ਸਿਰਸਾ ਵਿਚ ਮੋਦੀ ਤੇ ਸ਼ਾਹ ਬੋਲਦੈ : ਜਥੇ. ਹਵਾਰਾ ਕਮੇਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਗੁਰੂ ਘਰ ਦੇ ਜ਼ੇਵਰਾਤ, ਰਾਸ਼ੀ ਅਤੇ ਜਾਇਦਾਦਾਂ ਤੇ ਦੁਨਿਆਵੀ ਸਰਕਾਰਾਂ ਦਾ ਹੱਕ ਨਹੀਂ

1

ਅੰਮ੍ਰਿਤਸਰ  19 ਮਈ  (ਸੁਖਵਿੰਦਰਜੀਤ ਸਿੰਘ ਬਹੋੜੂ) : ''ਜਦ ਕਿਸੇ ਸਿੱਖ ਦੀ ਮੱਤ 'ਤੇ ਪਰਦਾ ਪੈ ਜਾਂਦਾ ਹੈ ਤਾਂ ਉਹ ਅਪਣੇ ਸਿਆਸੀ ਆਕਾਵਾਂ ਨੂੰ ਖ਼ੁਸ਼ ਕਰਨ ਲਈ ਅਧਰਮੀ ਸੁਰ ਵਿਚ ਜਮੀਰ ਤੋਂ ਡਿੱਗੇ ਬਿਆਨ ਦਿੰਦਾ ਹੈ''।
ਇਹ ਵਿਚਾਰ ਸਰਬੱਤ ਖ਼²ਾਲਸਾ ਵਲੋਂ ਥਾਪੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੁਆਰਾ ਸਿਰਜੀ  ਕਮੇਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਵਿਵਾਦਿਤ ਅਤੇ ਅਤਿ ਨਿੰਦਣਯੋਗ ਬਿਆਨ ਦੇ ਪ੍ਰਤੀਕਰਮ ਵਜੋਂ ਦਿਤੇ।  


ਕਮੇਟੀ ਆਗੂਆਂ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਗੁਰੂ ਘਰ ਦਾ ਸੋਨਾ, ਨਕਦੀ, ਬੈਂਕਾਂ ਵਿਚ ਜਮ੍ਹਾਂ ਰਾਸ਼ੀ ਅਤੇ ਜਾਇਦਾਦਾਂ ਤੇ ਕਿਸੇ ਵੀ ਦੁਨਿਆਵੀ ਸਰਕਾਰ ਦਾ ਕੋਈ ਹੱਕ ਨਹੀਂ ਹੈ ਅਤੇ ਨਾ ਹੀ ਸਿਰਸੇ ਨੂੰ ਕੋਈ ਹੱਕ ਹੈ ਕਿ ਉਹ ਗੁਰੂ ਘਰ ਦੇ ਸਰਮਾਏ ਨੂੰ ਭਾਰਤ ਸਰਕਾਰ ਅੱਗੇ ਪੇਸ਼ ਕਰਨ ਦੀ ਕੋਈ ਗੱਲ ਕਰੇ। ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਸੋਚ 'ਤੇ ਪਹਿਰਾ ਦਿੰਦਿਆਂ ਐਮ.ਐਸ. ਸਿਰਸਾ ਹੁਣ ਮੋਦੀ ਸ਼ਾਹ ਸਿਰਸਾ ਬਣ ਚੁਕਿਆ ਹੈ। ਹੁਣ ਉਹ ਮਨਮੁੱਖ ਸੋਚ ਧਾਰਨ ਕਰ ਕੇ ਸਿੱਖ ਸੰਗਤਾਂ ਦੇ ਜਜ਼ਬਾਤਾਂ ਨਾਲ ਵਿਸ਼ਵਾਸਘਾਤ ਕਰ ਰਿਹਾ ਹੈ। ਸਿਰਸੇ ਨੂੰ ਇਹ ਗੱਲ ਚੰਗੀ ਤਰ੍ਹਾਂ ਨਾਲ ਸਮਝ ਲੈਣੀ ਚਾਹੀਦੀ ਹੈ ਕਿ ਗੁਰਦੁਆਰਿਆਂ ਅਤੇ ਸਿੱਖ ਵਿਦਿਅਕ ਸੰਸਥਾਵਾਂ ਦਾ ਪ੍ਰਬੰਧ ਕਰਨ ਦਾ ਅਧਿਕਾਰ ਕੇਵਲ ਗੁਰਸਿੱਖਾਂ ਨੂੰ ਹੀ ਹੈ ਨਾਕਿ ਮਨਮਤੀਆਂ ਨੂੰ। ਅੱਜ ਸਿਰਸਾ ਸਮੁੱਚੇ ਸਿੱਖ ਜਗਤ ਦੀ ਕਚਹਿਰੀ ਵਿਚ ਦੋਸ਼ੀ ਹੈ। ਵਿਸ਼ੇਸ਼ ਤੌਰ 'ਤੇ ਦਿੱਲੀ ਦੀਆਂ ਸਿੱਖ ਸੰਗਤਾਂ ਅੱਜ ਪਛਤਾਵਾ ਕਰ ਰਹੀਆਂ ਹਨ ਕਿ ਉਨ੍ਹਾਂ ਨੇ ਸਿਰਸਾ ਅਤੇ ਉਸ ਦੇ ਸਹਿਯੋਗੀ ਮੈਂਬਰਾਂ ਨੂੰ ਵੋਟਾਂ ਪਾ ਕੇ ਕਿਉਂ ਜਿਤਾਇਆ।


ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਵਿਦਿਅਕ ਅਦਾਰਿਆਂ ਵਿਚ ਪਹਿਲਾਂ ਹੀ ਆਰ.ਐਸ.ਐਸ. ਦਾ ਪ੍ਰਭਾਵ ਵੇਖਿਆ ਜਾ ਸਕਦਾ ਹੈ ਪਰ ਹੁਣ ਖ਼ਦਸ਼ਾ ਇਹ ਹੈ ਕਿ ਸਿਰਸਾ ਜੁੰਡਲੀ ਰਾਹੀਂ ਇਹ ਪ੍ਰਭਾਵ ਗੁਰਦੁਆਰਿਆਂ ਵਿਚ ਵੀ ਹੋ ਸਕਦਾ ਹੈ। ਇਸ ਲਈ ਪੰਥਕ ਦੋਸ਼ੀ ਸਿਰਸੇ ਦਾ ਧਾਰਮਕ ਅਤੇ ਸਮਾਜਕ ਪ੍ਰੋਗਰਾਮਾਂ ਵਿਚ ਸੰਪੂਰਨ ਬਾਈਕਾਟ ਕੀਤਾ ਜਾਵੇ।


ਇਸ ਮੌਕੇ ਕਮੇਟੀ ਆਗੂ ਪ੍ਰੋਫ਼ੈਸਰ ਬਲਜਿੰਦਰ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ, ਬਲਬੀਰ ਸਿੰਘ ਹਿਸਾਰ, ਮਹਾਂਬੀਰ ਸਿੰਘ ਸੁਲਤਾਨਵਿੰਡ, ਕੁਲਦੀਪ ਸਿੰਘ ਦੁਬਾਲੀ, ਪ੍ਰਦੀਪ ਸਿੰਘ ਸੰਗਤਪੁਰ ਸੋਢੀਆਂ, ਬਲਜੀਤ ਸਿੰਘ ਭਾਊ, ਜਸਵੰਤ ਸਿੰਘ ਸਿੱਧੂਪੁਰ, ਮੱਖਣ ਸਿੰਘ ਸਮਾਉਂ, ਸਤਵੰਤ ਸਿੰਘ ਸੰਧੂ ਲੁਧਿਆਣਾ, ਸ਼ਰਨਜੀਤ ਸਿੰਘ ਲੁਧਿਆਣਾ, ਬਲਜਿੰਦਰ ਸਿੰਘ ਲੁਧਿਆਣਾ, ਬਗੀਚਾ ਸਿੰਘ ਰੱਤਾ ਖੇੜਾ ਆਦਿ ਸ਼ਾਮਲ ਹਨ।