ਤੂੜੀ ਦੀ ਟਰਾਲੀ ਪਲਟਣ ਨਾਲ ਦੋ ਵਿਅਕਤੀਆਂ ਦੀ ਮੌਤ
ਬਲਾਕ ਨੂਰਪੁਰ ਬੇਦੀ ਦੇ ਪਿੰਡ ਸਿੰਘਪੁਰ ਉਪਰਲਾ ਵਿਖੇ ਇਕ ਤੂੜੀ ਦੀ ਟਰਾਲੀ ਪਲਟਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਨਾਲ ਹੀ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ।
ਨੂਰਪੁਰ ਬੇਦੀ, 18 ਮਈ (ਬਲਵਿੰਦਰ ਸਿੰਘ ਬੰਟੀ): ਬਲਾਕ ਨੂਰਪੁਰ ਬੇਦੀ ਦੇ ਪਿੰਡ ਸਿੰਘਪੁਰ ਉਪਰਲਾ ਵਿਖੇ ਇਕ ਤੂੜੀ ਦੀ ਟਰਾਲੀ ਪਲਟਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਨਾਲ ਹੀ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਇਕੱਤਰ ਕੀਤੀ ਜਾਣਕਾਰੀ ਅਤੇ ਪੁਲਿਸ ਅਧਿਕਾਰੀਆਂ ਦੇ ਦੱਸਣ ਅਨੁਸਾਰ ਤੂੜੀ ਦੀ ਭਰੀ ਟਰਾਲੀ ਪਿੰਡ ਗਨੂਰਾਂ ਤੋਂ ਸਿੰਘਪੁਰ ਉਪਰਲਾ ਜਾ ਰਹੀ ਸੀ, ਪਲਟ ਗਈ। ਇਸ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਿਨ੍ਹਾਂ ਵਿਚੋਂ ਇਕ 24 ਸਾਲ ਦਾ ਨੌਜਵਾਨ ਵੀ ਹੈ। ਇਸ ਤੋਂ ਇਲਾਵਾ ਦੋ ਵਿਅਕਤੀਆਂ ਨੇ ਛਾਲਾਂ ਮਾਰ ਕੇ ਅਪਣੀ ਜਾਨ ਬਚਾਈ। ਜਦੋਂ ਇਹ ਟਰਾਲੀ ਪਿੰਡ ਵਿਚਲੀ ਚੜ੍ਹਾਈ ਚੜ੍ਹ ਰਹੀ ਸੀ ਤਾਂ ਅਚਾਨਕ ਟਰਾਲੀ ਲੱਦੀ ਹੋਣ ਕਰ ਕੇ ਪਿੱਛੇ ਵਾਪਸ ਆਉਣੀ ਸ਼ੁਰੂ ਹੋ ਗਈ ਜਿਸ ਕਾਰਨ ਟਰਾਲੀ ਦੇ ਡਰਾਈਵਰ ਸਮੇਤ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਤੀਜਾ ਵਿਅਕਤੀ ਗੰਭੀਰ ਜ਼ਖ਼ਮੀ ਦਸਿਆ ਜਾ ਰਿਹਾ ਹੈ ਜਿਸ ਨੂੰ ਰੋਪੜ ਸਿਵਲ ਹਸਪਤਾਲ 'ਚ ਰੈਫ਼ਰ ਕਰ ਦਿਤਾ ਗਿਆ।