ਨੌਜਵਾਨ ਨੇ ਨਾਕੇ 'ਤੇ ਖੜੇ ਏਐਸਆਈ 'ਤੇ ਚੜ੍ਹਾਈ ਕਾਰ
ਲਾਕ ਡਾਊਨ ਸਬੰਧੀ ਹੁਸ਼ਿਆਰਪੁਰ ਹਾਈਵੇਅ 'ਤੇ ਪਿੰਡ ਹਜ਼ਾਰਾ ਦੇ ਮੋੜ 'ਤੇ ਸਨਿਚਰਵਾਰ ਦੇਰ ਰਾਤ ਨੂੰ ਦਿਹਾਤੀ ਥਾਣਾ ਪਤਾਰਾ ਦੀ ਪੁਲਿਸ ਵਲੋਂ ਕੀਤੀ ਗਈ ਨਾਕਾਬੰਦੀ
ਜਲੰਧਰ, 18 ਮਈ (ਲੱਕੀ, ਸ਼ਰਮਾ) : ਲਾਕ ਡਾਊਨ ਸਬੰਧੀ ਹੁਸ਼ਿਆਰਪੁਰ ਹਾਈਵੇਅ 'ਤੇ ਪਿੰਡ ਹਜ਼ਾਰਾ ਦੇ ਮੋੜ 'ਤੇ ਸਨਿਚਰਵਾਰ ਦੇਰ ਰਾਤ ਨੂੰ ਦਿਹਾਤੀ ਥਾਣਾ ਪਤਾਰਾ ਦੀ ਪੁਲਿਸ ਵਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਉਥੇ ਤਾਇਨਾਤ ਏ.ਐਸ.ਆਈ. 'ਤੇ ਇਕ ਨੌਜਵਾਨ ਵਲੋਂ ਕਾਰ ਚੜ੍ਹਾ ਦਿਤੀ ਗਈ। ਇਸ ਦੌਰਾਨ ਏ.ਐਸ.ਆਈ. ਬਲਬੀਰ ਸਿੰਘ ਗੰਭੀਰ ਫੱਟੜ ਹੋ ਗਿਆ ਅਤੇ ਉਸ ਦੇ ਸਾਥੀ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ 'ਚ ਦਾਖ਼ਲ ਕਰਵਾਇਆ। ਹੁਣ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਜਾਣਕਾਰੀ ਅਨੁਸਾਰ ਕਾਰ ਥਾਣਾ ਆਦਮਪੁਰ ਦੇ ਪਿੰਡ ਦੂਹੜੇ ਦਾ ਰਹਿਣ ਵਾਲਾ ਬਲਰਾਜ ਸਿੰਘ ਪੁੱਤਰ ਮਨੋਹਰ ਸਿੰਘ ਚੱਲਾ ਰਿਹਾ ਸੀ। ਉਸਨੇ ਪਹਿਲਾਂ ਅਪਣੀ ਕਾਰ ਸੜਕ 'ਤੇ ਪਏ ਬੈਰੀਕੇਡਾਂ ਵਿਚ ਮਾਰੀ ਅਤੇ ਫਿਰ ਏ.ਐਸ.ਆਈ. 'ਤੇ ਚੜ੍ਹਾ ਦਿਤੀ। ਪੁਲਿਸ ਨੇ ਬਲਰਾਜ ਸਿੰਘ ਵਿਰੁਧ ਆਈ.ਪੀ.ਸੀ. ਦੀ ਧਾਰਾ 279, 337, 338, 188, 269 ਅਤੇ 270 ਦੇ ਤਹਿਤ ਥਾਣਾ ਪਤਾਰਾ ਵਿਖੇ ਕੇਸ ਦਰਜ ਕਰਦੇ ਹੋਏ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।