ਮੁੱਖ ਮੰਤਰੀ ਲੋਂ100ਫ਼ੀਸਦੀਟੀਕਾਕਰਨਦਾਟੀਚਾਪੂਰਾਕਰਨਵਾਲੇਪਿੰਡਾਂਲਈ10ਲੱਖਰੁਪਏਦੀਵਿਸ਼ੇਸ਼ਗ੍ਰਾਂਟਦਾਐਲਾਨ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਵਲੋਂ 100 ਫ਼ੀ ਸਦੀ ਟੀਕਾਕਰਨ ਦਾ ਟੀਚਾ ਪੂਰਾ ਕਰਨ ਵਾਲੇ ਪਿੰਡਾਂ ਲਈ 10 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਾ ਐਲਾਨ

image


ਚੰਡੀਗੜ੍ਹ, 18 ਮਈ (ਭੁੱਲਰ): ਸੂਬੇ ਦੇ ਪਿੰਡਾਂ ਨੂੰ  ਟੀਕਾਕਰਨ ਤੋਂ ਗੁਰੇਜ਼ ਨਾ ਕਰਨ ਬਦਲੇ ਤੋਹਫ਼ਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਦੇ 'ਕੋਰੋਨਾ ਮੁਕਤ ਪਿੰਡ ਅਭਿਆਨ' ਤਹਿਤ 100 ਫ਼ੀ ਸਦੀ ਟੀਕਾਕਰਨ ਦਾ ਟੀਚਾ ਪੂਰਾ ਕਰਨ ਵਾਲੇ ਹਰ ਪਿੰਡ ਨੂੰ  10 ਲੱਖ ਰੁਪਏ ਦੀ ਵਿਕਾਸ ਗ੍ਰਾਂਟ ਦਿਤੀ ਜਾਵੇਗੀ | ਸੂਬੇ ਭਰ ਦੇ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨੂੰ  ਆਪੋ-ਅਪਣੇ ਪਿੰਡਾਂ ਵਿਚ ਕੋਵਿਡ ਵਿਰੁਧ ਜੰਗ ਵਿਚ ਮੋਹਰੀ ਕਿਰਦਾਰ ਅਦਾ ਕਰਨ ਦੀ ਅਪੀਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਰਪੰਚਾਂ ਅਤੇ ਪੰਚਾਂ ਵਲੋਂ ਲੋਕਾਂ ਨੂੰ  ਹਲਕੇ ਲੱਛਣ ਨਜ਼ਰ ਆਉਣ 'ਤੇ ਵੀ ਅਪਣੀ ਕੋਵਿਡ ਸਬੰਧੀ ਜਾਂਚ ਅਤੇ ਟੀਕਾਕਰਨ ਕਰਵਾਉਣ ਹਿਤ ਪ੍ਰੇਰਿਤ ਕੀਤਾ ਜਾਵੇ | 
ਮੁੱਖ ਮੰਤਰੀ 4000 ਲਾਈਵ ਲੋਕੇਸ਼ਨਾਂ 'ਤੇ ਵੱਖੋ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ 2000 ਮੁਖੀਆਂ/ਮੈਂਬਰਾਂ ਨਾਲ ਐਲ.ਈ.ਡੀ. ਸਕਰੀਨਾਂ ਰਾਹੀਂ ਗੱਲਬਾਤ ਕਰ ਰਹੇ ਸਨ | ਉਨ੍ਹਾਂ ਇਹ ਵੀ ਦਸਿਆ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਸਰਪੰਚਾਂ ਨੂੰ  ਕੋਵਿਡ ਦੇ ਐਮਰਜੈਂਸੀ ਇਲਾਜ ਲਈ ਪੰਚਾਇਤ ਫ਼ੰਡਾਂ ਵਿਚੋਂ ਪ੍ਰਤੀ ਦਿਨ 5000 ਰੁਪਏ ਦੀ ਹੱਦ ਤਕ ਖ਼ਰਚ ਕਰਨ ਦੀ ਮਨਜ਼ੂਰੀ ਦੇ ਦਿਤੀ ਹੈ ਅਤੇ ਇਹ ਹੱਦ 50,000 ਰੁਪਏ ਤਕ
 ਮਿੱਥੀ ਗਈ ਹੈ | ਪੇਂਡੂ ਖੇਤਰਾਂ ਦੀ ਆਬਾਦੀ ਨੂੰ  ਕੋਰੋਨਾ ਦੇ ਮਾਰੂ ਪ੍ਰਭਾਵਾਂ ਅਤੇ ਕੀਮਤੀ ਜਾਨਾਂ ਬਚਾਉਣ ਲਈ ਛੇਤੀ ਇਸ ਰੋਗ ਦਾ ਪਤਾ ਲਾਉਣ ਅਤੇ ਇਲਾਜ ਕਰਵਾਉਣ ਦੀ ਲੋੜ ਸਬੰਧੀ ਜਾਗਰੂਕ ਕਰਨ 'ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਾਰਜ ਸਿਰਫ਼ ਵਿਸ਼ੇਸ਼ ਰੂਪ ਨਾਲ ਪ੍ਰਚਾਰ ਮੁਹਿੰਮਾਂ ਰਾਹੀਂ ਹੀ ਨੇਪਰੇ ਚਾੜਿ੍ਹਆ ਜਾ ਸਕਦਾ ਹੈ | ਉਨ੍ਹਾਂ ਪੰਚਾਇਤਾਂ ਨੂੰ  ਵਿਸ਼ੇਸ਼ ਮੈਡੀਕਲ ਕੈਂਪ ਲਾਉਣ ਅਤੇ ਸਾਬਕਾ ਫ਼ੌਜੀਆਂ ਦੀਆਂ ਸੇਵਾਵਾਂ ਲੈਣ ਲਈ ਕਿਹਾ ਜਿਨ੍ਹਾਂ ਨੇ ਅਪਣੇ ਸੇਵਾਕਾਲ ਦੌਰਾਨ ਕਈ ਜੰਗਾਂ ਲੜੀਆਂ ਅਤੇ ਇਸ ਮਹਾਂਮਾਰੀ ਵਿਰੁਧ ਸੂਬੇ ਦੀ ਜੰਗ ਦਾ ਹਿੱਸਾ ਹਨ | 
ਮੁੱਖ ਮੰਤਰੀ ਨੇ ਸਰਪੰਚਾਂ ਅਤੇ ਪੰਚਾਂ ਨੂੰ ਆਪੋ-ਅਪਣੇ ਪਿੰਡਾਂ ਵਿਚ ਕੋਵਿਡ ਪੀੜਤ ਵਿਅਕਤੀਆਂ ਦਾ ਦਾਖ਼ਲਾ ਰੋਕਣ ਲਈ ਠੀਕਰੀ ਪਹਿਰੇ ਸ਼ੁਰੂ ਕਰਨ, ਪਾਜ਼ੇਟਿਵ ਮਿਲਣ ਵਾਲੇ ਹਰ ਇਕ ਵਿਅਕਤੀ ਨੂੰ  ਫ਼ਤਿਹ ਕਿੱਟ ਮੁਹਈਆ ਕਰਵਾਉਣ ਅਤੇ 94 ਫ਼ੀ ਸਦੀ ਤੋਂ ਹੇਠਾਂ ਦੇ ਆਕਸੀਜਨ ਪੱਧਰ ਵਾਲੇ ਵਿਅਕਤੀਆਂ ਦਾ ਸੰਪੂਰਨ ਇਲਾਜ ਯਕੀਨੀ ਬਣਾਏ ਜਾਣ ਲਈ ਕਿਹਾ | ਇਸ ਤੋਂ ਪਹਿਲਾਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਨੇ ਪੰਚਾਇਤ ਮੈਂਬਰਾਂ ਨੂੰ  ਸਰਕਾਰ ਦੇ ਉਪਰਾਲਿਆਂ ਨਾਲ ਸਹਿਯੋਗ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ ਤਾਕਿ ਕੋਵਿਡ ਦੀ ਸਥਿਤੀ ਖ਼ਾਸ ਕਰ ਕੇ ਉਨ੍ਹਾਂ ਪਿੰਡਾਂ ਵਿਚ ਜਿਥੇ ਕੇਸ ਵੱਧ ਹਨ, ਵਿਚ ਸਥਿਤੀ ਕੰਟਰੋਲ ਕੀਤੀ ਜਾ ਸਕੇ | 
ਇਸ ਮੌਕੇ ਸਿਹਤ ਤੇ ਪ੍ਰਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਿਹਤ ਵਿਭਾਗ ਰੈਪਿਡ ਐਂਟੀਜਨ ਟੈਸਟ (ਆਰ.ਏ.ਟੀ.) ਲਈ 12 ਲੱਖ ਕਿੱਟਾਂ ਦਾ ਆਰਡਰ ਦੇ ਚੁੱਕਾ ਹੈ ਤਾਕਿ ਸ਼ੁਰੂਆਤ ਵਿਚ ਹੀ ਕੋਵਿਡ ਕੇਸਾਂ ਦਾ ਪਤਾ ਲਾਇਆ ਜਾ ਸਕੇ | ਉਨ੍ਹਾਂ ਨੇ ਪਿੰਡਾਂ ਵਿਚ ਟੈਸਟਿੰਗ ਲਈ ਘਰ-ਘਰ ਜਾਣ ਦੀ ਮੁਹਿੰਮ ਚਲਾਉਣ ਵਾਸਤੇ ਸਿਹਤ ਵਰਕਰਾਂ ਦੇ ਨਾਲ ਗਾਰਡੀਅਨਜ ਆਫ ਗਵਰਨੈਂਸ (ਜੀ.ਓ.ਜੀ.), ਆਸ਼ਾ ਅਤੇ ਆਂਗਣਵਾੜੀ ਵਰਕਰਾਂ ਦੇ ਸਾਂਝੇ ਯਤਨ ਤੇਜ ਕਰਨ ਦੀ ਲੋੜ ਕਰਨ ਉਤੇ ਜ਼ੋਰ ਦਿਤਾ |  
ਇਸ ਤੋਂ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਾਨਕ ਖਾਨਾ ਦੀ ਸਰਪੰਚ ਸ਼ੈਸ਼ਨਦੀਪ ਕੌਰ, ਹੁਸ਼ਿਆਰਪੁਰ ਦੇ ਪਿੰਡ ਸਾਰੰਗਵਾਲ ਦੀ ਸਰਪੰਚ ਸੁਰਜੀਤ ਕੌਰ, ਮੋਗਾ ਦੇ ਸਾਫੂਵਾਲਾ ਦੇ ਸਰਪੰਚ ਲਖਵੰਤ ਸਿੰਘ, ਪਟਿਆਲਾ ਦੇ ਪਿੰਡ ਖਨੌਰਾ ਦੀ ਸਰਪੰਚ ਗੁਰਦੀਪ ਕੌਰ ਅਤੇ ਅੰਮਿਰਤਸਰ ਦੇ ਪਿੰਡ ਮਹਿਤਾ ਦੇ ਸਰਪੰਚ ਕਸ਼ਮੀਰ ਸਿੰਘ ਨੇ ਪਿੰਡ ਵਿਚ ਸਿਹਤ ਸੰਭਾਲ ਦੇ ਮੌਜੂਦਾ ਬੁਨਿਆਦੀ ਢਾਂਚੇ ਨੂੰ  ਹੋਰ ਮਜ਼ਬੂਤ ਕਰਨ ਲਈ ਆਪੋ-ਅਪਣੇ ਸੁਝਾਅ ਦਿੱਤੇ | ਉਨ੍ਹਾਂ ਨੇ ਮੁੱਖ ਮੰਤਰੀ ਨੂੰ  ਕੋਵਿਡ ਸਬੰਧੀ ਇਹਤਿਆਤ ਵਰਤਣ ਲਈ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ  ਯਕੀਨੀ ਬਣਾਉਣ ਅਤੇ ਟੀਕਾਕਰਨ ਦੀ ਮਹੱਤਤਾ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਬਾਰੇ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣੂੰ ਕਰਵਾਇਆ |