50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿਚ ITI ਪ੍ਰਿੰਸੀਪਲ ਸ਼ਮਸ਼ੇਰ ਸਿੰਘ ਪੁਰਖਾਲਵੀ ਗ੍ਰਿਫ਼ਤਾਰ
2 ਹਫ਼ਤੇ ਪਹਿਲਾਂ ਕਈ ਸ਼ਿਕਾਇਤਾਂ ਆਉਣ 'ਤੇ ਸੰਸਥਾ ਨੇ ਕੀਤਾ ਸੀ ਮੁਅੱਤਲ
ਅੱਜ ਕੀਤਾ ਜਾਵੇਗਾ ਮੁਹਾਲੀ ਅਦਾਲਤ ਵਿਚ ਪੇਸ਼
ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਮੋਬਾਈਲ ਨੰਬਰ 'ਤੇ ਭੇਜੀ ਰਿਸ਼ਵਤ ਮੰਗਣ ਵਾਲੀ ਵੀਡੀਓ
ਮੁਹਾਲੀ : ਵਿਜੀਲੈਂਸ ਬਿਊਰੋ ਮੁਹਾਲੀ ਦੀ ਟੀਮ ਵਲੋਂ ਬੀਤੇ ਕੱਲ ਇੰਡਸੀਟ੍ਰੀਅਲ ਟਰੇਨਿੰਗ ਇੰਸਟੀਟਿਊਟ (ITI) ਫੇਜ਼-5 ਦੇ ਮੁਅੱਤਲ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਰਿਸ਼ਵਤ ਮੰਗਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਅੱਜ ਉਸ ਨੂੰ ਮੁਹਾਲੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਪੁਰਖਾਲਵੀ 'ਤੇ ਕਾਲਜ ਵਿਚ ਆਊਟਸੋਰਸ ਅਧਾਰ 'ਤੇ ਇੰਸਟ੍ਰਕਟਰ ਭਰਤੀ ਕਰਨ ਦੇ ਬਦਲੇ 50 ਹਜ਼ਾਰ ਰੁਪਏ ਰਿਸ਼ਵਤ ਮੰਗਣ ਦਾ ਇਲਜ਼ਾਮ ਹੈ। ਪੁਰਖਾਲਵੀ ਨੂੰ 2 ਹਫ਼ਤੇ ਪਹਿਲਾਂ ਕਈ ਸ਼ਿਕਾਇਤਾਂ ਆਉਣ 'ਤੇ ਸੰਸਥਾ ਨੇ ਮੁਅੱਤਲ ਕੀਤਾ ਸੀ।
ਵਿਜੀਲੈਂਸ ਦੀ ਟੀਮ ਨੇ ਸੋਮਵਾਰ ਨੂੰ ਉਨ੍ਹਾਂ ਨੂੰ ਜ਼ੀਰਕਪੁਰ ਸਥਿਤ ਰਿਹਾਇਸ਼ ਤੋਂ ਹਿਰਾਸਤ ਵਿਚ ਲਿਆ ਹੈ। ਇਸ ਸਾਰੇ ਮਾਮਲੇ ਦੀ ਸ਼ਿਕਾਇਤ ਹਰਦੀਪ ਸਿੰਘ ਨੇ ਦਰਜ ਕਰਵਾਈ ਸੀ। ਜਾਂਚ ਅਫਸਰ ਜਸਬੀਰ ਕੌਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਵਲੋਂ ਐਂਟੀ ਕਰਪਸ਼ਨ ਸੈੱਲ ਦੀ ਹੈਲਪਲਾਈਨ ਨੰਬਰ 'ਤੇ ਆਪਣੀ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਸ਼ਿਕਾਇਤਕਰਤਾ ਵਲੋਂ ਦੋਸ਼ ਲਾਇਆ ਸੀ ਕਿ ਉਸ ਨੇ ਸਾਲ 2020 ਵਿਚ ਸਰਕਾਰੀ ਉਦਯੋਗਿਕ ਟਰੇਨਿੰਗ ਸੰਸਥਾ ਫੇਜ਼-5 ਵਿਚ ਠੇਕਾ ਅਧਾਰ 'ਤੇ ਇਲੈਕਟ੍ਰਾਨਿਕ ਮਕੈਨਿਕ ਟਰੇਡ ਵਿਚ ਡੀਐੱਸਟੀ ਸਕੀਮ ਤਹਿਤ ਇੰਸਟ੍ਰਕਟਰ ਲੱਗਣ ਲਈ ਅਪਲਾਈ ਕੀਤਾ ਸੀ। ਇਸ ਸਬੰਧੀ ਪ੍ਰਿੰਸੀਪਲ ਪੁਰਖਾਲਵੀ ਨੂੰ ਇੰਟਰਵਿਊ ਦਿੱਤੀ ਸੀ। ਪ੍ਰਿੰਸੀਪਲ ਨੇ ਉਸ ਨੂੰ ਆਊਟਸੋਰਸ ਤਹਿਤ ਇੰਸਟ੍ਰਕਟਰ ਦੇ ਤੌਰ 'ਤੇ ਭਰਤੀ ਕਰਨ ਲਈ 50 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ। ਉਸ ਨੂੰ ਪੰਦਰਾਂ ਹਜ਼ਾਰ ਰੁਪਏ ਤਨਖ਼ਾਹ ਦੱਸੀ ਗਈ ਸੀ।
ਦੱਸ ਦੇਈਏ ਕਿ ਸ਼ਿਕਾਇਤ ਕਰਨ ਵਾਲੇ ਹਰਦੀਪ ਸਿੰਘ ਨੇ ਉਸ ਦੀ ਵੀਡੀਓ ਬਣਾ ਕੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਐਂਟੀ ਕਰਪਸ਼ਨ ਹੈਲਪਲਾਈਨ ਨੰਬਰ 'ਤੇ ਅਪਲੋਡ ਕੀਤੀ ਸੀ। ਸ਼ਿਕਾਇਤ ਵਿਜੀਲੈਂਸ ਕੋਲ ਪਹੁੰਚਣ 'ਤੇ ਐੱਫਆਈਆਰ ਦਰਜ ਕਰ ਕੇ ਪ੍ਰਿੰਸੀਪਲ ਨੂੰ ਜ਼ੀਰਕਪੁਰ ਸਥਿਤ ਉਸ ਦੇ ਫਲੈਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।