ਫ਼ਰਜ਼ੀ ਦਸਤਾਵੇਜ਼ਾਂ ਦੇ ਅਧਾਰ ’ਤੇ ਹੋਏ ਕਿਡਨੀ ਟ੍ਰਾਂਸਪਲਾਂਟ ਦੇ 6 ਹੋਰ ਮਾਮਲੇ ਆਏ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਿਜੀ ਹਸਪਤਾਲ ’ਚ ਕਿਡਨੀ ਰੈਕਟ ਦਾ ਮਾਮਲਾ

photo

 

ਡੇਰਾਬੱਸੀ (ਗੁਰਜੀਤ ਸਿੰਘ ਈਸਾਪੁਰ):  ਡੇਰਾਬੱਸੀ ਦੇ ਇਕ ਨਿਜੀ ਹਸਪਤਾਲ ’ਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਕਿਡਨੀ ਟਰਾਂਸਪਲਾਂਟੇਸਨ ਦੇ ਫ਼ਰਜ਼ੀਵਾੜੇ ਦੀਆਂ ਇਕ-ਇਕ ਕਰ ਕੇ ਪਰਤਾਂ ਖੁੱਲਦੀਆਂ ਜਾ ਰਹੀਆਂ ਹਨ । ਆਧਾਰ ਕਾਰਡ, ਵੋਟਰ ਕਾਰਡ, ਰਿਹਾਇਸ਼ੀ ਸਰਟੀਫ਼ਿਕੇਟ ਸਮੇਤ ਫਰਜ਼ੀ ਹਲਫੀਆ ਬਿਆਨਾਂ ਨਾਲ ਕਿਡਨੀ ਟਰਾਂਸਪਲਾਂਟ ਦੇ ਛੇ ਹੋਰ ਮਾਮਲੇ ਸਾਹਮਣੇ ਆਏ ਹਨ। ਐਸਆਈਟੀ ਨੇ ਕਿਡਨੀ ਲੈਣ ਅਤੇ ਦੇਣ ਦੇ ਫ਼ਰਜ਼ੀਵਾੜੇੇ ਵਿਚ ਨਾ ਕੇਵਲ ਫ਼ਰਜ਼ੀਵਾੜੇ ਦਾ ਖੁਲਾਸਾ ਕੀਤਾ ਹੈ ਬਲਕਿ ਅਜਿਹੇ ਮਾਮਲਿਆਂ ਵਿਚ ਪੈਸਿਆਂ ਦੇ ਲੈਣ ਦੇਣ ਦਾ ਵੀ ਪਤਾ ਲਗਾਇਆ ਹੈ। ਇਹ ਲੈਣ-ਦੇਣ ਕਿਡਨੀ ਲੈਣ ਵਾਲੇ ਤੋਂ ਲੈ ਕੇ ਕਿਡਨੀ ਡੋਨਰ ਅਤੇ ਵਿਚੋਲਿਆਂ ਨਾਲ ਵੀ ਕੀਤਾ ਗਿਆ ਸੀ। 

ਇਸ ਹਸਪਤਾਲ ’ਚ ਟਰਾਂਸਪਲਾਂਟ ਦੇ ਕੁਲ 35 ਕੇਸਾਂ ਵਿਚੋਂ ਸਿਰਫ਼ 2 ਗ਼ੈਰ-ਖ਼ੂਨ ਦੇ ਸਬੰਧਾਂ ਦੇ ਕੇਸ ਹਨ। ਖ਼ੂਨ ਦੇ ਰਿਸ਼ਤਿਆਂ ਵਾਲੇ 33 ਕੇਸਾਂ ’ਚੋਂ ਇਕ ਦਾਨਕਰਤਾ ਸਤੀਸ਼ ਤਾਇਲ ਅਤੇ ਡੋਨਰ ਕਪਿਲ ਦਾ ਮਾਮਲਾ ਮਾਰਚ ਮਹੀਨੇ ਸਾਹਮਣੇ ਆਇਆ ਸੀ ਜਿਸ ’ਚ 18 ਮਾਰਚ ਨੂੰ ਪੁਲਿਸ ਨੇ ਡੋਨਰ ਦੇ ਬਿਆਨ ’ਤੇ ਹਸਪਤਾਲ ਦੇ ਸਟਾਫ਼ ਸਮੇਤ ਤਿੰਨ ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਸੀ। ਅਪ੍ਰੈਲ ਦੇ ਪਹਿਲੇ ਹਫ਼ਤੇ ਐਸਆਈਟੀ ਗਠਿਤ ਕਰਨ ਤੋਂ ਬਾਅਦ ਬਾਕੀ 32 ਮਾਮਲਿਆਂ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਗਈ।

ਡੇਰਾਬਸੀ ਦੇ ਏਐਸਪੀ ਦਰਪਨ ਆਹਲੂਵਾਲੀਆ ਨੇ ਦਸਿਆ ਕਿ ਸਤੀਸ਼ ਤਾਇਲ ਤੋਂ ਇਲਾਵਾ ਐਸਆਈਟੀ ਦੀਆਂ ਵੱਖ-ਵੱਖ ਟੀਮਾਂ ਵੀ 32 ਕੇਸਾਂ ਦੀਆਂ ਫ਼ਾਈਲਾਂ ਦੀ ਪੜਤਾਲ ਕਰ ਰਹੀਆਂ ਹਨ। ਇਨ੍ਹਾਂ ਫ਼ਾਈਲਾਂ ਵਿਚ ਜਾਅਲਸਾਜ਼ੀ ਦੇ ਆਧਾਰ ’ਤੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਮਰੀਜ਼ਾਂ ਦੇ ਗੁਰਦੇ ਟਰਾਂਸਪਲਾਂਟ ਕੀਤੇ ਗਏ ਸਨ। ਪੰਜਾਬ ਤੋਂ ਜਲੰਧਰ, ਲੁਧਿਆਣਾ ਅਤੇ ਬਨੂੜ, ਹਰਿਆਣਾ ਤੋਂ ਕੁਰੂਕਸ਼ੇਤਰ ਅਤੇ ਉੱਤਰ ਪ੍ਰਦੇਸ਼ ਤੋਂ ਬਰੇਲੀ ਦੇ ਪਰਵਾਰ ਸ਼ਾਮਲ ਹਨ। ਇਥੇ ਦੱਸ ਦੇਈਏ ਕਿ ਇਸ ਮਾਮਲੇ ਵਿਚ ਗਿ੍ਰਫ਼ਤਾਰ ਕੀਤੇ ਗਏ ਦੋ ਮੁਲਜ਼ਮ ਅਭਿਸ਼ੇਕ ਅਤੇ ਰਾਜਨਾਰਾਇਣ ਵੀ ਬਰੇਲੀ ਦੇ ਰਹਿਣ ਵਾਲੇ ਹਨ। 

ਇਹ ਪੁੱਛਣ ’ਤੇ ਕਿ ਇਸ ਮਾਮਲੇ ’ਚ ਹੁਣ ਤਕ ਕਿੰਨੇ ਦੋਸ਼ੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ, ਏਐਸਪੀ ਨੇ ਦਸਿਆ ਕਿ ਸਿਰਫ਼ ਦੋ ਗਿ੍ਰਫ਼ਤਾਰੀਆਂ ਹੋਈਆਂ ਹਨ। ਹੋਰ ਫ਼ਰਜ਼ੀ ਕੇਸ ਫੜੇ ਜਾ ਰਹੇ ਹਨ, ਇਨ੍ਹਾਂ ਦੇ ਨਾਲ-ਨਾਲ ਇਸ ਰੈਕੇਟ ਵਿਚ ਸ਼ਾਮਲ ਕੋਈ ਹੋਰ ਵਿਅਕਤੀ ਵੀ ਮੁਲਜ਼ਮਾਂ ਦੀ ਸੂਚੀ ਵਿਚ ਸ਼ਾਮਲ ਹੈ? ਏਐਸਪੀ ਨੇ ਦਸਿਆ ਕਿ ਅਜੇ ਤਕ ਨਾ ਤਾਂ ਕਿਸੇ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਹੋਰ ਗਿ੍ਰਫ਼ਤਾਰੀ ਹੋਈ ਹੈ। ਉਨ੍ਹਾਂ ਨੂੰ ਅੱਗੇ ਸ਼ਾਮਲ ਕਰਨ ਬਾਰੇ ਸਿਰਫ਼ ਐਸ ਆਈ ਟੀ ਹੀ ਫੈਸਲਾ ਕਰੇਗੀ। ਹੁਣ ਤਕ 32 ਕੇਸਾਂ ਵਿਚੋਂ 60 ਫ਼ੀਸਦੀ ਦੀ ਪੂਰੀ ਜਾਂਚ ਹੋ ਚੁੱਕੀ ਹੈ ਜਦਕਿ ਬਾਕੀ ਕੇਸਾਂ ਦੀ ਵੀ ਵੱਖ-ਵੱਖ ਟੀਮਾਂ ਵਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ।

ਹੈਰਾਨੀ ਦੀ ਗੱਲ ਹੈ ਕਿ ਕਿਡਨੀ ਲੈਣ ਵਾਲਾ ਅਤੇ ਡੋਨਰ ਇਕ ਤੋਂ ਬਾਅਦ ਇਕ ਜਾਅਲੀ ਦਸਤਾਵੇਜ਼ਾਂ ਦਾ ਸਹਾਰਾ ਲੈਂਦੇ ਰਹੇ। ਅਜਿਹੇ ’ਚ ਹਸਪਤਾਲ ਕਮੇਟੀ ਦੀ ਜਾਂਚ ’ਚ ਉਨ੍ਹਾਂ ਦਾ ਕਲੀਨ ਚਿੱਟ ਮਿਲਣਾ ਕਈ ਸਵਾਲ ਖੜੇ ਕਰਦਾ ਹੈ।

ਇਸ ਸਬੰਧੀ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਨੇ ਕਿਹਾ ਕਿ ਮੈਡੀਕਲ ਕਮੇਟੀ ਕੋਲ ਪੁਲਿਸ ਵਾਂਗ ਕੋਈ ਜਾਂਚ ਸ਼ਕਤੀ ਨਹੀਂ ਹੈ। ਉਹ ਸਵਾਲਾਂ ਦੇ ਜਵਾਬਾਂ ਸਮੇਤ ਵੀਡੀਉਗ੍ਰਾਫ਼ੀ ਦੌਰਾਨ ਮੌਕੇ ’ਤੇ ਹੀ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ। ਉਹ ਖੁਦ ਹੈਰਾਨ ਹੈ ਕਿ ਕੁਝ ਹੋਰ ਮਾਮਲਿਆਂ ਵਿਚ ਵੀ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਗਈ। ਫ਼ਿਲਹਾਲ ਉਨ੍ਹਾਂ ਨੇ ਜਾਂਚ ਲਈ ਸਾਰਾ ਰਿਕਾਰਡ ਪੁਲਿਸ ਨੂੰ ਸੌਂਪ ਦਿਤਾ ਹੈ।

ਦੱਸਣਯੋਗ ਹੈ ਕਿ ਇਸ ਮਾਮਲੇ ਦਾ ਪਰਦਾਫਾਸ਼ ਸਿਰਸਾ ਦੇ ਕਪਿਲ ਨਾਮਕ ਕਿਡਨੀ ਡੋਨਰ ਰਾਹੀਂ ਹੋਇਆ ਸੀ ਜਿਸ ਦੀ ਕਿਡਨੀ 6 ਮਾਰਚ ਨੂੰ ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਸੋਨੀਪਤ ਦੇ ਸਤੀਸ਼ ਤਾਇਲ ਨੂੰ ਟਰਾਂਸਪਲਾਂਟ ਕੀਤੀ ਗਈ ਸੀ। ਕਿਡਨੀ ਦਾਨ ਲਈ 10 ਲੱਖ ਰੁਪਏ ਦੀ ਬਜਾਏ ਸਿਰਫ 4.5 ਲੱਖ ਰੁਪਏ ਦਿਤੇ ਗਏ ਜਿਸ ’ਤੇ ਕਪਿਲ ਨੇ ਹੰਗਾਮਾ ਕੀਤਾ ਅਤੇ ਮਾਮਲਾ ਪੁਲਿਸ ਤਕ ਪਹੁੰਚ ਗਿਆ। ਪੁਲਿਸ ਨੇ 18 ਮਾਰਚ ਨੂੰ ਹੇਰਾਫੇਰੀ ਵਿਚ ਮਿਲੀਭੁਗਤ ਤੋਂ ਇਲਾਵਾ ਮਨੁੱਖੀ ਅੰਗ ਟਰਾਂਸਪਲਾਂਟੇਸ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।