂੰ ਟ੍ਰਾਈਸਿਟੀ ਦੇ ਬਾਕੀ ਹਿੱਸਿਆਂ ਦੇ ਨਾਲ ਮੁਹਾਲੀ ਵਿਖੇ ਵੀ ਰਾਮ ਨੌਮੀ ਮੌਕੇ ਬੁੱਧਵਾਰ ਨੂੰ ਮੁਕੰਮਲ ਲੌਕਡਾਊਨ ਰਹੇਗਾ। ਇਸ ਫੈਸਲੇ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਸਮੀਖਿਆ ਸਬੰਧੀ ਸੱਦੀ ਉਚ ਪੱਧਰੀ ਮੀਟਿੰਗ ਦੌਰਾਨ ਕੀਤਾ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਚੰਡੀਗੜ੍ਹ ਯੂ.ਟੀ. ਦੇ ਸਲਾਹਕਾਰ ਵੱਲੋਂ ਮੁਹਾਲੀ ਵਿੱਚ ਲੌਕਡਾਊਨ ਲਗਾਉਣ ਦੀ ਅਪੀਲ ਕੀਤੀ ਗਈ ਸੀ ਤਾਂ ਜੋ ਸਮੁੱਚੇ ਟ੍ਰਾਈਸਿਟੀ ਵਿਚ ਲੌਕਡਾਊਨ ਲਗਾਇਆ ਜਾ ਸਕੇ ਕਿਉਂਕਿ ਮੁਹਾਲੀ ਇਸ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋੜੀਂਦੀ ਨੋਟੀਫਿਕੇਸ਼ਨ ਜਾਰੀ ਹੋ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਕੋਵਿਡ ਕੇਸਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਅਪੀਲ ਕੀਤੀ ਕਿ ਰਾਮ ਨੌਮੀ ਦੇ ਤਿਉਹਾਰ ਮੌਕੇ ਇਕੱਤਰਤਾ ਅਤੇ ਵੱਡੇ ਜਸ਼ਨਾਂ ਤੋਂ ਸੰਕੋਚ ਕੀਤਾ ਜਾਵੇ।

ਇਸ ਦੇ ਨਾਲ ਹੀ ਰਾਤ ਨੂੰ ਲੱਗਣ ਵਾਲੇ ਕਰਫਿਊ ਦਾ ਸਮਾਂ ਵੀ ਵਧਾ ਦਿੱਤਾ ਹੈ। ਹੁਣ ਕਰਫਿਊ ਰਾਤ 8 ਵਜੇ ਤੋਂ ਲਾਗੂ ਹੋ ਕੇ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਸਰਕਾਰ ਵਲੋਂ ਸਿਨੇਮਾ ਹਾਲ, ਜਿੰਮ ਅਤੇ ਸਪੋਰਟਸ ਕੰਪਲੈਕਸ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਵਿਆਹ ਸਮਾਗਮ ਅਤੇ ਸਸਕਾਰ ਵਿਚ ਮਹਿਜ਼ 20 ਲੋਕਾਂ ਨੂੰ ਜਾਣ ਦੀ ਛੋਟ ਦਿੱਤੀ ਗਈ ਹੈ।

ਫਿਲਹਾਲ ਸੂਬੇ ਵਿਚ ਵੀਕਐਂਡ ਲਾਕਡਾਊਨ ਨਹੀਂ ਲਗਾਇਆ ਜਾ ਰਿਹਾ ਹੈ। ਇਸ ਦਾ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਦੇ ਹਾਲਾਤ ਦੀ ਸਮੀਖਿਆ ਲਈ ਰੱਖੀ ਗਈ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਕੋਰੋਨਾ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਹਨ।