SIT ਵਲੋਂ ਪਾਵਨ ਸਰੂਪ ਚੋਰੀ ਹੋਣ, ਭੜਕਾਊ ਪੋਸਟਰਾਂ ਅਤੇ ਬੇਅਦਬੀ ਕਾਂਡ ਦੇ ਮਾਮਲੇ ਸੁਲਝਾਉਣ ਦਾ ਦਾਅਵਾ!
‘ਸਿੱਟ’ ਦੀ ਜਾਂਚ ਦੌਰਾਨ ਸਾਹਮਣੇ ਆਈਆਂ ਡੇਰਾ ਪ੍ਰੇਮੀਆਂ ਦੀਆਂ ਨਿੰਦਣਯੋਗ ਕਰਤੂਤਾਂ
ਕੋਟਕਪੂਰਾ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਦੇ ਮੁੱਦੇ ’ਤੇ ਵੱਖ-ਵੱਖ ਸਿਆਸੀ ਪਾਰਟੀਆਂ ਇਕ ਦੂਜੇ ਖਿਲਾਫ਼ ਜੋ ਮਰਜੀ ਬਿਆਨਬਾਜੀ ਅਤੇ ਦੂਸ਼ਣਬਾਜੀ ਕਰੀ ਜਾਣ ਪਰ ਉਕਤ ਮੁੱਦਾ ਸਿਆਸੀ ਪਾਰਟੀਆਂ ਲਈ ‘ਗਲੇ ਦੀ ਹੱਡੀ’ ਬਣਦਾ ਜਾ ਰਿਹਾ ਹੈ। ਬੀਤੇ ਕੱਲ ਅਦਾਲਤ ਵਿਚ ਐਸਆਈਟੀ (ਸਿੱਟ) ਦੇ ਮੈਂਬਰ ਇੰਸ. ਦਲਬੀਰ ਸਿੰਘ ਸਿੱਧੂ ਵੱਲੋਂ ਰੱਖੇ ਪੱਖ ਨੇ ਕੁਝ ਅਜਿਹੇ ਅਣਗੋਲੇ ਤੱਥ ਸਾਹਮਣੇ ਲਿਆਂਦੇ ਹਨ, ਜਿੰਨਾਂ ਨੇ ਰਾਜਨੀਤਿਕ ਅਤੇ ਪੰਥਕ ਹਲਕਿਆਂ ਵਿੱਚ ਤਰਥੱਲੀ ਮਚਾ ਦਿੱਤੀ ਹੈ।
ਛਣ-ਛਣ ਕੇ ਬਾਹਰ ਆਈਆਂ ਖਬਰਾਂ ਮੁਤਾਬਕ ਇੰਸਪੈਕਟਰ ਸਿੱਧੂ ਨੇ ਅਦਾਲਤ ਨੂੰ ਦੱਸਿਆ ਕਿ ਡੇਰਾ ਪ੍ਰੇਮੀਆਂ ਨੇ 12 ਅਕਤੂਬਰ 2015 ਨੂੰ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ 150 ਅੰਗ ਪਾੜ ਕੇ ਖਿਲਾਰ ਦਿੱਤੇ ਸਨ ਅਤੇ 100 ਅੰਗ ਨੇੜਲੇ ਪਿੰਡ ਹਰੀਨੌ ਵਿੱਚ ਖਿਲਾਰਨ ਲਈ ਪ੍ਰਦੀਪ ਕੁਮਾਰ ਉਰਫ਼ ਰਾਜੂ ਦੋਧੀ ਵਾਸੀ ਹਰੀਨੌ ਰੋਡ ਕੋਟਕਪੂਰਾ ਦੀ ਡਿਊਟੀ ਲੱਗੀ ਸੀ, ਡੇਰੇ ਦੀ 45 ਮੈਂਬਰੀ ਕਮੇਟੀ ਦੇ ਸਰਗਰਮ ਮੈਂਬਰ ਮਹਿੰਦਰਪਾਲ ਬਿੱਟੂ ਦੀ ਹਦਾਇਤ ਮੁਤਾਬਕ ਸ਼ਕਤੀ ਸਿੰਘ ਅਤੇ ਰਣਜੀਤ ਭੋਲੇ ਨੇ 100 ਅੰਗ ਰਾਜੂ ਦੋਧੀ ਤੱਕ ਪਹੁੰਚਾ ਦਿੱਤੇ ਸਨ ਪਰ ਬਰਗਾੜੀ ਬੇਅਦਬੀ ਕਾਂਡ ਦੇ ਪਏ ਰੋਲੇ ਕਾਰਨ ਰਾਜੂ ਦੋਧੀ ਡਰ ਗਿਆ ਅਤੇ ਉਸ ਨੇ ਗੁਰੂ ਗ੍ਰੰਥ ਸਾਹਿਬ ਦੇ 100 ਪੰਨੇ ਹਰੀਨੌ ਵਾਲੇ ਸੂਏ ਵਿੱਚ ਰੋੜ ਦਿਤੇ।
ਅੱਸਆਈਟੀ ਨੇ 7 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕਰਦਿਆਂ ਦਾਅਵਾ ਕੀਤਾ ਕਿ ਉਕਤਾਨ ਡੇਰਾ ਪ੍ਰੇਮੀਆਂ ਕੋਲੋਂ ਗੁਰੂ ਗ੍ਰੰਥ ਸਾਹਿਬ ਦੇ 100 ਪੰਨੇ ਅਤੇ ਜਿਲਦ ਬਰਾਮਦ ਕਰਨੀ ਅਜੇ ਬਾਕੀ ਹੈ। ਐੱਸਆਈਟੀ ਨੇ ਅਦਾਲਤ ਨੂੰ ਦੱਸਿਆ ਕਿ 02-06-2015, 25-09-2015, 12-10-2015 ਨੂੰ ਥਾਣਾ ਬਾਜਾਖਾਨਾ ਵਿਖੇ ਕ੍ਰਮਵਾਰ ਤਿੰਨ ਐੱਫਆਈਆਰਾਂ ਨੰਬਰ 63, ਨੰਬਰ 117 ਅਤੇ ਨੰਬਰ 128 ਅਣਪਛਾਤਿਆਂ ਖਿਲਾਫ ਦਰਜ ਹੋਈਆਂ ਸਨ। ਉਸ ਸਮੇਂ ਪਾਵਨ ਸਰੂਪ ਚੋਰੀ ਹੋਣ, ਭੜਕਾਊ ਪੋਸਟਰ ਲਾਉਣ ਅਤੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਵਾਲੀਆਂ ਘਟਨਾਵਾਂ ਦੇ ਸਬੰਧ ਵਿੱਚ ਆਈਪੀਸੀ ਦੀ ਧਾਰਾ 295ਏ ਤਹਿਤ ਮਾਮਲੇ ਦਰਜ ਹੋਏ ਸਨ, ਜਿੰਨਾ ਨੂੰ ਸੁਲਝਾਅ ਲਿਆ ਗਿਆ ਹੈ।
ਐੱਸਆਈਟੀ ਦੇ ਅਹਿਮ ਪ੍ਰਗਟਾਵਿਆਂ ਅਤੇ ਖੁਲਾਸਿਆਂ ਤੋਂ ਬਾਅਦ ਪੰਥਕ ਹਲਕੇ ਹੈਰਾਨ ਹਨ ਕਿ ਕੀ ਪੰਥ ਦੇ ਨਾਂਅ ’ਤੇ 5 ਵਾਰੀ ਸੱਤਾ ਦਾ ਆਨੰਦ ਮਾਣਨ ਵਾਲੇ ਬਾਦਲਾਂ ਨੇ ਡੇਰਾ ਪ੍ਰੇਮੀਆਂ ਨੂੰ ਐਨੀ ਖੁੱਲ ਦੇ ਦਿੱਤੀ ਸੀ ਕਿ ਉਹ ਜੋ ਮਰਜੀ ਪੰਥਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਦੇਣ? ਉਨਾਂ ਨੂੰ ਸਰਕਾਰ, ਪੁਲਿਸ ਜਾਂ ਕਾਨੂੰਨ ਦਾ ਕੋਈ ਡਰ-ਭੈਅ ਹੀ ਨਹੀਂ ਸੀ? ਹੁਣ ਸਵਾਲ ਪੈਦਾ ਹੋ ਗਿਆ ਹੈ ਕਿ ਐੱਸਆਈਟੀ ਦੇ ਅਹਿਮ ਪ੍ਰਗਟਾਵਿਆਂ ਤੋਂ ਬਾਅਦ ਬਾਦਲ ਪਰਿਵਾਰ, ਤਖਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਅਹੁਦੇਦਾਰ ਜਾਂ ਅਕਾਲੀ ਦਲ ਬਾਦਲ ਨਾਲ ਜੁੜਿਆ ਕੋਈ ਵੀ ਆਗੂ ਡੇਰਾ ਪ੍ਰੇਮੀਆਂ ਦੀ ਕਰਤੂਤ ਦੇ ਖਿਲਾਫ਼ ਮੂੰਹ ਖੋਲੇਗਾ ਜਾਂ ਪਹਿਲਾਂ ਦੀ ਤਰਾਂ ਹੀ ਚੁੱਪ ਵੱਟੀ ਰੱਖੇਗਾ?