ਬਹਿਬਲ ਕਲਾਂ ਗੋਲੀਕਾਂਡ ਦੀ ਸੁਣਵਾਈ 4 ਜੂਨ ਤਕ ਮੁਲਤਵੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਮਹਾਂਮਾਰੀ ਦੀ ਬੀਮਾਰੀ ਕਾਰਨ ਅਦਾਲਤਾਂ ਵਿਚ ਆਨਲਾਈਨ ਹੀ ਕੰਮ ਹੋਣ ਕਾਰਨ ਇਸ ਕੇਸ ਦੀ ਸੁਣਵਾਈ ਨਹੀਂ ਹੋ ਸਕੀ

Behbal Kalan

ਫ਼ਰੀਦਕੋਟ (ਗੁਰਿੰਦਰ ਸਿੰਘ) : ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਕਲਾਂ ਗੋਲੀਕਾਂਡ ਵਾਲੇ ਮਾਮਲੇ ਦੀ ਸੁਣਵਾਈ ਐਡੀਸ਼ਨਲ ਸ਼ੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਵਿਚ ਦੋਸ਼ ਆਇਦ ਹੋਣ ਦੇ ਮੁੱਦੇ ’ਤੇ ਬਹਿਸ ਲਈ ਰੱਖੀ ਗਈ ਸੀ

ਪਰ ਕੋਰੋਨਾ ਮਹਾਂਮਾਰੀ ਦੀ ਬੀਮਾਰੀ ਕਾਰਨ ਅਦਾਲਤਾਂ ਵਿਚ ਆਨਲਾਈਨ ਹੀ ਕੰਮ ਹੋਣ ਕਾਰਨ ਇਸ ਕੇਸ ਦੀ ਸੁਣਵਾਈ ਨਹੀਂ ਹੋ ਸਕੀ ਅਤੇ ਐਡੀਸ਼ਨਲ ਸ਼ੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਉਕਤ ਮਾਮਲੇ ਦੀ ਸੁਣਵਾਈ 4 ਜੂਨ ਤਕ ਮੁਲਤਵੀ ਕਰ ਦਿਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ‘ਕੋਰੋਨਾ ਵਾਇਰਸ’ ਕਾਰਨ ਅਦਾਲਤ ਵਿਚ ਪੰਕਜ ਬਾਂਸਲ ਪੇਸ਼ ਹੋਏ ਪਰ ਮੋਗਾ ਦੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਅਤੇ ਇਨ੍ਹਾਂ ਦੇ ਦੂਜੇ ਸਾਥੀ ਅਦਾਲਤ ਵਿਚ ਪੇਸ਼ ਨਹੀ ਹੋਏ। ਜ਼ਿਕਰਯੋਗ ਹੈ ਕਿ ਉਕਤਾਨ ਵਿਰੁਧ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਇਥੇ ਇਹ ਦਸਣਾ ਵੀ ਜ਼ਰੂਰੀ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਦੀ ਚਾਰਜਸ਼ੀਟ ਰੱਦ ਕਰਵਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਇਕ ਰਿਟ ਪਟੀਸ਼ਨ ਦਾਇਰ ਕੀਤੀ ਹੋਈ ਹੈ, ਜਿਸ ਦੀ ਤਾਰੀਖ 2 ਸਤੰਬਰ ਹੈ, ਉਸ ਦਿਨ ਦੋਨਾ ਧਿਰਾਂ ਵਿਚਾਲੇ ਬਹਿਸ ਹੋਣ ਦੀ ਸਭਾਵਨਾ ਹੈ।