ਕਣਕ ਖ਼ਰੀਦ ਪਹਿਲੇ ਹਫ਼ਤੇ ਹੀ 15 ਲੱਖ ਟਨ ’ਤੇ ਪਹੁੰਚੀ : ਭਾਰਤ ਭੂਸ਼ਣ ਆਸ਼ੂ

ਏਜੰਸੀ

ਖ਼ਬਰਾਂ, ਪੰਜਾਬ

ਕਣਕ ਖ਼ਰੀਦ ਪਹਿਲੇ ਹਫ਼ਤੇ ਹੀ 15 ਲੱਖ ਟਨ ’ਤੇ ਪਹੁੰਚੀ : ਭਾਰਤ ਭੂਸ਼ਣ ਆਸ਼ੂ

image

ਚੰਡੀਗੜ੍ਹ, 18 ਅਪ੍ਰੈਲ (ਜੀ.ਸੀ.ਭਾਰਦਵਾਜ): ਕੇਂਦਰ ਸਰਕਾਰ ਦੇ 3 ਖੇਤੀ ਕਾਨੂੰਨਾਂ ਵਿਰੁਧ ਪਿਛਲੇ 6 ਮਹੀਨਿਆਂ ਤੋਂ ਚਲ ਰਹੇ ਜ਼ਬਰਦਸਤ ਕਿਸਾਨ ਅੰਦੋਲਨ ਅਤੇ ਐਮ.ਐਸ.ਪੀ. ਸਬੰਧੀ ਉਠਾਏ ਬਵਾਲ ਦੇ ਬਾਵਜੂਦ ਪੰਜਾਬ ਸਰਕਾਰ ਦੀਆਂ 4 ਏਜੰਸੀਆਂ ਪਨਗ੍ਰੇਨ, ਪਨਸਪ, ਮਾਰਕਫ਼ੈੱਡ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ ਕੇਵਲ 1 ਹਫ਼ਤੇ ਵਿਚ ਹੀ ਕਣਕ ਦੀ ਖ਼ਰੀਦ 15 ਲੱਖ ਟਨ ਤੋਂ ਵੱਧ ਦੀ ਕਰ ਲਈ ਹੈ। ਪੰਜਾਬ ਦੀਆਂ 3600 ਤੋਂ ਵੱਧ ਮੰਡੀਆਂ ਤੇ ਆਰਜ਼ੀ ਖ਼ਰੀਦ ਕੇਂਦਰਾਂ ਵਿਚ ਰੋਜ਼ਾਨਾ 8 ਲੱਖ ਤੋਂ ਵੱਧ ਟਨ ਦੀ ਆਮਦ ਹੋ ਰਹੀ ਹੈ।
ਰੋਜ਼ਾਨਾ ਸਪੋਕਸਮੈਨ ਵਲੋਂ ਅਨਾਜ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਦਸਿਆ ਕਿ ਕੇਂਦਰ ਵਲੋਂ ਕਿਸਾਨਾਂ ਨੂੰ ਕੀਤੀ ਜਾਣ ਵਾਲੀ ਸਿੱਧੀ ਅਦਾਇਗੀ ਸਿਸਟਮ ਤਹਿਤ ਆੜ੍ਹਤੀਆਂ ਤੇ ਮੁਨੀਮਾਂ ਨਾਲ ਕਾਫ਼ੀ ਹੱਦ ਤਕ ਮਸਲੇ ਨੂੰ ਸੁਲਝਾ ਲਿਆ ਗਿਆ ਹੈ ਅਤੇ ਇਸ ਨਵੇਂ ਢੰਗ ਨਾਲ 150 ਕਰੋੜ ਦੀ ਅਦਾਇਗੀ ਹੋ ਚੁੱਕੀ ਹੈ। ਤਾਜ਼ਾ ਅੰਕੜਿਆਂ ਮੁਤਾਬਕ 26 ਕਰੋੜ ਬੈਂਕ ਖਾਤਿਆਂ ਵਿਚ ਜਾ ਚੁੱਕਿਆ, ਹੋਰ 26 ਕਰੋੜ ਦੀ ਮਨਜ਼ੂਰੀ ਹੋ ਗਈ ਹੈ ਅਤੇ 100 ਕਰੋੜ ਦੇ ਬਿਲ ਪਾਈਪ ਲਾਈਨ ਵਿਚ ਹਨ। ਮੰਤਰੀ ਨੇ ਦਸਿਆ ਸੋਮਵਾਰ ਤੋਂ ਰੋਜ਼ਾਨਾ 1000 ਕਰੋੜ ਤਕ ਦੀਆਂ ਅਦਾਇਗੀਆਂ ਕਿਸਾਨਾਂ ਦੇ ਖਾਤਿਆਂ ਵਿਚ ਜਾਣ ਲੱਗ ਪੈਣਗੀਆਂ ਅਤੇ ਉਹ ਅੱਗੋਂ ਆੜ੍ਹਤੀਆਂ ਕਮਿਸ਼ਨ ਏਜੰਟਾਂ ਨਾਲ ਮਸਲੇ ਸੁਲਝਾਅ ਲੈਣਗੇ। 
ਖ਼ਰੀਦੀ ਕਣਕ ਦੀ ਸਟੋਰੇਜ਼, ਪੁਰਾਣੇ ਅਨਾਜ ਦੀ ਸ਼ਿਫ਼ਟਿੰਗ, ਦੂਜੇ ਰਾਜਾਂ ਨੂੰ ਅਨਾਜ ਭੇਜਣ, ਕਿਸਾਨਾਂ ਨੂੰ ਈ ਟੋਕਨ, ਬਾਰਦਾਨੇ ਦੀ ਕਮੀ ਬਾਰੇ ਪੁਣੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਭਾਰਤ ਭੂਸ਼ਣ ਆਸ਼ੂ ਨੇ ਦਸਿਆ ਕਿ ਕਣਕ ਖ਼ਰੀਦ ਦਾ 130 ਲੱਖ ਟਨ ਦਾ ਟੀਚਾ ਸਰ ਕਰਨ ਲਈ ਕੇਵਲ 30-35 ਦਿਨਾਂ ਦਾ ਵਕਤ ਹੁੰਦਾ ਹੈ ਅਤੇ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਸਮੇਤ ਮੰਡੀ ਬੋਰਡ ਦਾ ਸਟਾਫ਼ ਮਿਲਾ ਕੇ ਇਕ ਲੱਖ ਵਿਅਕਤੀ ਮਜ਼ਦੂਰ, ਪੱਲੇਦਾਰ, ਕਿਸਾਨ ਸੱਭ ਮਿਹਨਤ ਤੇ ਜੋਸ਼ ਨਾਲ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ 21478 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਸ਼ੁਰੂ ਵਿਚ ਮਨਜ਼ੂਰ ਹੋਈ ਸੀ ਅਤੇ 30 ਅਪ੍ਰੈਲ ਤੋਂ ਬਾਅਦ ਬਕਾਇਆ ਬਣਦੀ ਰਾਸ਼ੀ ਵਾਸਤੇ ਹੋਰ ਵਾਧੂ ਰਕਮ ਪ੍ਰਵਾਨਗੀ ਵਾਸਤੇ ਕੇਂਦਰੀ ਵਿੱਤ ਮੰਤਰਾਲੇ ਨੂੰ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ 130 ਲੱਖ ਟਨ ਖ਼ਰੀਦ ਦਾ ਟੀਚਾ 10 ਮਈ ਤਕ ਸਰ ਕਰ ਲਿਆ ਜਾਵੇਗਾ।