ਦਿੱਲੀ ਕਮੇਟੀ ਨੇ ਅਪ੍ਰਵਾਸੀ ਮਜ਼ਦੂਰਾਂ ਲਈ ਸ਼ੁਰੂ ਕੀਤੀ 'ਲੰਗਰ ਆਨ ਵੀਲ੍ਹਜ਼'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੋਇਡਾ, ਗਾਜ਼ਿਆਬਾਦ, ਸਾਹਿਬਾਬਾਦ, ਸ਼ਾਹਦਰਾ 'ਚ ਕੀਤੀ ਵਿਵਸਥਾ

1

ਨਵੀਂ ਦਿੱਲੀ, 19 ਮਈ (ਸੁਖਰਾਜ ਸਿੰਘ) : ਗੁਰਦਵਾਰਿਆਂ ਦੀ ਚਾਰਦੀਵਾਰੀ ਤੋਂ ਬਾਹਰ ਲੰਗਰ ਨੂੰ ਪਰੋਸਣ ਦੀ ਸਿੱਖ ਪ੍ਰੰਪਰਾ ਨੂੰ ਅੱਗੇ ਵਧਾਉਂਦਿਆਂ ਹੋਇਆਂ ਦਿੱਲੀ ਗੁਰਦਵਾਰਾ ਕਮੇਟੀ ਨੇ ਪੈਦਲ ਅਪਣੇ ਘਰਾਂ ਨੂੰ ਜਾ ਰਹੇ ਅਪ੍ਰਵਾਸੀ ਮਜ਼ਦੂਰਾਂ ਨੂੰ ਤਾਜ਼ਾ ਪੌਸ਼ਟਿਕ, ਸਿਹਤਮੰਦ ਖਾਣਾ, ਜਲ ਆਦਿ ਪ੍ਰਦਾਨ ਕਰਨ ਲਈ ਕੌਮੀ ਰਾਜਧਾਨੀ ਦਿੱਲੀ ਖੇਤਰ ਦੇ ਦੱਸ ਅਸਥਾਨਾਂ 'ਤੇ 'ਲੰਗਰ ਆਨ ਵੀਲ੍ਹਜ਼' ਦੀ ਵਿਵਸਥਾ ਸ਼ੁਰੂ ਕੀਤੀ ਹੈ। ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਅਨੁਸਾਰ ਦਿੱਲੀ ਕਮੇਟੀ ਨੇ ਨੋਇਡਾ, ਗਾਜ਼ਿਆਬਾਦ, ਸਾਹਿਬਾਬਾਦ, ਸ਼ਾਹਦਰਾ ਆਦਿ ਅਸਥਾਨਾਂ 'ਤੇ ਮੋਬਾਈਲ ਲੰਗਰ ਦੀ ਵਿਵਸਥਾ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਵਿਵਸਥਾ ਦਿੱਲੀ ਵਿਚ ਉੱਤਰ ਪ੍ਰਦੇਸ਼ (ਯੂ.ਪੀ) ਨੂੰ ਜੋੜਨ ਵਾਲੀ ਮੁੱਖ ਸੜਕ 'ਤੇ ਕੀਤੀ ਗਈ ਹੈ। ਜਿਥੋਂ ਜ਼ਿਆਦਾਤਰ ਮਜ਼ਦੂਰ ਪਰਵਾਰਾਂ ਸਮੇਤ ਪੈਦਲ ਗੁਜ਼ਰ ਰਹੇ ਹਨ।

1


ਸ. ਸਿਰਸਾ ਨੇ ਕਿਹਾ ਕਿ ਉਨ੍ਹਾਂ ਅਸਥਾਨਾਂ ਦੇ ਮਹੱਤਵਪੂਰਨ ਥਾਵਾਂ 'ਤੇ ਮੋਬਾਈਲ ਵੈਨ ਖੜੀ ਕੀਤੀ ਗਈ ਹੈ ਜਿਨ੍ਹਾਂ 'ਤੇ ਬੈਨਰ ਲਗਾ ਕੇ ਅਪ੍ਰਵਾਸੀ ਮਜਦੂਰਾਂ ਨੂੰ ਖਾਣੇ ਦੀ ਸੁਵਿਧਾ ਦੀ ਜਾਣਕਾਰੀ ਦਿਤੀ ਗਈ ਹੈ ਤੇ ਗੁਰਦਵਾਰੇ ਦੇ ਸੇਵਾਦਾਰ, ਕਾਰਜਕਰਤਾ ਇਨ੍ਹਾਂ ਮਜਦੂਰਾਂ ਨੂੰ ਰੋਕ ਕੇ ਲੰਗਰ ਛਕਾ ਰਹੇ ਹਨ। ਉਨ੍ਹਾਂ ਕਿਹਾ ਕਿ 'ਲੰਗਰ ਆਨ ਵੀਲ੍ਹਜ਼' ਦੀ ਵਿਵਸਥਾ ਇਸ ਲਈ ਕਰਨੀ ਪਈ ਤਾਕਿ ਮਜ਼ਦੂਰਾਂ ਨੂੰ ਨਜ਼ਦੀਕੀ ਗੁਰਦਵਾਰਾ ਸਾਹਿਬ ਲੱਭਣ ਦੀ ਜ਼ਰੂਰਤ ਨਾ ਪਏ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀ ਲੰਗਰ ਪ੍ਰੰਪਰਾ ਦਾ ਮਤਲਬ ਵੱਧ ਤੋਂ ਵੱਧ ਲੋਕਾਂ ਨਾਲ ਮਿਲ ਕੇ ਛੱਕਣ ਨਾਲ ਹੈ ਅਤੇ ਵਾਸਤਵਿਕ ਸਹਭੋਜਨ ਤਦ ਹੀ ਹੋ ਪਾਉਂਦਾ ਹੈ ਜਦੋਂ ਅਸੀਂ ਉਸ ਸਮਾਜ ਨੂੰ ਲੰਗਰ ਮੁਹੱਈਆ ਕਰਵਾਉਂਦੇ ਹਾਂ ਜਿਸ ਨੂੰ ਇਸ ਦੀ ਸੱਭ ਤੋਂ ਵੱਧ ਜ਼ਰੂਰਤ ਹੁੰਦੀ ਹੈ।


ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ ਰੇਲਗੱਡੀ 'ਚ ਯਾਤਰਾ ਕਰਨ ਵਾਲੇ ਮਜਦੂਰਾਂ ਨੂੰ ਮੁਫ਼ਤ ਜੂਸ, ਪਾਣੀ ਬਿਸਕੁਟ ਆਦਿ ਪ੍ਰਦਾਨ ਕਰਨ ਲਈ ਭਾਰਤ ਰੇਲਵੇ ਨੇ ਦਿੱਲੀ ਗੁਰਦਵਾਰਾ ਕਮੇਟੀ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਇੱਕ ਫ਼ਰੂਟ ਕਾਊਂਟਰ ਪ੍ਰਦਾਨ ਕੀਤਾ ਹੈ ਤੇ ਦਿੱਲੀ ਕਮੇਟੀ ਦੇ ਸੇਵਾਦਾਰ ਇਸ ਕਾਊਂਟਰ ਦੇ ਮਾਧਿਅਮ ਰਾਹੀਂ 24 ਘੰਟੇ ਗੁਜ਼ਰਨ ਵਾਲੀਆਂ ਰੇਲਗੱਡੀਆਂ ਵਿਚ ਇਹ ਸੇਵਾ ਉਪਲਬਧ ਕਰਵਾ ਰਹੇ ਹਨ।