ਪੂਰੇ ਪੰਜਾਬ 'ਚ ਮੋਗਾ ਦੇ ਪਿੰਡ ਸਾਫੂਵਾਲਾ ਦੇ ਚਰਚੇ, ਬਣੇਗਾ ਪੰਜਾਬ ਦਾ ਪਹਿਲਾ ਮਾਡਲ ਪਿੰਡ
ਪਿੰਡ ਵਾਸੀਆਂ, ਪ੍ਰਸ਼ਾਸਨ ਤੇ ਐਨਆਰਆਈਜ਼ ਦੀ ਪਹਿਲ
ਮੋਗਾ(ਦਲੀਪ ਕੁਮਾਰ) ਮੋਗਾ ਜ਼ਿਲ੍ਹੇ ਦਾ ਪਿੰਡ ਸਾਫੂ ਵਾਲਾ ਕੋਰੋਨਾ ਕਾਲ 'ਚ ਕਾਫ਼ੀ ਚਰਚਾ 'ਚ ਹੈ। ਇਹ ਚਰਚੇ ਹੋਣ ਵੀ ਕਿਉਂ ਨਾ.... ਆਉਣ ਵਾਲੇ ਸਮੇਂ 'ਚ ਇਹ ਪੰਜਾਬ ਦਾ ਪਹਿਲਾ ਮਾਡਲ ਪਿੰਡ ਬਣਨ ਜਾ ਰਿਹਾ ਹੈ।
ਪਿੰਡ 'ਚ ਬਣੇ ਨਵੇਂ ਪੰਚਾਇਤ ਘਰ, ਹੈਲਥ ਸੈਂਟਰ, ਬੱਸ ਅੱਡਾ ਅਤੇ ਧਰਮਸ਼ਾਲਾ ਨੂੰ ਵੇਖ ਕੇ ਤੁਹਾਨੂੰ ਭੁਲੇਖਾ ਪੈ ਜਾਵੇਗਾ ਕਿ ਸੱਚਮੁੱਚ ਤੁਸੀਂ ਕਿਸੇ ਪਿੰਡ 'ਚ ਖੜ੍ਹੇ ਹੋ ਜਾਂ ਸ਼ਹਿਰ ਵਿਚ।
ਪਿੰਡ ਵਾਸੀਆਂ ਦੀ ਜਾਗਰੂਕਤਾ ਦਾ ਅੰਦਾਜ਼ਾ ਇਸ ਗੱਲੋਂ ਵੀ ਲਗਾਇਆ ਜਾ ਸਕਦਾ ਹੈ ਕਿ ਪਿੰਡ 'ਚ 45 ਸਾਲ ਤੋਂ ਉੱਪਰ ਉਮਰ ਵਾਲੇ ਸਾਰੇ ਲੋਕ ਕੋਰੋਨਾ ਵੈਕਸੀਨ ਲਗਵਾ ਚੁੱਕੇ ਹਨ।
ਪਿੰਡ ਦੇ ਸਰਪੰਚ ਲਖਵੰਤ ਸਿੰਘ ਨੇ ਦੱਸਿਆ ਕਿ ਇਹ ਸਭ ਕੁੱਝ ਪੰਜਾਬ ਸਰਕਾਰ, ਮਨਰੇਗਾ, ਐਨਆਰਆਈ ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ। ਪਿੰਡ 'ਚ ਨਵਾਂ ਸਹੂਲਤਾਂ ਨਾਲ ਲੈੱਸ ਹਸਪਤਾਲ ਵੀ ਤਿਆਰ ਕੀਤਾ ਜਾ ਰਿਹਾ ਹੈ।
ਪਿੰਡ ਦਾ ਜਾਇਜ਼ਾ ਲੈਣ ਪਹੁੰਚੇ ਮੋਗਾ ਦੇ ਬੀਡੀਓ ਰਾਜਵਿੰਦਰ ਸਿੰਘ ਅਤੇ ਮਨਰੇਗਾ ਇੰਚਾਰਜ ਕਸਮਜੀਤ ਕੌਰ ਨੇ ਦੱਸਿਆ ਕਿ ਪਿੰਡ 'ਚ ਛੱਪੜ ਦੀ ਸਫਾਈ ਦਾ ਕੰਮ ਵੀ ਚੱਲ ਰਿਹਾ ਹੈ ਅਤੇ ਬੱਚਿਆਂ ਲਈ ਖੇਡ ਸਟੇਡੀਅਮ ਵੀ ਤਿਆਰ ਕਰਵਾਇਆ ਜਾ ਰਿਹਾ ਹੈ।
ਪਿੰਡ ਵਾਸੀਆਂ ਨੇ ਪੰਚਾਇਤ ਅਤੇ ਸਥਾਨਕ ਪ੍ਰਸ਼ਾਸਨ ਦੇ ਕੰਮਾਂ 'ਤੇ ਤਸੱਲੀ ਪ੍ਰਗਟਾਈ। ਪਿੰਡ ਸਾਫੂ ਵਾਲਾ ਦੇ ਵਿਕਾਸ ਕਾਰਜਾਂ ਨੂੰ ਵੇਖ ਕੇ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਸੇਧ ਲੈਣ ਦੀ ਲੋੜ ਹੈ।