ਗ਼ੈਰ ਕਾਨੂੰਨੀ ਸ਼ਰਾਬ ਦੇ ਅਸਲ ਮਾਫ਼ੀਆ ਨੂੰ ਬੇਨਕਾਬ ਕਰੇ ਕੈਪਟਨ ਸਰਕਾਰ : ਅਮਨ ਅਰੋੜਾ
ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸਰਬ ਪਾਰਟੀ ਕਮੇਟੀ ਦੇ ਗਠਨ ਦੀ ਕੀਤੀ ਮੰਗ
ਸੁਨਾਮ ਊਧਮ ਸਿੰਘ ਵਾਲਾ, 18 ਮਈ (ਦਰਸ਼ਨ ਸਿੰਘ ਚੌਹਾਨ) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਵਿਚ ਗ਼ੈਰ ਕਾਨੂੰਨੀ ਸ਼ਰਾਬ ਮਾਫ਼ੀਆ ਦੇ ਅਸਲ ਚਿਹਰੇ ਨੂੰ ਲੋਕਾਂ ਵਿਚ ਬੇਨਕਾਬ ਕਰਨ ਦੀ ਮੰਗ ਕੀਤੀ ਹੈ। ਵਿਧਾਇਕ ਅਰੋੜਾ ਨੇ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਕਾਇਦਾ ਪੱਤਰ ਲਿਖਿਆ ਹੈ।
ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਸੂਬੇ ਅੰਦਰ ਗ਼ੈਰ ਕਾਨੂੰਨੀ ਸ਼ਰਾਬ ਮਾਫ਼ੀਆ ਨੇ ਸਮੁੱਚੀ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿਤੀਆਂ ਸਨ ਜਿਸ ਵਿਚ ਗੰਭੀਰ ਵਿੱਤੀ ਸੰਕਟ ਵਿਚੋਂ ਲੰਘ ਰਹੀ ਸੂਬੇ ਦੇ ਮਾਲੀਏ ਨੂੰ ਭਾਰੀ ਚੂਨਾ ਲਗਾਇਆ ਗਿਆ। ਸੂਬੇ ਅੰਦਰ ਸ਼ਰਾਬ ਮਾਫ਼ੀਏ ਦਾ ਮਾਮਲਾ ਬੇਪਰਦ ਹੋਣ ਨਾਲ ਸਰਕਾਰ ਦੀ ਕਾਰਗੁਜ਼ਾਰੀ ਵੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ।
ਉਨ੍ਹਾਂ ਲਿਖੇ ਪੱਤਰ ਵਿਚ ਕਿਹਾ ਕਿ ਗ਼ੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਦੇ ਕੰਮ-ਕਾਜ ਦਾ ਪੰਜਾਬ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਸ਼ਰਾਬ ਬਣਾਉਣ ਵਾਲੀਆਂ ਚਾਰ ਫੈਕਟਰੀਆਂ ਫੜੀਆਂ ਗਈਆਂ ਅਤੇ ਇਨ੍ਹਾਂ ਵਿਚੋਂ ਤਿੰਨ ਤੇ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਪਟਿਆਲਾ ਵਿੱਚ ਸਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਵਿਚ ਮੰਗ ਕੀਤੀ ਹੈ ਕਿ ਸਰਬ ਪਾਰਟੀ ਸਬ ਕਮੇਟੀ ਦਾ ਗਠਨ ਕਰ ਕੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਸ਼ਰਾਬ ਮਾਫ਼ੀਆ ਦੇ ਅਸਲ ਚਿਹਰਿਆਂ ਨੂੰ ਸੂਬੇ ਦੀ ਜਨਤਾ ਵਿਚ ਬੇਨਕਾਬ ਕੀਤਾ ਜਾਵੇ।