ਅਮਿਤਾਬ ਬੱਚਨ ਨੇ ਦੋ ਕਰੋੜ ਦੇ ਮਾਮਲੇ ’ਚ ਅਕਾਲ ਤਖ਼ਤ ਸਾਹਿਬ ਵਿਖੇ ਸਪਸ਼ਟੀਕਰਨ ਭੇਜਿਆ?
ਅਮਿਤਾਬ ਬੱਚਨ ਨੇ ਦੋ ਕਰੋੜ ਦੇ ਮਾਮਲੇ ’ਚ ਅਕਾਲ ਤਖ਼ਤ ਸਾਹਿਬ ਵਿਖੇ ਸਪਸ਼ਟੀਕਰਨ ਭੇਜਿਆ?
‘ਜਥੇਦਾਰ’ ਦੇ ਵਿਦੇਸ਼ੋਂ ਵਾਪਸ ਆਉਣ ’ਤੇ ਇਸ ਸਬੰਧੀ ਫ਼ੈਸਲਾ ਹੋੋਣ ਦੀ ਸੰਭਾਵਨਾ
ਅੰਮਿ੍ਰਤਸਰ, 18 ਮਈ (ਸੁਖਵਿੰਦਰਜੀਤ ਸਿੰਘ ਬਹੋੜੂ): ਬਾਲੀਵੁਡ ਦੇ ਮਹਾਨ ਕਲਾਕਾਰ ਅਮਿਤਾਬ ਬੱਚਨ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੂੰ ਸਪੱਸ਼ਟੀਕਰਨ ਭੇਜਿਆ ਹੈ ਅਤੇ ਸਥਿਤੀ ਸਪੱਸ਼ਟ ਕੀਤੀ ਹੈ ਕਿ ਮੇਰਾ ਸਿੱਖ ਨਸਲਕੁਸ਼ੀ ਵਿਚ ਕੋਈ ਹੱਥ ਨਹੀਂ ਹੈ। ਇਸ ਸਬੰਧੀ ਪੱਤਰ ਮੁੰਬਈ ਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਮੈਂਬਰ ਵਲੋਂ ਲਿਆਉਣ ਦਾ ਸਮਾਚਾਰ ਹੈ।
ਦਸਣਯੋਗ ਹੈ ਕਿ ਦਿੱਲੀ ਨਸਲਕੁਸ਼ੀ ਵਿਚ ਅਮਿਤਾਬ ਬੱਚਨ ’ਤੇ ਦੋੋਸ਼ ਲਗਦੇ ਹਨ ਕਿ ਸ੍ਰੀ ਹਰਿਮੰਦਰ ਸਾਹਿਬ ’ਤੇ ਫ਼ੌਜੀ ਹਮਲਾ ਕਰਨ ਅਤੇ ਅਕਾਲ ਤਖ਼ਤ ਸਾਹਿਬ ਨੂੰ ਤੋਪਾਂ ਨਾਲ ਉਡਾਉਣ ਲਈ ਇੰਦਰਾ ਗਾਂਧੀ ਨੇ ਅਪਰੇਸ਼ਨ ਸਾਕਾ ਨੀਲਾ ਤਾਰਾ ਕੀਤਾ ਸੀ। ਇਸ ਅਪਰੇਸ਼ਨ ਤੋਂ ਬਾਅਦ ਇੰਦਰਾ ਗਾਂਧੀ ਦੇ ਦੋ ਸਿੱਖ ਸੁਰੱਖਿਆ ਕਰਮਚਾਰੀਆਂ ਉਸ ਨੂੰ ਗੋਲੀਆਂ ਨਾਲ ਭੁੰਨ ਦਿਤਾ ਸੀ। ਉਪਰੰਤ ਰਾਜੀਵ ਗਾਂਧੀ ਦੀ ਸਰਕਾਰ ਬਣਨ ਤੇ ਦਿੱਲੀ ਸਿੱਖ ਨਸਲਕੁਸ਼ੀ ਸਮੇ ਅਮਿਤਾਬ ਬੱਚਨ ਨੇ ਟੀ ਵੀ ’ਤੇ ਬਿਆਨ ਦਿਤਾ ਸੀ ਕਿ ਖ਼ੂਨ ਦਾ ਬਦਲਾ ਖ਼ੂਨ। ਇਸ ਕਾਰਨ ਸਿੱਖ ਕੌਮ ਲਈ ਅਮਿਤਾਬ ਬੱਚਨ ਵੀ ਗੁਨਾਹਗਾਰ ਹੈ।
ਅਮਿਤਾਬ ਬੱਚਨ ਵਲੋਂ ਹੁਣ ਬੀਤੇ ਦਿਨੀਂ ਕਰੋਨਾ ਮਰੀਜ਼ਾਂ ਦੀ ਦੇਖਭਾਲ ਕਰ ਰਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਦੋ ਕਰੋੜ ਰੁਪਏ ਦਾਨ ਵਜੋਂ ਭੇਜਣ ਤੇ ਸਿੱਖ ਕੌਮ ਵਿਚ ਵੱਡਾ ਵਿਵਾਦ ਸਾਹਮਣੇ ਆਇਆ ਹੈ । ਵੱਖ ਵੱਖ ਸਿੱਖ ਲੀਡਰਸ਼ਿਪ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਕਟਹਿਰੇ ਵਿਚ ਖੜਾ ਕੀਤਾ ਹੈ ਅਤੇ ਉਸ ’ਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ ਕਿ ਉਸ ਨੇ ਘੋਰ ਗ਼ਲਤੀ ਕੀਤੀ ਹੈ। ਇਸ ਸਬੰਧੀ ਦੋ ਕਰੋੜ ਰੁਪਏ ਅਮਿਤਾਬ ਬੱਚਨ ਨੂੰ ਵਾਪਸ ਕਰਨ ਲਈ ਸਿਰਸਾ ’ਤੇ ਜ਼ੋਰ ਪਾਇਆ ਜਾ ਰਿਹਾ ਹੈ । ਇਸ ਤੋਂ ਬਾਅਦ ਅਮਿਤਾਬ ਬੱਚਨ ਨੇ ਬੀਤੇ ਦਿਨ ਪੱਤਰ ਕਮ ਸਪੱਸ਼ਟੀਕਰਨ ਜਥੇਦਾਰ ਸਾਹਿਬ ਨੂੰ ਭੇਜਿਆ ਹੈ ਕਿ ਮੇਰਾ ਉਸ ਕਾਂਡ ਨਾਲ ਕੋਈ ਸਬੰਧ ਨਹੀਂ। ਉਨ੍ਹਾਂ ਇਹ ਵੀ ਕਿਹਾ ਹੈ ਕਿ ਮੈਂ ਵੀ ਸਿੱਖ ਪ੍ਰਵਾਰ ਨਾਲ ਸਬੰਧਤ ਹਾਂ। ਦਸਣਯੋਗ ਹੈ ਕਿ ਅਮਿਤਾਬ ਬੱਚਨ ਦੀ ਮਾਤਾ ਤੇਜੀ ਬੱਚਨ ਇਕ ਸਿੱਖ ਔਰਤ ਸੀ ਜਿਸ ਦੀ ਮੌਤ ਤੇ ਉਸ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਆਂਦੀਆਂ ਗਈਆਂ ਸਨ। ਅਕਾਲ ਤਖ਼ਤ ਦੇ ਸੂਤਰਾਂ ਅਨੁਸਾਰ ਇਸ ਸਬੰਧੀ ਜਥੇਦਾਰ ਅਕਾਲ ਤਖ਼ਤ ਫ਼ੈਸਲਾ ਕਰਨਗੇ ਜੋ ਅੱਜਕਲ ਵਿਦੇਸ਼ ਗਏ ਹੋਏ ਹਨ । ਇਸ ਸਬੰਧੀ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਪੀ ਏ ਜਸਪਾਲ ਸਿੰਘ ਨੂੰ ਇਸ ਪੱਤਰ ਸਬੰਧੀ ਪੁਸ਼ਟੀ ਕਰਨ ਲਈ ਜਦ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਅਮਿਤਾਬ ਬੱਚਨ ਦਾ ਕੋਈ ਪੱਤਰ ਨਹੀਂ ਆਇਆ। ਅਕਾਲ ਤਖ਼ਤ ਤੇ ਮਨਜੀਤ ਸਿੰਘ ਜੀ ਕੇ ਤੇ ਹੋਰ ਸਿੱਖ ਆਗੂਆਂ ਦੇ ਪੱਤਰ ਜ਼ਰੂਰ ਆਏ ਹਨ ।