ਪੰਜਾਬ 'ਚ ਕੋਰੋਨਾ ਵਾਇਰਸ ਫਿਰ ਹੋਇਆ ਸਰਗਰਮ , ਇਕੋ ਦਿਨ 'ਚ ਮੁੜ 3 ਜਾਨਾਂ ਲਈਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ 'ਚ ਕੋਰੋਨਾ ਕਹਿਰ ਮੁੜ ਅਪਣਾ ਰੰਗ ਵਿਖਾਉਣ ਲੱਗਾ ਹੈ

File Photo

ਚੰਡੀਗੜ੍ਹ, 18 ਮਈ (ਗੁਰਉਪਦੇਸ਼ ਭੁੱਲਰ): ਪੰਜਾਬ 'ਚ ਕੋਰੋਨਾ ਕਹਿਰ ਮੁੜ ਅਪਣਾ ਰੰਗ ਵਿਖਾਉਣ ਲੱਗਾ ਹੈ। ਅੱਜ ਫਿਰ ਇਕ ਹੀ ਦਿਨ 'ਚ 3 ਕੋਰੋਨਾ ਪੀੜਤਾਂ ਦੀ ਮੌਤ ਹੋਈ ਜਦਕਿ ਕਈ ਜ਼ਿਲ੍ਹਿਆਂ 'ਚੋਂ ਨਵੇਂ ਪਾਜ਼ੇਟਿਵ ਕੋਰੋਨਾ ਕੇਸ ਵੀ ਅੱਜ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ 'ਚ 22 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਅੱਜ 181 ਮਰੀਜ਼ ਠੀਕ ਵੀ ਹੋਏ ਹਨ। ਠੀਕ ਹੋਣ ਵਾਲਿਆਂ ਦੀ ਗਿਣਤੀ 1547 ਤਕ ਪੁੱਜ ਗਈ ਹੈ। ਇਸ ਸਮੇਂ 2162 ਸੈਂਪਲਾਂ ਦੀਆਂ ਰੀਪੋਰਟਾਂ ਆਉਣੀਆਂ ਬਾਕੀ ਹਨ। ਬੀਤੇ ਦਿਨ ਵੀ ਇਕੋ ਦਿਨ 'ਚ 3 ਮੌਤਾਂ ਹੋਈਆਂ ਸਨ ਅਤੇ ਅੱਜ 3 ਹੋਰ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 38 ਹੋ ਗਈ ਹੈ।  

ਅੱਜ ਜਲੰਧਰ ਹਸਪਤਾਲ 'ਚ ਦਾਖ਼ਲ ਕਪੂਰਥਲਾ ਦੇ ਇਕ ਕੋਰੋਨਾ ਪੀੜਤ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਕ ਕੋਰੋਨਾ ਪੀੜਤ ਦੀ ਮੌਤ ਹੋਈ ਹੈ। ਇਕ ਮੌਤ ਪਠਾਨਕੋਟ ਨਾਲ ਸਬੰਧਤ ਕੋਰੋਨਾ ਪੀੜਤ ਦੀ ਹੋਈ ਹੈ, ਜੋ ਅੰਮ੍ਰਿਤਸਰ ਵਿਖੇ ਇਲਾਜ ਅਧੀਨ ਸਨ। ਅੱਜ ਲੁਧਿਆਣਾ, ਤਰਨਤਾਰਨ, ਗੁਰਦਾਸਪੁਰ, ਜਲੰਧਰ ਫ਼ਰੀਦਕੋਟ, ਕਪੂਰਥਲਾ ਅਤੇ ਹੁਸ਼ਿਆਰਪੁਰ ਤੋਂ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।

ਹੁਸ਼ਿਆਰਪੁਰ 'ਚ ਵੀ ਕੋਰੋਨਾ ਪੀੜਤ ਦੀ ਮੌਤ
ਟਾਂਡਾ ਉੜਮੁੜ, 18 ਮਈ (ਅੰਮ੍ਰਿਤਪਾਲ ਬਾਜਵਾ) : ਕੋਵਿਡ-19 ਤੋਂ ਪ੍ਰਭਾਵਤ ਟਾਂਡਾ ਬਲਾਕ ਨਾਲ ਸਬੰਧਤ ਲਖਵਿੰਦਰ ਸਿੰਘ (35) ਪੁੱਤਰ ਚਰਨ ਸਿੰਘ, ਜੋ ਪਹਿਲਾਂ ਤੋਂ ਹੀ ਗੁਰਦਿਆਂ ਦੀ ਬੀਮਾਰੀ ਤੋਂ ਪੀੜਤ ਸੀ ਅਤੇ ਉਸ ਦਾ ਇਲਾਜ ਕਿਡਨੀ ਹਸਪਤਾਲ ਜਲੰਧਰ ਤੋਂ ਚੱਲ ਰਿਹਾ ਸੀ। ਇਹ ਮਰੀਜ਼ 16 ਮਈ ਨੂੰ ਕਿਡਨੀ ਹਸਪਤਾਲ 'ਚ ਦਾਖ਼ਲ ਹੋਇਆ ਸੀ ਜਿਥੇ ਉਸ ਦਾ ਕੋਵਿਡ-19 ਦਾ ਸੈਂਪਲ ਪਾਜ਼ੇਟਿਵ ਪਾਇਆ ਗਿਆ ਅਤੇ ਮਰੀਜ਼ ਦੀ 17 ਮਈ ਸ਼ਾਮ ਨੂੰ ਜਲੰਧਰ ਹਸਪਤਾਲ 'ਚ ਮੌਤ ਹੋ ਗਈ। ਇਸ ਮੌਤ ਨਾਲ ਜ਼ਿਲ੍ਹੇ ਵਿਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ ਅਤੇ ਪਾਜ਼ੇਟਿਵ ਕੇਸ 94 ਹੋ ਗਏ ਹਨ।

ਰਾਜਪੁਰਾ ਵਿਚ ਦੋ ਕੋਵਿਡ ਕੇਸਾਂ ਦੀ ਹੋਈ ਪੁਸ਼ਟੀ
ਪਟਿਆਲਾ, 18 ਮਈ (ਤੇਜਿੰਦਰ ਫ਼ਤਿਹਪੁਰ) : ਬੀਤੇ ਦਿਨੀ ਕੋਵਿਡ ਜਾਂਚ ਸਬੰਧੀ ਲੈਬ ਵਿਚ ਭੇਜੇ ਗਏ 132 ਸੈਂਪਲਾ ਵਿਚੋਂ 118 ਸੈਂਪਲਾਂ ਦੀ ਰਿਪੋਰਟ ਕੋਵਿਡ ਨੈਗੇਟਿਵ ਪਾਈ ਗਈ ਹੈ ਅਤੇ ਦੋ ਕੋਵਿਡ ਪਾਜ਼ੇਟਿਵ ਪਾਏ ਗਏ ਹਨ, ਬਾਕੀ ਦੇ ਸੈਂਪਲਾ ਦੀ ਰਿਪੋਰਟ ਕੱਲ ਨੂੰ ਆਵੇਗੀ। ਡਾ. ਮਲਹੋਤਰਾ ਨੇ ਦਸਿਆ  ਕਿ ਅੱਜ ਰਾਜਪੁਰਾ ਦੇ ਏਰੀਏ ਗਾਂਧੀ ਕਾਲੋਨੀ ਵਿਚੋਂ 24 ਸਾਲਾ ਇਕ ਵਿਅਕਤੀ ਅਤੇ ਸ਼ਿਵ ਕਲੌਨੀ ਦੇ ਰਹਿਣ ਵਾਲਾ 30 ਸਾਲਾ ਵਿਅਕਤੀ ਜਿਹੜੇ ਕਿ ਪਿਛਲੇ ਦਿਨੀ ਮਹਾਰਾਸ਼ਟਰ ਤੋਂ ਵਾਪਸ ਰਾਜਪੁਰਾ ਵਿਖੇ ਪੰਹੁਚੇ ਸਨ, ਦਾ ਬੀਤੇ ਦਿਨੀ ਕੋਵਿਡ ਜਾਂਚ ਸਬੰਧੀ ਲਿਆ ਸੈਂਪਲ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਦੋਵੇਂ ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸਿਫ਼ਟ ਕਰਵਾਇਆ ਜਾ ਰਿਹਾ ਹੈ।

ਪਠਾਨਕੋਟ 'ਚ ਮਹਾਂਮਾਰੀ ਨਾਲ 36ਵੀਂ ਮੌਤ ਹੋਈ
ਅੰਮ੍ਰਿਤਸਰ, 18 ਮਈ (ਪ.ਪ) : ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਪਠਾਨਕੋਟ ਦੇ 35 ਸਾਲਾ ਕੋਰੋਨਾ ਪਾਜ਼ੇਟਿਵ ਵਿਅਕਤੀ ਦੀ ਅੱਜ ਮੌਤ ਹੋ ਗਈ। ਮਰੀਜ਼ ਦੀ ਹਾਲਤ ਪਿਛਲੇ ਕੁਝ ਦਿਨਾਂ ਤੋਂ ਕਾਫੀ ਗੰਭੀਰ ਸੀ ਅਤੇ ਉਸ ਨੂੰ 6 ਘੰਟਿਆਂ ਤੋਂ ਵੈਂਟੀਲੇਟਰ 'ਤੇ ਰਖਿਆ ਗਿਆ ਸੀ। ਕੋਰੋਨਾ ਵਾਇਰਸ ਨਾਲ ਪੰਜਾਬ ਵਿਚ ਇਹ 36ਵੀਂ ਮੌਤ ਹੋ ਗਈ। ਮਰੀਜ਼ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਦਸਿਆ ਕਿ ਮਰੀਜ਼ ਕੋਰੋਨਾ ਵਾਇਰਸ ਨਾਲ ਪੀੜਤ ਸੀ ਅਤੇ ਉਸ ਨੂੰ ਸਾਹ ਲੈਣ ਵਿਚ ਵੀ ਪ੍ਰੇਸ਼ਾਨੀ ਸੀ। ਮਰੀਜ਼ ਨੂੰ 14 ਅਪ੍ਰੈਲ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਈ ਸੀ ਅਤੇ ਉਦੋਂ ਤੋਂ ਹੀ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ। ਇਸ ਤੋਂ ਇਲਾਵਾ ਦੋ ਵਾਰ ਮਰੀਜ਼ ਦੀ ਰਿਪੋਰਟ ਕੋਰੋਨਾ ਨੈਗੇਟਿਵ ਵੀ ਆ ਗਈ ਸੀ ਪਰ ਹਾਲਾਤ ਵਿਚ ਸੁਧਾਰ ਨਾ ਹੋਣ ਕਾਰਨ ਅੱਜ ਉਸ ਦੀ ਮੌਤ ਹੋ ਗਈ ਹੈ।

ਤਰਨ ਤਾਰਨ 'ਚ ਇਕ ਮਰੀਜ਼ ਹੋਰ
ਸ੍ਰੀ ਖਡੂਰ ਸਾਹਿਬ, 18 ਮਈ (ਕੁਲਦੀਪ ਸਿੰਘ ਮਾਨ ਰਾਮਪੁਰ) : ਕੋਰੋਨਾ ਤੋਂ ਮੁਕਤ ਹੋਏ ਜ਼ਿਲ੍ਹਾ ਤਰਨ ਤਾਰਨ ਵਿਚ ਇਕ ਕੋਰੋਨਾ ਦਾ ਮਰੀਜ਼ ਸਾਹਮਣੇ ਆਉਣ ਨਾਲ ਜ਼ਿਲ੍ਹਾ ਤਰਨ ਤਾਰਨ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਗਿਣਤੀ ਇਕ ਹੋ ਗਈ ਹੈ। ਬੀਤੇ ਦਿਨ ਪਹਿਲਾਂ ਦੁਬਈ ਤੋਂ ਪਰਤੇ 18 ਵਿਆਕਤੀਆਂ ਜਿਨ੍ਹਾਂ ਨੂੰ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੇ ਸਹਿਯੋਗ ਨਾਲ ਪ੍ਰਸਾਸ਼ਨ ਵਲੋਂ ਬੀਬੀ ਅਮਰੋ ਜੀ ਗਰਲਜ ਹੋਸ਼ਟਲ ਖਡੂਰ ਸਾਹਿਬ ਵਿਖੇ ਕੁਆਰੰਟੀਨ ਕੀਤਾ ਗਿਆ ਸੀ ਦੀਆਂ ਲਈ ਲਈਆਂ ਗਈਆਂ ਟੈਸਟ ਰਿਪੋਰਟ ਤੋਂ ਬਾਅਦ 18 ਵਿਅਕਤੀਆਂ ਵਿਚੋਂ 17 ਦੀ ਰਿਪੋਰਟ ਨੈਗੇਟਿਵ ਆਈ ਸੀ। ਜਦਕਿ ਖਡੂਰ ਸਾਹਿਬ ਦੇ ਨੇੜਲੇ ਅਤੇ ਜ਼ਿਲ੍ਹਾ ਤਰਨ ਤਾਰਨ ਵਿਚ ਪੈਂਦੇ ਪਿੰਡ ਕਾਹਲਵਾਂ ਦੇ ਜਸਵੰਤ ਸਿੰਘ ਕਰੋਨਾ ਪਾਜ਼ੇਟਿਵ ਪਾਏ ਗਏ ਹਨ।
ਜਿਨ੍ਹਾਂ ਨੂੰ ਇਲਾਜ ਲਈ ਤਰਨ ਤਾਰਨ ਵਿਖੇ ਸ਼ਿਵਲ ਹਸਪਤਾਲ ਵਿਚ ਤਬਦੀਲ ਕਰ ਦਿਤਾ ਗਿਆ ਹੈ। ਇਹ ਜਾਣਕਾਰੀ ਸ਼੍ਰੀ ਰਜੇਸ਼ ਕੁਮਾਰ ਸ਼ਰਮਾ ਉਪ ਮੰਡਲ ਮੈਜਿਸਟ੍ਰੇਟ ਖਡੂਰ ਸਾਹਿਬ ਵਲੋਂ ਦਿਤੀ ਗਈ।

ਜਲੰਧਰ 'ਚ ਮਿਲੇ 2 ਹੋਰ ਮਾਮਲੇ
ਜਲੰਧਰ, 18 ਮਈ (ਵਰਿੰਦਰ ਸ਼ਰਮਾ /ਲਖਵਿੰਦਰ ਸਿੰਘ ਲੱਕੀ) : ਜਲੰਧਰ 'ਚ ਕਰੋਨਾ ਦੇ ਮਰੀਜ਼ ਵੱਧਦੇ ਹੀ ਜਾ ਰਹੇ ਹਨ। ਇਸੇ ਦੇ ਚਲਦੇ ਅੱਜ ਦੁਬਈ ਤੋਂ ਆਏ ਦੋ ਵਿਅਕਤੀਆਂ ਦੇ ਕੋਰੋਨਾ ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਨਾਲ ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ ਵੱਧ ਕੇ 214 ਹੋ ਗਈ ਹੈ। ਇਨ੍ਹਾਂ 'ਚੋਂ ਇਕ ਵਿਅਕਤੀ ਜਲੰਧਰ ਦੇ ਇਕ ਹੋਟਲ 'ਚ ਠਹਿਰਿਆ ਹੋਇਆ ਹੈ ਤੇ ਦੂਜਾ ਵਿਅਕਤੀ ਇੱਕ ਸਤਿਸੰਗ ਭਵਨ 'ਚ ਹੈ। ਸ਼ਹਿਰ ਦੇ ਅੰਦਰੂਨੀ ਹਿੱਸੇ ਵਿਚ ਪੈਂਦੇ ਕਾਜ਼ੀ ਮੁਹੱਲੇ, ਰਸਤੇ ਮੁਹੱਲੇ ਅਤੇ ਕਿਲ੍ਹੇ ਮੁਹੱਲੇ ਵਿਚ ਲਗਾਤਾਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਤੇ ਇਸਦੇ ਨਾਲ ਹੀ ਦਹਿਸ਼ਤ ਵੀ ਵੱਧਦੀ ਜਾ ਰਹੀ ਹੈ।

ਫ਼ਰੀਦਕੋਟ ਵਿਚ ਕੋਰੋਨਾ ਦੇ ਦੋ ਕੇਸ
ਫਰੀਦਕੋਟ, 18 ਮਈ (ਗੁਰਿੰਦਰ ਸਿੰਘ/ਲਖਵਿੰਦਰ ਹਾਲੀ) : ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦਸਿਆ ਕਿ ਫ਼ਰੀਦਕੋਟ ਵਿਖੇ ਕੋਰੋਨਾ ਦੇ 2 ਹੋਰ ਮਾਮਲੇ ਪਾਜ਼ੇਟਿਵ ਪਾਏ ਗਏ ਹਨ। ਪਾਜ਼ੇਟਿਵ ਕੇਸ ਨਾਂਦੇੜ ਸਾਹਿਬ ਸ਼ਰਧਾਲੂਆਂ ਨਾਲ ਸਬੰਧਤ ਹਨ। ਹੁਣ ਫ਼ਰੀਦਕੋਟ 'ਚ 18 ਐਕਟਿਵ ਕੇਸ ਹਨ ਜਿਨ੍ਹਾਂ 'ਚੋਂ 17 ਗੁਰੂ ਗੋਬਿੰਦ ਸਿੰਘ ਮੈਡੀਕਲ ਵਿਖੇ ਅਤੇ 1 ਲੁਧਿਆਣਾ ਵਿਖੇ ਜੇਰੇ ਇਲਾਜ ਹਨ। ਜ਼ਿਲ੍ਹੇ 'ਚ ਕੁੱਲ 62 ਮਰੀਜ਼ਾਂ 'ਚੋਂ 44 ਮਰੀਜ਼ ਠੀਕ ਹੋ ਚੁੱਕੇ ਹਨ।

ਕੋਰੋਨਾ ਅਪਡੇਟ....
ਪੰਜਾਬ
ਕੁੱਲ ਪਾਜ਼ੇਟਿਵ : 1982
ਨਵੇਂ ਕੇਸ : 24
ਕੁੱਲ ਮੌਤਾਂ      : 38
ਠੀਕ ਹੋਏ : 1547

ਚੰਡੀਗੜ੍ਹ
ਕੁੱਲ ਪਾਜ਼ੇਟਿਵ : 197
ਨਵੇਂ ਕੇਸ : 6
ਕੁੱਲ ਮੌਤਾਂ      : 3
ਠੀਕ ਹੋਏ : 54

ਭਾਰਤ
ਕੁੱਲ ਪਾਜ਼ੇਟਿਵ : 96169
ਕੁੱਲ ਮੌਤਾਂ      : 3029
ਠੀਕ ਹੋਏ : 36824

ਵਿਸ਼ਵ
ਕੁੱਲ ਪਾਜ਼ੇਟਿਵ : 4710614
ਕੁੱਲ ਮੌਤਾਂ      : 215023
ਠੀਕ ਹੋਏ : 1732344

ਪੰਜਾਬ: ਕੁੱਲ ਸੈਂਪਲ : 52955
ਨੈਗੇਟਿਵ ਰੀਪੋਰਟਾਂ : 48813
ਲੰਬਿਤ ਰੀਪੋਰਟਾਂ : 2162
ਠੀਕ ਹੋਏ ਮਰੀਜ਼ : 1547
ਇਲਾਜ ਅਧੀਨ : 396
ਪਾਜ਼ੇਟਿਵ ਅੰਕੜੇ : 1980