Jalalabad News: ਜਲਾਲਾਬਾਦ ਵਿਚ ਖੇਤਾਂ 'ਚ ਖੜ੍ਹੀ ਕਣਕ ਨੂੰ ਲੱਗੀ ਅੱਗ, 50 ਤੋਂ 60 ਕਿੱਲੇ ਫ਼ਸਲ ਸੜ ਕੇ ਹੋਈ ਸੁਆਹ
Jalalabad News: ਮਾਨਸਾ ਦੇ ਪਿੰਡ ਭੈਣੀ ਬਾਘਾ ਵਿੱਚ ਪੱਕੀ ਕਣਕ ਨੂੰ ਅੱਗ ਲੱਗਣ ਕਾਰਨ ਲਗਭਗ 15 ਏਕੜ ਕਣਕ ਅਤੇ ਤੂੜੀ ਸੜ ਕੇ ਸੁਆਹ
ਜਦੋਂ ਵਿਸਾਖ ਮਹੀਨਾ ਚੜ੍ਹਦਿਆਂ ਕਿਸਾਨ ਦੀ ਜ਼ਮੀਨ 'ਚ ਸੋਨੇ ਦੀ ਭਾਅ ਮਾਰਨ ਲੱਗ ਜਾਂਦੀ ਤਾਂ ਕਿਸਾਨ ਖ਼ੁਸ਼ੀ ਨਾਲ ਫੁੱਲਿਆ ਨਹੀਂ ਸਮਾਉਂਦਾ ਪਰ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਸ ਦੇ ਸਿਰ 'ਤੇ ਕਈ ਤਰ੍ਹਾਂ ਦੀਆਂ ਕੁਦਰਤੀ ਆਫ਼ਤਾਂ ਮੂੰਹ ਅੱਡੀ ਖੜ੍ਹੀਆਂ ਹਨ। ਸਭ ਤੋਂ ਵੱਡਾ ਖ਼ਤਰਾ ਮੀਂਹ, ਤੂਫ਼ਾਨ ਜਾਂ ਗੜ੍ਹੇਮਾਰੀ ਹੁੰਦੀ ਹੈ। ਜਿਸ ਦਾ ਰੂਪ ਬੀਤੇ ਦਿਨ ਕੁਦਰਤ ਨੇ ਵਿਖਾ ਦਿੱਤਾ ਹੈ।
ਬੀਤੇ ਦਿਨ ਆਏ ਤੂਫ਼ਾਨ ਕਾਰਨ ਕਈ ਇਲਾਕਿਆਂ ਵਿਚ ਖੇਤਾਂ ਵਿਚ ਪੱਕੀ ਫ਼ਸਲ ਵਿਛ ਗਈ ਤੇ ਜਿਹੜੀ ਕਣਕ ਮੰਡੀਆਂ ਵਿਚ ਪਈ ਸੀ ਉਹ ਭਿੱਜ ਗਈ। ਇਸੇ ਤਰ੍ਹਾਂ ਕਿਸਾਨਾਂ ਸਿਰ ਹਰ ਸਾਲ ਇਕ ਹੋਰ ਮੁਸੀਬਤ ਬਣਦੀ ਹੈ ਉਹ ਹੈ ਪੱਕੀ ਫ਼ਸਲ ਨੂੰ ਅੱਗ ਲੱਗਣਾ।
ਗਰਮੀ ਕਾਰਨ ਕਈ ਵਾਰ ਅਚਾਨਕ ਬਿਜਲੀ ਦੀਆਂ ਤਾਰਾਂ 'ਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਕਣਕ ਨੂੰ ਅੱਗ ਲੱਗ ਜਾਂਦੀ ਹੈ। ਅਜਿਹੀਆਂ ਖ਼ਬਰਾਂ ਪੰਜਾਬ ਦੇ ਦੋ ਜ਼ਿਲ੍ਹਿਆਂ 'ਚੋਂ ਮਿਲੀਆਂ ਹਨ।
ਪਹਿਲੀ ਘਟਨਾ ਜਲਾਲਾਬਾਦ ਦੇ ਪਿੰਡ ਮਾੜਿਆਂਵਾਲੀ ਢਾਣੀ ਤੋਂ ਸਾਹਮਣੇ ਆਈ ਹੈ। ਜਿਥੇ ਖੇਤਾਂ 'ਚ ਖੜ੍ਹੀ ਕਣਕ ਨੂੰ ਅੱਗ ਲੱਗ ਗਈ ਤੇ ਕਰੀਬ 50 ਤੋਂ 60 ਕਿੱਲੇ ਫ਼ਸਲ ਸੜ ਕੇ ਸੁਆਹ ਹੋ ਗਈ।
ਦੂਜੀ ਘਟਨਾ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਤੋਂ ਸਾਹਮਣੇ ਆਈ ਹੈ, ਜਿਥੇ ਕਣਕ ਦੀ ਫ਼ਸਲ ਨੂੰ ਅੱਗ ਲਗਾਉਣ ਕਾਰਨ ਲਗਭਗ 15 ਏਕੜ ਕਣਕ ਅਤੇ ਤੂੜੀ ਸੜ ਕੇ ਸੁਆਹ ਹੋ ਗਈ। ਕੁਝ ਕਿਸਾਨਾਂ ਕੋਲ ਸਿਰਫ਼ 1.5 ਏਕੜ ਕਣਕ ਸੀ ਜੋ ਪੂਰੀ ਤਰ੍ਹਾਂ ਸੜ ਗਈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।