'ਆਤਮ-ਨਿਰਭਰ ਭਾਰਤ ਅਭਿਆਨ' ਅਧੀਨ ਆਰਥਕ ਪੈਕੇਜਾਂ ਨੂੰ ਇਸ ਖੇਤਰ 'ਚ ਸਿਖਿਆ–ਸ਼ਾਸਤਰੀਆਂ ......
ਵਿੱਤ ਮੰਤਰੀ ਵਲੋਂ 'ਆਤਮ-ਨਿਰਭਰ ਭਾਰਤ ਅਭਿਆਨ' ਅਧੀਨ ਐਲਾਨੇ ਗਏ ਆਰਥਕ ਪੈਕੇਜਾਂ ਨੂੰ ਇਸ
ਚੰਡੀਗੜ੍ਹ, 18 ਮਈ (ਸੋਪਕਸਮੈਨ ਸਮਾਚਾਰ ਸੇਵਾ): ਵਿੱਤ ਮੰਤਰੀ ਵਲੋਂ 'ਆਤਮ-ਨਿਰਭਰ ਭਾਰਤ ਅਭਿਆਨ' ਅਧੀਨ ਐਲਾਨੇ ਗਏ ਆਰਥਕ ਪੈਕੇਜਾਂ ਨੂੰ ਇਸ ਖੇਤਰ ਦੇ ਸਿਖਿਆ–ਸ਼ਾਸਤਰੀਆਂ, ਕਿਸਾਨਾਂ ਅਤੇ ਹੋਰਨਾਂ ਦਾ ਸਮਰਥਨ ਮਿਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ 12 ਮਈ ਨੂੰ ਅਰਥ–ਵਿਵਸਥਾ, ਸਿਸਟਮ, ਜੀਵੰਤ ਡੈਮੋਗ੍ਰਾਫ਼ੀ ਅਤੇ ਮੰਗ ਦੇ ਪੰਜ ਥੰਮ੍ਹਾਂ ਉੱਤੇ 'ਆਤਮ-ਨਿਰਭਰ ਭਾਰਤ ਅਭਿਆਨ' ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਅਪਣਾ ਤਾਜ਼ਾ ਐਲਾਨਾਂ ਵਿਚ ਵਿਦਿਅਕ ਖੇਤਰ ਲਈ ਕੁੱਝ ਖਾਸ ਕਦਮ ਚੁੱਕਣ ਦੇ ਪ੍ਰਸਤਾਵ ਰੱਖੇ ਸਨ। ਜਿਵੇਂ ਡਿਜੀਟਲ/ਆਨਲਾਈਨ ਸਿਖਿਆ ਤਕ ਮਲਟੀ–ਮੋਡ ਪਹੁੰਚ ਦਾ ਪ੍ਰੋਗਰਾਮ 'ਪ੍ਰਧਾਨ ਮੰਤਰੀ ਈ–ਵਿਦਯਾ' ਵਿਦਿਆਰਥੀਆਂ, ਅਧਿਆਪਕਾਂ ਤੇ ਪਰਵਾਰਾਂ ਦੀ ਮਾਨਸਿਕ ਸਿਹਤ ਅਤੇ ਭਾਵਨਾਤਮਕ ਸਲਾਮਤੀ ਲਈ ਮਨੋ–ਸਮਾਜਕ ਸਮਰਥਨ ਦੀ ਪਹਿਲਕਦਮੀ 'ਮਨੋਦਰਪਣ'।
ਸਕੂਲ, ਮੁਢਲੇ ਬਚਪਨ ਅਤੇ ਅਧਿਆਪਕਾਂ ਲਈ ਨਵੇਂ ਰਾਸ਼ਟਰੀ ਪਾਠਕ੍ਰਮ ਅਤੇ ਵਿਦਿਅਕ ਫਰੇਮਵਰਕ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ। ਸਾਲ 2025 ਤਕ ਗ੍ਰੇਡ 5 ਵਿਚ ਹਰੇਕ ਬੱਚਾ ਸਿੱਖਣ ਦੇ ਪੱਧਰ ਤੇ ਨਤੀਜੇ ਹਾਸਲ ਕਰੇ, ਇਸ ਲਈ ਦਸੰਬਰ 2020 ਤੱਕ 'ਨੈਸ਼ਨਲ ਫ਼ਾਊਂਡੇਸ਼ਨਲ ਲਿਟਰੇਸੀ ਐਂਡ ਨਿਊਮਰੇਸੀ ਮਿਸ਼ਨ' ਦੀ ਸ਼ੁਰੂਆਤ ਕੀਤੀ ਜਾਵੇਗੀ। ਜਲੰਧਰ ਸਥਿਤ ਕੇਐੱਮਵੀ ਕਾਲਜ ਦੇ ਪ੍ਰਿੰਸੀਪਲ ਡਾ. ਆਤਿਮਾ ਸ਼ਰਮਾ ਨੇ ਇਨ੍ਹਾਂ ਪਹਿਲਾਂ ਨੂੰ ਦੂਰ–ਦ੍ਰਿਸ਼ਟੀਪੂਰਨ ਕਰਾਰ ਦਿੰਦਿਆਂ ਕਿਹਾ ਕਿ ਇਸ ਨੇ ਅਧਿਆਪਕ ਵਰਗ ਨੂੰ ਮਹੱਤਵਪੂਰਨ ਦਿਸ਼ਾ ਦਿਤੀ ਹੈ। ਲਰਨਿੰਗ ਪਾਥਸ ਸਕੂਲ ਦੇ ਡਾਇਰੈਕਟਰ ਸ੍ਰੀ ਰੌਬਿਨ ਅਗਰਵਾਲ ਨੇ ਕਿਹਾ ਕਿ ਈ–ਵਿਦਯਾ ਅਧੀਨ ਸਿਰਜੇ ਗਏ ਈ–ਕੰਟੈਂਟ ਨਾਲ ਨੇਤਰਹੀਣਾਂ ਤੇ ਬਹਿਰੇ ਵਿਅਕਤੀਆਂ ਨੂੰ ਮਦਦ ਮਿਲੇਗੀ।
ਆਰਥਿਕ ਪੈਕੇਜ ਅਧੀਨ ਕੀਤੇ ਗਏ ਐਲਾਨਾਂ ਵਿਚ 15,000 ਕਰੋੜ ਰੁਪਏ ਦੇ ਪਸ਼ੂ–ਪਾਲਣ ਬੁਨਿਆਦੀ ਢਾਂਚਾ ਵਿਕਾਸ ਫ਼ੰਡ ਦਾ ਪ੍ਰਸਤਾਵ ਰੱਖਿਆ ਗਿਆ ਹੈ, ਜਿਸ ਦਾ ਉਦੇਸ਼ ਡੇਅਰੀ ਪ੍ਰੋਸੈਸਿੰਗ, ਮੁੱਲ–ਵਾਧਾ ਅਤੇ ਪਸ਼ੂ–ਖੁਰਾਕ ਬੁਨਿਆਦੀ ਢਾਂਚੇ ਵਿਚ ਨਿਜੀ ਨਿਵੇਸ਼ ਲਈ ਮਦਦ ਕਰਨਾ ਹੈ। ਵਧੀਆ ਉਤਪਾਦਾਂ ਦੀ ਬਰਾਮਦ ਲਈ ਪਲਾਂਟ ਸਥਾਪਤ ਕਰਨ ਵਾਸਤੇ ਪ੍ਰੋਤਸਾਹਨ (ਇੰਸੈਂਟਿਵਜ਼) ਦਿਤੇ ਜਾਣਗੇ। ਡੇਅਰੀ ਚਲਾਉਂਦੇ ਨਰਿੰਦਰ ਰਾਣਾ ਨੇ ਕਿਹਾ ਕਿ ਇਸ ਨਾਲ ਡੇਅਰੀ ਖੇਤਰ ਨੂੰ ਪ੍ਰਫ਼ੁੱਲਤ ਹੋਣ ਵਿਚ ਮਦਦ ਮਿਲੇਗੀ। ਹਰਿਆਣਾ ਦੇ ਨਾਰਨੌਲ ਵਿਚ ਇਕ ਫ਼ਰਨੀਚਰ ਨਿਰਮਾਣ ਇਕਾਈ ਦੇ ਮਾਲਕ ਪ੍ਰਵੀਨ ਜੈਨ ਖ਼ੁਸ਼ ਹਨ ਕਿ ਉਨ੍ਹਾਂ ਦੀ ਇਕਾਈ ਵਿਚ ਕੰਮ ਦੋਬਾਰਾ ਸ਼ੁਰੂ ਹੋ ਗਿਆ ਹੈ ਅਤੇ ਕਿਹਾ ਕਿ ਇਸ ਆਰਥਿਕ ਪੈਕੇਜ ਨਾਲ ਛੋਟੇ ਨਿਰਮਾਤਾਵਾਂ ਨੂੰ ਬਹੁਤ ਜ਼ਿਆਦਾ ਰਾਹਤ ਮਿਲੇਗੀ।
ਹਰਿਆਣਾ 'ਚ ਕੈਥਲ ਜ਼ਿਲ੍ਹੇ ਦੇ ਕਿਸਾਨ ਗੁਰਦਿਆਲ ਸਿੰਘ ਨੇ ਕਿਹਾ ਕਿ ਪਿੱਛੇ ਜਿਹੇ ਐਲਾਨੇ ਗਏ ਉਪਾਵਾਂ ਤੋਂ ਕਿਸਾਨ ਖ਼ੁਸ਼ ਹਨ। ਜਿਵੇਂ ਕਿ ਐਲਾਨ ਕੀਤਾ ਗਿਆ ਹੈ, ਗ੍ਰਾਮੀਣ ਸਹਿਕਾਰੀ ਬੈਂਕਾਂ ਅਤੇ ਖੇਤਰੀ ਗ੍ਰਾਮੀਣ ਬੈਂਕਾਂ ਨੂੰ ਫ਼ਸਲ–ਕਰਜ਼ੇ ਦੀ ਆਵਸ਼ਕਤਾ ਦੀ ਪੂਰਤੀ ਲਈ ਨਾਬਾਰਡ 30,000 ਕਰੋੜ ਰੁਪਏ ਦੀ ਵਧੀਕ ਰੀ–ਫ਼ਾਇਨਾਂਸ ਮਦਦ ਮੁਹੱਈਆ ਕਰਵਾਏਗਾ। ਇਹ ਰੀਫ਼ਾਇਨਾਂਸ ਫ਼ਰੰਟ–ਲੋਡੇਡ ਹੋਵੇਗਾ ਅਤੇ ਤੁਰੰਤ ਵਰਤੋਂ ਲਈ ਉਪਲਬਧ ਹੋਵੇਗਾ। ਇਹ ਰਕਮ ਉਸ 90,000 ਕਰੋੜ ਰੁਪਏ ਤੋਂ ਇਲਾਵਾ ਹੈ, ਜੋ ਨਾਬਾਰਡ ਵਲੋਂ ਇਸ ਖੇਤਰ ਨੂੰ ਆਮ ਦਿਤੀ ਜਾਂਦੀ ਹੈ। ਇਸ ਨਾਲ ਲਗਭਗ 3 ਕਰੋੜ ਕਿਸਾਨਾਂ, ਜ਼ਿਆਦਾਤਰ ਛੋਟੇ ਅਤੇ ਹਾਸ਼ੀਏ ਉਤੇ ਜਾ ਚੁੱਕਿਆਂ, ਨੂੰ ਲਾਭ ਪੁੱਜੇਗਾ ਅਤੇ ਇਸ ਨਾਲ ਉਨ੍ਹਾਂ ਦੀਆਂ ਰਬੀ ਦੀ ਵਾਢੀ ਤੋਂ ਬਾਅਦ ਅਤੇ ਖ਼ਰੀਦ ਦੀਆਂ ਮੌਜੂਦਾ ਜ਼ਰੂਰਤਾਂ ਪੂਰੀਆਂ ਹੋਣਗੀਆਂ।