ਚੰਡੀਗੜ੍ਹ 'ਚ ਚਾਰ ਦਿਨ ਬਾਅਦ ਮੁੜ ਪਰਤਿਆ ਕੋਰੋਨਾ, ਛੇ ਨਵੇਂ ਮਾਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਰੇ ਮਰੀਜ਼ ਬਾਪੂਧਾਮ ਕਾਲੋਨੀ ਤੋਂ, ਤਿੰਨ ਮਰੀਜ਼ ਠੀਕ ਹੋ ਕੇ ਘਰ ਪੁੱਜੇ

ਚੰਡੀਗੜ੍ਹ 'ਚ ਚਾਰ ਦਿਨ ਬਾਅਦ ਮੁੜ ਪਰਤਿਆ ਕੋਰੋਨਾ, ਛੇ ਨਵੇਂ ਮਾਮਲੇ

ਚੰਡੀਗੜ੍ਹ, 18 ਮਈ (ਤਰੁਣ ਭਜਨੀ): ਚੰਡੀਗੜ੍ਹ ਵਿਚ ਸੋਮਵਾਰ ਤੋਂ ਤਾਲਾਬੰਦੀ ਦਾ ਚੌਥਾ ਗੇੜ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਸ਼ਹਿਰ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸ਼ਹਿਰ ਵਿਚ ਚਾਰ ਦਿਨਾਂ ਬਾਅਦ ਫਿਰ ਕੋਰੋਨਾ ਪਾਜ਼ੇਟਿਵ 6 ਮਰੀਜ਼ ਸਾਹਮਣੇ ਆ ਗਏ ਹਨ। ਇਹ ਸਾਰੇ ਪਾਜ਼ੇਟਿਵ ਕੇਸ ਬਾਪੂਧਾਮ ਕਾਲੋਨੀ ਦੇ ਹਨ।

ਪਿਛਲੇ ਕੁੱਝ ਦਿਨਾਂ ਤੋਂ ਇਕ ਵੀ ਕੇਸ ਨਾ ਆਉਣ 'ਤੇ ਇਹ ਲੱਗ ਰਿਹਾ ਸੀ ਕਿ ਬਾਪੂਧਾਮ ਦੀ ਚੇਨ ਟੁੱਟ ਗਈ ਹੈ ਪਰ ਹਫ਼ਤੇ ਦਾ ਪਹਿਲਾ ਦਿਨ ਫਿਰ ਬੁਰੀ ਖ਼ਬਰ ਲੈ ਕੇ ਆਇਆ ਹੈ। ਸੋਮਵਾਰ ਸਵੇਰੇ ਹੀ ਬਾਪੂਧਾਮ ਕਾਲੋਨੀ ਤੋਂ ਛੇ ਹੋਰ ਨਵੇਂ ਕੋਰੋਨਾ ਪਾਜ਼ੇਟਿਵ ਮਰੀਜ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਬਾਪੂਧਾਮ ਕਾਲੋਨੀ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 128 ਹੋ ਗਈ ਹੈ।

ਸੋਮਵਾਰ ਸਵੇਰੇ ਜੋ ਪਾਜ਼ੇਟਿਵ ਪਾਏ ਗਏ, ਉਨ੍ਹਾਂ ਵਿਚ ਇਕੋ ਜਿਹੇ ਲੱਛਣ ਹਨ ਪਰ ਇਹ ਸਾਰੇ ਪਾਜ਼ੇਟਿਵ ਹਨ। ਅਜਿਹੇ ਵਿਚ ਇਨ੍ਹਾਂ ਨੂੰ ਫਿਲਹਾਲ ਜੀਐਮਐਸਐਚ-16 ਵਿਚ ਰਖਿਆ ਗਿਆ ਹੈ। ਨਵੇਂ ਮਰੀਜ਼ਾਂ ਵਿਚ 29 ਸਾਲ ਦੀ ਮਹਿਲਾ, 48 ਸਾਲ ਦੇ ਵਿਅਕਤੀ, 26 ਸਾਲ ਦਾ ਨੌਜਵਾਨ, 60 ਸਾਲ ਦੀ ਬਜ਼ੁਰਗ ਮਹਿਲਾ ਅਤੇ 10 ਸਾਲ ਦਾ ਬੱਚਾ ਅਤੇ 12 ਸਾਲ ਦਾ ਬੱਚਾ ਸ਼ਾਮਲ ਹੈ।

ਪੀਜੀਆਈ ਤੋਂ ਕਾਫ਼ੀ ਗਿਣਤੀ ਵਿੱਚ ਕੋਰੋਨਾ ਪਾਜ਼ੇਟਿਵ ਮਰੀਜ਼ ਠੀਕ ਹੋ ਕੇ ਵਾਪਸ ਜਾ ਰਹੇ ਹਨ। ਇਸ ਸਮੇਂ ਸ਼ਹਿਰ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 197 ਹੈ, ਜਿਸ ਵਿਚੋਂ 54 ਠੀਕ ਹੋਕੇ ਚਲੇ ਗਏ ਹਨ। ਪੀਜੀਆਈ ਤੋਂ ਸੋਮਵਾਰ ਨੂੰ ਬਾਪੂਧਾਮ ਦੇ ਤਿੰਨ ਕੋਰੋਨਾ ਪਾਜ਼ੇਟਿਵ ਮਰੀਜ ਠੀਕ ਹੋ ਕੇ ਡਿਸਚਾਰਜ ਹੋ ਗਏ ਹਨ। ਇਨ੍ਹਾਂ ਵਿਚ 38 ਸਾਲ ਦੇ ਇੰਦਰ ਸਿੰਘ , 19 ਸਾਲ ਦੀ ਨੇਹਾ ਸਿੰਘ ਅਤੇ ਇਕ 40 ਸਾਲਾ ਵਿਅਕਤੀ ਸ਼ਾਮਲ ਹਨ। ਚੰਡੀਗੜ੍ਹ ਸ਼ਹਿਰ ਵਿਚ ਹੁਣ ਤਕ 54 ਮਰੀਜ਼ ਠੀਕ ਹੋਕੇ ਘਰ ਜਾ ਚੁੱਕੇ ਹਨ ਜਦਕਿ ਤਿੰਨ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਐਡਵਾਂਸ ਪੀਡਿਆਟਰਿਕ ਸੈਂਟਰ 'ਚ ਛੇ ਸਾਲਾ ਬੱਚੇ ਦੀ ਹੋਈ ਸੀ ਮੌਤ : ਐਤਵਾਰ ਨੂੰ ਪੀਜੀਆਈ ਦੇ ਐਡਵਾਂਸ ਪੀਡਿਆਟਰਿਕ ਸੈਂਟਰ ਵਿਚ ਇਕ ਵਾਰ ਫਿਰ ਕੋਰੋਨਾ ਵਾਇਰਸ ਕਾਰਨ ਪੰਜਾਬ ਦੇ ਲੁਧਿਆਣਾ  ਦੇ ਹੱਬੋਵਾਲ ਦੇ ਛੇ ਸਾਲ ਦੇ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਅਸੀਸ ਨੂੰ 15 ਮਈ ਨੂੰ ਪੀਜੀਆਈ ਦੇ ਐਡਵਾਂਸ ਪੀਡਿਆਟਰਿਕ ਸੈਂਟਰ ਵਿਚ ਇਲਾਜ ਲਈ ਦਾਖ਼ਲ ਕੀਤਾ ਗਿਆ ਸੀ।

ਜਿਸ ਦੀ ਐਤਵਾਰ ਸਵੇਰੇ 11 ਵਜੇ ਮੌਤ ਹੋ ਗਈ ਸੀ। ਪੀਜੀਆਈ ਦੇ ਡਾਕਟਰਾਂ ਮੁਤਾਬਕ ਬੱਚੇ ਨੂੰ ਕਈ ਹੋਰ ਤਰਾਂ ਦੀਆਂ ਬੀਮਾਰੀਆਂ ਸਨ। ਇਸਤੋਂ ਪਹਿਲਾਂ ਪੀਜੀਆਈ ਦੇ ਐਡਵਾਂਸ ਪੀਡਿਆਟਰਿਕ ਸੈਂਟਰ ਵਿਚ ਪੰਜਾਬ ਦੇ ਫਗਵਾੜਾ ਦੀ ਛੇ ਸਾਲ ਦੀ ਕੋਰੋਨਾ ਪਾਜ਼ੇਟਿਵ ਇਕ ਬੱਚੀ ਦੀ ਮੌਤ ਹੋ ਚੁੱਕੀ ਹੈ। ਇਸ ਬੱਚੀ ਦੀ 23 ਅਪ੍ਰੈਲ ਨੂੰ ਪੀਜੀਆਈ ਵਿਚ ਮੌਤ ਹੋਈ ਸੀ।