SYL ਦਾ ਮੁੱਦਾ ਭਖਿਆ: ਅਨਿਲ ਵਿੱਜ ਬੋਲੇ - ਜੇ ਪੰਜਾਬ ਨੂੰ ਚੰਡੀਗੜ੍ਹ ਚਾਹੀਦਾ ਹੈ ਤਾਂ SYL ਬਣਾਉਣਾ ਸ਼ੁਰੂ ਕਰੇ

ਏਜੰਸੀ

ਖ਼ਬਰਾਂ, ਪੰਜਾਬ

 ਜੇਕਰ ਹਿੰਦੀ ਬੋਲਦੇ ਇਲਾਕੇ ਸਾਨੂੰ ਟਰਾਂਸਫਰ ਕਰ ਦਿੰਦੇ ਹਨ ਤਾਂ ਉਹ ਕੋਰਟ ਦੇ ਚੱਕਰ ਕੱਟਣ ਤੋਂ ਬਚ ਜਾਣਗੇ। 

Anil Vij

 

ਚੰਡੀਗੜ੍ਹ - ਹਰਿਆਣਾ ਸਰਕਾਰ ਹੁਣ SYL ਦੇ ਮੁੱਦੇ 'ਤੇ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਰਹੀ ਹੈ। ਹਰਿਆਣਾ ਸਰਕਾਰ ਨੇ ਐਡਵੋਕੇਟ ਜਨਰਲ ਤੋਂ ਕਾਨੂੰਨੀ ਰਾਏ ਲੈਣੀ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਸਰਕਾਰ ਪੰਜਾਬ ਵੱਲੋਂ ਸੁਪਰੀਮ ਕੋਰਟ ਦੇ ਜਨਵਰੀ 2002 ਅਤੇ ਜੂਨ 2004 ਦੇ ਹੁਕਮਾਂ ਦੀ ਪਾਲਣਾ ਨਾ ਕਰਨ ਕਾਰਨ ਅਦਾਲਤ ਦੀ ਮਾਣਹਾਨੀ ਦਾ ਕੇਸ ਦਰਜ ਕਰਨ ਬਾਰੇ ਵਿਚਾਰ ਕਰ ਰਹੀ ਹੈ।

ਰਾਜ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸਾਡੇ ਕੋਲ ਅਧਿਕਾਰ ਹਨ। ਅਸੀਂ ਕਰ ਸਕਦੇ ਹਾਂ ਅਤੇ ਅਸੀਂ ਸੁਪਰੀਮ ਕੋਰਟ ਜਾ ਰਹੇ ਹਾਂ। ਪੰਜਾਬ ਵਿਚ ਨਵੀਂ ਸਰਕਾਰ ਬਣੀ ਹੈ। ਸਰਕਾਰ ਬਣਦੇ ਹੀ ਚੰਡੀਗੜ੍ਹ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਚੰਡੀਗੜ੍ਹ ਦਾ ਮੁੱਦਾ ਐਸ.ਵਾਈ.ਐਲ. ਨਾਲ ਜੁੜਿਆ ਹੋਇਆ ਹੈ। ਜੇਕਰ ਉਹ ਚੰਡੀਗੜ੍ਹ ਲੈਣਾ ਚਾਹੁੰਦੇ ਹਨ ਤਾਂ SYL ਬਣਾਉਣਾ ਸ਼ੁਰੂ ਕਰ ਦੇਣ। ਜੇਕਰ ਹਿੰਦੀ ਬੋਲਦੇ ਇਲਾਕੇ ਸਾਨੂੰ ਟਰਾਂਸਫਰ ਕਰ ਦਿੰਦੇ ਹਨ ਤਾਂ ਉਹ ਕੋਰਟ ਦੇ ਚੱਕਰ ਕੱਟਣ ਤੋਂ ਬਚ ਜਾਣਗੇ। 

SYL ਦਾ ਮੁੱਦਾ ਭਖਿਆ- ਕਾਂਗਰਸ ਦੀ ਪ੍ਰਤੀਕਿਰਿਆ 
ਕਾਂਗਰਸੀ ਆਗੂ ਅਤੇ ਵਿਧਾਇਕ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਵੀਟ ਕਰਕੇ ਕਿਹਾ ਕਿ ਹਰਿਆਣਾ ਆਪਣੀਆਂ ਕੋਝੀਆਂ ਕੋਸ਼ਿਸ਼ਾਂ ਕਰਕੇ ਪੰਜਾਬ ਦੇ ਕੀਮਤੀ ਪਾਣੀਆਂ ਨੂੰ ਲੁੱਟਣ ਦੀ ਤਿਆਰੀ ਕਰ ਰਿਹਾ ਹੈ। ਸਾਨੂੰ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਹੈ ਅਤੇ ਹੁਣ ਮੌਕਾ ਨਹੀਂ ਦੇਣਾ ਚਾਹੀਦਾ।

ਇਸ ਦੇ ਨਾਲ ਹੀ ਸੁਖਪਾਲ ਖਹਿਰਾ ਨੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਦੇ ਬਿਆਨ 'ਤੇ ਵੀ ਪ੍ਰਤੀਕਿਰਿਆ ਦਿੱਤੀ ਹੈ ਤੇ ਕਿਹਾ ਹੈ ਕਿ ''ਅਰਵਿੰਦ ਕੇਜਰੀਵਾਲ ਇਹ ਸਪੱਸ਼ਟ ਕਰਨ ਕਿ ਕੀ ਹਰਿਆਣਾ ਨੂੰ SYL ਦਾ ਪਾਣੀ ਦੇਣਾ MP ਸੁਸ਼ੀਲ ਗੁਪਤਾ ਦਾ ਅਪਣਾ ਸਟੈਂਡ ਹੈ ਜਾਂ ਪਾਰਟੀ ਦਾ? ਇਹ ਪੰਜਾਬ ਦੇ ਦਰਿਆਈ ਪਾਣੀ 'ਤੇ ਸਿੱਧਾ ਹਮਲਾ ਹੈ। ਭਗਵੰਤ ਮਾਨ ਨੂੰ ਵੀ 'ਆਪ' ਦੀ ਇਸ ਪੰਜਾਬ ਵਿਰੋਧੀ ਹਰਕਤ 'ਤੇ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।''
ਦੱਸ ਦੀਏ ਕਿ ਸੁਸ਼ੀਲ ਗੁਪਤਾ ਨੇ ਕਿਹਾ ਸੀ ਕਿ ਜੇ ਹਰਿਆਣਾ ਵਿਚ ਆਪ ਦੀ ਸਰਕਾਰ ਬਣਦੀ ਹੈ ਤਾਂ ਐੱਸਵਾਈਐੱਲ ਤੋਂ ਹਰ ਇਕ ਪਿੰਡ ਨੂੰ ਪਾਣੀ ਦਿੱਤਾ ਜਾਵੇਗਾ ਜਿਸ ਤੇ ਸੁਖਪਾਲ ਖਹਿਰਾ ਨੇ ਕੇਜਰੀਵਾਲ ਨੂੰ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ। 

 

ਇਸ ਮੁੱਦੇ ਨੂੰ ਲੈ ਕੇ ਰਾਜਾ ਵੜਿੰਗ ਨੇ ਵੀ ਟਵੀਟ ਕੀਤਾ ਹੈ ਤੇ ਲਿਖਿਆ ਹੈ ਕਿ ''ਮਾਨ ਜੀ ਮੈਂ ਤੁਹਾਨੂੰ ਸੁਚੇਤ ਕੀਤਾ ਸੀ ਕਿ ਦੁਸ਼ਮਣ ਦਰਵਾਜ਼ੇ ਤੇ ਹੈ ਅਤੇ SYL ਦਾ ਮੁੱਦਾ ਪੰਜਾਬ ਦੇ ਗਲੇ  ਦੀ ਫਾਂਸੀ ਬਣਨ ਵਾਲਾ ਹੈ, 'ਆਪ' ਪਾਰਟੀ ਦੇ MP ਸੁਸ਼ੀਲ ਗੁਪਤਾ ਨੇ ਕਿਹਾ ਹੈ ਕਿ ਉਹ ਹਰਿਆਣਾ ਨੂੰ SYL ਦਾ ਪਾਣੀ ਲੈ ਕੇ ਦੇਣਗੇ। ਇਸ ਮੁੱਦੇ 'ਤੇ ਪੰਜਾਬ ਦੀ 'ਆਪ' ਅਤੇ ਇਸ ਦੇ MP ਕਿਉਂ ਚੁੱਪ ਹਨ? ਕਿਰਪਾ ਕਰਕੇ ਇਹ ਦੱਸਣ ਦੀ ਖੇਚਲ ਕਰੋਗੇ''