ਪੰਜਾਬ ਵਿਚ ਹਾਕਮ ਪਾਰਟੀ ਦੀ ਫੁੱਟ ਨੂੰ  ਲੈ ਕੇ ਪਾਰਟੀ ਹਾਈਕਮਾਨ ਵੀ ਹੋਇਆ ਗੰਭੀਰ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਵਿਚ ਹਾਕਮ ਪਾਰਟੀ ਦੀ ਫੁੱਟ ਨੂੰ  ਲੈ ਕੇ ਪਾਰਟੀ ਹਾਈਕਮਾਨ ਵੀ ਹੋਇਆ ਗੰਭੀਰ

image


ਮਸਲੇ ਦੇ ਹੱਲ ਲਈ ਦੋ-ਤਿੰਨ ਦਿਨ ਦਾ ਸਮਾਂ ਮੰਗਿਆ, ਫ਼ਿਲਹਾਲ ਵਖਰੀ ਮੁਹਿੰਮ ਰੋਕਣ ਲਈ ਕਿਹਾ

ਚੰਡੀਗੜ੍ਹ, 18 ਮਈ (ਗੁਰਉਪਦੇਸ਼ ਭੁੱਲਰ) : ਹਾਈ ਕੋਰਟ ਵਲੋਂ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਰੀਪੋਰਟ ਰੱਦ ਕਰ ਦੇਣ ਬਾਅਦ ਕੈਪਟਨ ਸਰਕਾਰ ਤੇ ਪੰਜਾਬ ਕਾਂਗਰਸ ਅੰਦਰ ਸ਼ੁਰੂ ਹੋਇਆ ਆਪਸੀ ਘਮਾਸਾਨ ਹੋਰ ਵਧ ਗਿਆ ਹੈ | ਹੁਣ ਪੰਜਾਬ ਕਾਂਗਰਸ ਦੇ ਅੰਦਰੂਨੀ ਕਾਟੋ-ਕਲੇਸ਼ ਦੇ ਗੰਭੀਰ ਹੋਣ ਬਾਅਦ ਪਾਰਟੀ ਹਾਈ ਕਮਾਨ ਵੀ ਸਰਗਰਮ ਹੋਇਆ ਹੈ | ਪਰ ਇਸ ਦੇ ਬਾਵਜੂਦ ਪੰਜਾਬ ਕਾਂਗਰਸ ਅੰਦਰ ਬਗ਼ਾਵਤੀ ਸੁਰਾਂ ਤਿੱਖੀਆਂ ਹੀ ਨਹੀਂ ਹੋ ਰਹੀਆਂ ਬਲਕਿ ਇਨ੍ਹਾਂ ਦੀ ਗਿਣਤੀ ਵਧ ਰਹੀ ਹੈ ਭਾਵੇਂ ਸਰਕਾਰੀ ਧਿਰ ਇਸ ਨੂੰ  ਗ਼ਲਤ ਦਸ ਰਹੀ ਹੈ |
ਕਾਂਗਰਸ ਹਾਈ ਕਮਾਨ ਵਲੋਂ ਰਾਹੁਲ ਗਾਂਧੀ ਦੀਆਂ ਹਦਾਇਤਾਂ ਬਾਅਦ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਲਗਾਤਾਰ ਮੁੱਖ ਮੰਤਰੀ ਤੋਂ ਨਾਰਾਜ਼ ਹੋ ਕੇ ਵਖਰੀ ਮੁਹਿੰਮ ਚਲਾ ਰਹੇ 
ਮੰਤਰੀਆਂ, ਵਿਧਾਇਕਾਂ ਤੇ ਪ੍ਰਮੁੱਖ ਆਗੂਆਂ ਨੂੰ  ਫ਼ੋਨ ਕਰ ਕੇ ਫ਼ਿਲਹਾਲ ਇਨ੍ਹਾਂ ਸਰਗਰਮੀਆਂ ਨੂੰ  ਦੋ-ਤਿੰਨ ਦਿਨ ਲਈ ਰੋਕ ਦੇਣ ਅਤੇ ਛੇਤੀ ਹੀ ਪੈਦਾ ਹੋਏ ਸੰਕਟ ਦਾ ਹਾਈ ਕਮਾਨ ਵਲੋਂ ਹੱਲ ਕਰਨ ਦਾ ਭਰੋਸਾ ਦੇ ਰਹੇ ਹਨ | ਭਾਵੇਂ ਕੈਬਨਿਟ ਮੰਤਰੀ ਚਰਨਜੀਤ ਚੰਨੀ ਵਲੋਂ ਅੱਜ ਕੀਤੀ ਜਾਣ ਵਾਲੀ ਪ੍ਰੈੱਸ ਕਾਨਫ਼ਰੰਸ ਤਾਂ ਰਾਵਤ ਦੀ ਅਪੀਲ ਬਾਅਦ ਫ਼ਿਲਹਾਲ ਰੱਦ ਕਰ ਦਿਤੀ ਗਈ ਸੀ ਪਰ ਕੁੱਝ ਮੰਤਰੀਆਂ ਅਤੇ ਵਿਧਾਇਕਾਂ ਨੇ ਅੱਜ ਮੰਤਰੀ ਚੰਨੀ ਦੀ ਸਕੱਤਰੇਤ ਸਥਿਤ ਰਿਹਾਇਸ਼ 'ਤੇ ਮੀਟਿੰਗ ਕੀਤੀ | ਇਸ ਵਿਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਲ ਸਨ | ਇਸ ਤੋਂ ਇਲਾਵਾ ਇਸ ਮੀਟਿੰਗ 'ਚ ਸ਼ਾਮਲ ਸੀਨੀਅਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਧਾਇਕ ਪਰਗਟ ਸਿੰਘ ਦੀ ਹਾਜ਼ਰੀ ਵੀ ਖ਼ਾਸ ਤੌਰ 'ਤੇ ਜ਼ਿਕਰਯੋਗ ਹੈ | 

ਪਾਰਟੀ ਹਾਈ ਕਮਾਨ ਲੈ ਸਕਦਾ ਹੈ ਇਕੱਲੇ ਇਕੱਲੇ ਵਿਧਾਇਕ ਦੀ ਰਾਏ 
ਪੰਜਾਬ ਕਾਂਗਰਸ ਦੇ ਚੱਲ ਰਹੇ ਘਮਾਸਾਨ 'ਚ ਪਾਰਟੀ ਹਾਈ ਕਮਾਨ ਵਲੋਂ ਦਖ਼ਲ ਦੇਣ ਤੋਂ ਬਾਅਦ ਹੁਣ ਇਹ ਜਾਣਕਾਰੀ ਮਿਲ ਰਹੀ ਹੈ ਕਿ ਦਿੱਲੀ ਤੋਂ ਸੀਨੀਅਰ ਆਗੂਆਂ ਦਾ ਪੈਨਲ ਚੰਡੀਗੜ੍ਹ ਆ ਕੇ ਪਾਰਟੀ ਦੇ ਸਾਰੇ ਵਿਧਾਇਕਾਂ ਤੋਂ ਪੈਦਾ ਹੋਏ ਮੌਜੂਦਾ ਸੰਕਟ ਬਾਰੇ ਇਕੱਲੇ-ਇਕੱਲੇ ਦੀ ਰਾਏ ਪੁੱਛ ਕੇ ਕੋਈ ਅਗਲਾ ਫ਼ੈਸਲਾ ਸੁਣਾ ਸਕਦਾ ਹੈ | ਪਾਰਟੀ ਇੰਚਾਰਜ ਹਰੀਸ਼ ਰਾਵਤ ਵੀ ਇਕ-ਦੋ ਦਿਨ 'ਚ ਚੰਡੀਗੜ੍ਹ ਪਹੁੰਚ ਰਹੇ ਹਨ ਕਿਉਂਕਿ ਪੰਜਾਬ ਕਾਂਗਰਸ 'ਚ ਬਣੀ ਸਾਰੀ ਮੌਜੂਦਾ ਸਥਿਤੀ ਦੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ  ਪੂਰੀ ਜਾਣਕਾਰੀ ਮਿਲ ਚੁੱਕੀ ਹੈ |