ਔਰਤਾਂ ਨੂੰ ਵੋਟ ਪ੍ਰਤੀ ਉਤਸ਼ਾਹਿਤ ਕਰਨ ਲਈ ਬਣਾਏ ਗਏ ਪਿੰਕ ਪੋਲਿੰਗ ਬੂਥ
ਪ੍ਰਸ਼ਾਸਨ ਵੱਲੋਂ ਔਰਤਾਂ ਅਤੇ ਬੱਚਿਆਂ ਲਈ ਇਕ ਵਿਸ਼ੇਸ਼ ਸਹੂਲਤ ਦਿੱਤੀ ਜਾ ਰਹੀ ਹੈ।
ਪੰਜਾਬ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿਚ ਆਖਰੀ ਗੇੜ ਦੀਆਂ ਵੋਟਾਂ ਜਾਰੀ ਹਨ। ਲਗਭਗ ਸਾਰੇ ਵੋਟਰ ਅਪਣੇ ਉਮੀਦਵਾਰਾਂ ਨੂੰ ਵੋਟ ਪਾਉਣ ਲਈ ਲਾਈਨਾਂ ਵਿਚ ਖੜ੍ਹੇ ਦਿਖਾਈ ਦੇ ਰਹੇ ਹਨ। ਇਸਦੇ ਨਾਲ ਹੀ ਚੋਣ ਪ੍ਰਸ਼ਾਸਨ ਵੱਲੋਂ ਔਰਤਾਂ ਅਤੇ ਬੱਚਿਆਂ ਲਈ ਇਕ ਵਿਸ਼ੇਸ਼ ਸਹੂਲਤ ਦਿੱਤੀ ਜਾ ਰਹੀ ਹੈ। ਇਸ ਦੌਰਾਨ ਪੰਜਾਬ ਵਿਚ ਕਈ ਥਾਵਾਂ ‘ਤੇ ਗੁਲਾਬੀ ਰੰਗ ਦੇ ਟੈਂਟ ਲਗਾ ਕੇ ਪੋਲਿੰਗ ਬੂਥ ਤਿਆਰ ਕੀਤੇ ਗਏ।
ਇਸਦੇ ਨਾਲ ਹੀ ਇਨ੍ਹਾਂ ਪਿੰਕ ਬੂਥਾਂ ‘ਤੇ ਬੱਚਿਆਂ ਲਈ ਗੁਬਾਰੇ ਵੀ ਲਗਾਏ ਗਏ ਹਨ। ਇਸ ਸਬੰਧੀ ਚੋਣ ਕਮਿਸ਼ਨ ਨੇ ਦੱਸਿਆ ਕਿ ਲੋਕ ਸਭਾ ਚੋਣਾ ਦੌਰਾਨ ਔਰਤਾਂ ਨੂੰ ਪੋਲਿੰਗ ਸਟੇਸ਼ਨਾਂ ਤੱਕ ਵੋਟ ਪਾਉਣ ਲਈ ਆਉਣ ਅਤੇ ਉਤਸ਼ਾਹਿਤ ਕਰਨ ਲਈ ਇਹ ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਨੂੰ ਪਿੰਕ ਪੋਲਿੰਗ ਸਟੇਸ਼ਨ ਦਾ ਨਾਂਅ ਦਿੱਤਾ ਗਿਆ ਹੈ। ਇਨ੍ਹਾਂ ਪੋਲਿੰਗ ਕੇਂਦਰਾਂ ਦੇ ਬਾਹਰ ਮਹਿਲਾ ਮੁਲਾਜ਼ਮਾਂ ਨੂੰ ਹੀ ਤਾਇਨਾਤ ਕੀਤਾ ਗਿਆ ਹੈ।
ਇਨ੍ਹਾਂ ਬੂਥਾਂ ਨੂੰ ਬਣਾਉਣ ਲਈ ਵਰਤੇ ਗਏ ਟੈਂਟ, ਟੇਬਲ ਕਲਾਥ ਅਤੇ ਗੁਬਾਰਿਆਂ ਦਾ ਰੰਗ ਵੀ ਗੁਲਾਬੀ ਹੈ। ਇਨ੍ਹਾਂ ਪੋਲਿੰਗ ਸਟੇਸ਼ਨਾਂ ‘ਤੇ ਬੱਚਿਆਂ ਦੀ ਸੰਭਾਲ ਲਈ ਸਪੈਸ਼ਲ ਆਂਗਣਵਾੜੀ ਦੀਆਂ ਔਰਤਾਂ ਦੀ ਡਿਊਟੀ ਲਗਾਈ ਗਈ ਹੈ। ਵੋਟਰਾਂ ਲਈ ਪਿੰਕ ਪੋਲਿੰਗ ਸਟੇਸ਼ਨ ਸੈਲਫੀ ਜ਼ੋਨ ਬਣ ਗਏ ਹਨ। ਬਜ਼ੁਰਗ ਵੋਟਰਾਂ ਲਈ ਵਹੀਲ ਚੇਅਰ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ।
ਇਸਦੇ ਨਾਲ ਹੀ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਵੋਟਰਾਂ ਦਾ ਕਹਿਣਾ ਹੈ ਕਿ ਪੋਲਿੰਗ ਸਟੇਸ਼ਨਾਂ ‘ਤੇ ਪ੍ਰਸ਼ਾਸਨ ਵੱਲੋਂ ਬਹੁਤ ਵਧੀਆਂ ਇੰਤਜ਼ਾਮ ਕੀਤੇ ਗਏ ਹਨ। ਦੱਸ ਦਈਏ ਕਿ ਭਾਰਤ ਵਿਚ ਪਹਿਲੀ ਵਾਰ ਗੁਲਾਬੀ ਬੂਥ ਦੀ ਸ਼ੁਰੂਆਤ 2015 ਵਿਚ ਸਾਬਕਾ ਚੋਣ ਕਮਿਸ਼ਨਰ ਮੁਖੀ ਨਸੀਮ ਜੈਦੀ ਨੇ ਕੀਤੀ ਸੀ। ਸਾਲ 2015 ਵਿਚ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਪਹਿਲੀ ਵਾਰ ਇਸ ਦੀ ਵਰਤੋਂ ਹੋਈ ਸੀ।