ਗੁਰਦਵਾਰਿਆਂ ਦਾ ਸੋਨਾ ਅਤੇ ਪੈਸਾ ਦਾਨ ਕਰਨ ਦਾ ਬਿਆਨ ਵੱਡੀ ਸਾਜ਼ਸ਼ : ਸਰਨਾ/ਖ਼ਾਲਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ! ਦਾਨ ਕਰਨ ਜਾਂ ਲੰਗਰ ਲਾਉਣ ਦੀ ਤਾਂ ਹੀ ਸ਼ੋਭਾ ਜੇ ਅਪਣੇ ਵੀਰ ਭੁੱਖੇ ਨਾ ਹੋਣ

1

ਕੋਟਕਪੂਰਾ, 19 ਮਈ (ਗੁਰਿੰਦਰ ਸਿੰਘ) : ਭਾਵੇਂ ਸਿੱਖੀ ਸਿਧਾਂਤਾਂ ਦਾ ਕਤਲ ਕਰਨ ਦੀਆਂ ਅਨੇਕਾਂ ਘਟਨਾਵਾਂ ਬਾਰੇ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਵਲੋਂ ਹੈਰਾਨੀਜਨਕ ਚੁੱਪੀ ਵੱਟ ਲੈਣ ਦੀਆਂ ਅਨੇਕਾਂ ਉਦਾਹਰਨਾਂ ਮਿਲਦੀਆਂ ਹਨ ਪਰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਧਾਰਮਕ ਸਥਾਨਾਂ ਦਾ ਸੋਨਾ ਅਤੇ ਧਨ ਸਰਕਾਰ ਨੂੰ ਸੌਂਪ ਦੇਣ, ਸਰਕਾਰ ਤੋਂ ਇਸ ਦੇ ਬਦਲੇ 'ਚ ਕੁੱਝ ਵੀ ਨਾ ਮੰਗਣ ਅਤੇ ਹੋਰ ਵਿਵਾਦਤ ਗੱਲਾਂ ਵਾਲੀ ਵਾਇਰਲ ਕੀਤੀ ਵੀਡੀਉ ਦੇ ਮਾਮਲੇ 'ਚ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੀ ਹੈਰਾਨੀਜਨਕ ਚੁੱਪ ਨੇ ਕਈ ਸ਼ੰਕੇ ਖੜੇ ਕਰ ਦਿਤੇ ਹਨ। ਅਰਥਾਤ ਉਕਤ ਮਾਮਲੇ ਸਬੰਧੀ ਪੰਥਕ ਹਲਕਿਆਂ 'ਚ ਤਰਾਂ ਤਰ੍ਹਾਂ ਦੀ ਚਰਚਾ ਛਿੜਣੀ ਸੁਭਾਵਿਕ ਹੈ।


ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਤਰਸੇਮ ਸਿੰਘ ਖ਼ਾਲਸਾ ਨੇ ਉਕਤ ਮਾਮਲੇ ਨੂੰ ਦੁਖਦਾਇਕ ਦਸਦਿਆਂ ਆਖਿਆ ਹੈ ਕਿ ਵਰਤਮਾਨ ਸਮੇਂ 'ਚ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਬੜੇ ਅਜੀਬ ਕਿਸਮ ਦੇ ਲੋਕਾਂ ਦੇ ਹੱਥ 'ਚ ਹੈ, ਹਰ ਰੋਜ਼ ਇਸ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਸਿੱਖ ਹਿਤਾਂ ਨਾਲ ਕੋਈ ਸਰੋਕਾਰ ਨਹੀਂ, ਹੁਣ ਨਵੀਂ ਕਿਸਮ ਦੀ ਅਪੀਲ ਕੀਤੀ ਗਈ ਹੈ ਕਿ ਗੁਰਦਵਾਰਿਆਂ ਕੋਲ ਜਾਂ ਘਰਾਂ 'ਚ ਜਿੰਨਾ ਵੀ ਸੋਨਾ ਜਾਂ ਪੈਸਾ ਹੈ, ਉਹ ਕੇਂਦਰ ਸਰਕਾਰ ਨੂੰ ਦਾਨ ਕਰ ਦਿਤਾ ਜਾਵੇ ਤਾਕਿ ਉਹ ਇਸ ਨੂੰ ਦੇਸ਼ ਹਿੱਤ 'ਚ ਵਰਤ ਸਕਣ।


ਉਨਾਂ ਹੈਰਾਨੀ ਪ੍ਰਗਟਾਈ ਕਿ ਦੁਨੀਆਂ ਭਰ ਦੇ ਸਿੱਖ ਜੂਨ 1984 'ਚ ਦਰਬਾਰ ਸਾਹਿਬ ਦਾ ਸਾਰਾ ਤੋਸ਼ਾਖਾਨਾ ਅਤੇ ਹੋਰ ਇਤਿਹਾਸਿਕ ਗੁਰਦਵਾਰਿਆਂ ਦਾ ਸਮੇਂ ਦੀ ਸਰਕਾਰ ਵਲੋਂ ਲੁੱਟਿਆ ਸਾਰਾ ਧਨ-ਮਾਲ ਵਾਪਸ ਲੈਣ ਲਈ ਸਮੇਂ-ਸਮੇਂ ਸਰਕਾਰਾਂ ਕੋਲ ਅਪੀਲਾਂ ਕਰਦੇ ਆ ਰਹੇ ਹਨ, ਅਕਾਲੀ ਦਲ ਬਾਦਲ ਦੀ ਭਾਈਵਾਲ ਪਾਰਟੀ ਭਾਜਪਾ ਦੀ ਕੇਂਦਰ 'ਚ ਚੌਥੀ ਵਾਰ ਸਰਕਾਰ ਬਣ ਚੁੱਕੀ ਹੈ, ਬਾਦਲ ਦਲ ਦੇ ਸੁਪਰੀਮੋ ਸਮੇਤ ਕਿਸੇ ਵੀ ਆਗੂ ਜਾਂ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਉਸ ਦੀ ਗ਼ਲਤਬਿਆਨੀ ਪ੍ਰਤੀ ਅਹਿਸਾਸ ਕਰਾਉਣ ਦੀ ਜ਼ਰੂਰਤ ਹੀ ਨਹੀਂ ਸਮਝੀ ਗਈ। ਸ. ਸਰਨਾ ਨੇ ਆਖਿਆ ਕਿ ਪੰਥ ਦਾ ਸਾਰਾ ਸਰਮਾਇਆ ਪਹਿਲਾਂ ਹੀ ਕੇਂਦਰ ਸਰਕਾਰ ਵਲੋਂ ਲੁੱਟਿਆ-ਪੁੱਟਿਆ ਜਾ ਚੁੱਕਾ ਹੈ ਤੇ ਹੁਣ ਕੋਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਅਰਥਾਤ ਔਖੇ ਸਮੇਂ 'ਚ ਸੰਗਤਾਂ ਨੇ ਜਿਹੜਾ ਕੁੱਝ ਥੋੜਾ ਬਹੁਤਾ ਬਚਾਅ ਕੇ ਰੱਖਿਆ ਹੋਇਆ ਹੈ, ਉਸ ਨੂੰ ਕੋਰੋਨਾ ਦੇ ਬਹਾਨੇ ਲੁੱਟਣ ਜਾਂ ਠੱਗਣ ਦਾ ਮਾਮਲਾ ਕਿਸੇ ਵੱਡੀ ਸਾਜਿਸ਼ ਦਾ ਸੰਕੇਤ ਦੇ ਰਿਹਾ ਹੈ।


ਭਾਈ ਖ਼ਾਲਸਾ ਮੁਤਾਬਕ ਦੇਸ਼ ਭਰ 'ਚ ਹਜਾਰਾਂ ਅਮੀਰ ਮੱਠ ਤੇ ਮੰਦਰ ਹਨ, ਜਿਨ੍ਹਾਂ ਦਾ ਸਲਾਨਾ ਬਜਟ ਅਰਬਾਂ 'ਚ ਅਤੇ ਸੰਪਤੀ ਖਰਬਾਂ 'ਚ ਹੋਣ ਦੇ ਬਾਵਜੂਦ ਵੀ ਇਸ ਪ੍ਰਕਾਰ ਦੀ ਵੀਡੀਉ ਜਾਰੀ ਕਰਨ ਦੀ ਕਿਸੇ ਨੂੰ ਲੋੜ ਨਹੀਂ ਪਈ, ਕਿਉਂਕਿ ਇਹ ਸਾਰਾ ਠੇਕਾ ਹੁਣ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੇ ਅਪਣੇ ਜਿੰਮੇ ਲੈ ਰਖਿਆ ਹੈ।


ਉਨਾਂ ਆਖਿਆ ਕਿ ਦਿੱਲੀ ਗੁਰਦਵਾਰਾ ਕਮੇਟੀ ਦੇ ਅਨੇਕਾਂ ਮੁਲਾਜਮ ਕਈ-ਕਈ ਮਹੀਨਿਆਂ ਦੀਆਂ ਤਨਖ਼ਾਹਾਂ ਨਾ ਮਿਲਣ ਕਰ ਕੇ ਰੋ ਪਿੱਟ ਰਹੇ ਹਨ, ਉਨ੍ਹਾਂ ਦੀ ਕੋਈ ਸੁਣਵਾਈ ਜਾਂ ਪ੍ਰਵਾਹ ਨਹੀਂ ਪਰ ਫੋਕੀ ਵਾਹ-ਵਾਹ ਕਰਵਾਉਣ ਲਈ ਦਿਨ ਰਾਤ ਭੱਜ-ਨੱਠ ਕਰਨ ਵਾਲਿਆਂ ਨੂੰ ਸੰਗਤਾਂ ਦੇ ਗੁੱਸੇ ਦਾ ਸ਼ਿਕਾਰ ਜ਼ਰੂਰ ਹੋਣਾ ਪਵੇਗਾ। ਉਂਝ ਉਨ੍ਹਾਂ ਆਖਿਆ ਕਿ ਬਾਹਰ ਲੰਗਰ ਲਾਇਆ ਜਾਂ ਦਾਨ ਕੀਤਾ ਤਾਂ ਹੀ ਸ਼ੋਭਾ ਦਿੰਦਾ ਹੈ, ਜੇਕਰ ਅਪਣੇ ਘਰ ਦੇ ਜੀਅ ਭੁੱਖੇ ਨਾ ਹੋਣ।