23 ਕਿਸਾਨ ਜਥੇਬੰਦੀਆਂ ਨੇ ਭਗਵੰਤ ਮਾਨ ਸਰਕਾਰ ਵਿਰੁਧ ਮੋਰਚਾ 24 ਘੰਟੇ ਵਿਚ ਹੀ 'ਫ਼ਤਿਹ' ਕੀਤਾ

ਏਜੰਸੀ

ਖ਼ਬਰਾਂ, ਪੰਜਾਬ

23 ਕਿਸਾਨ ਜਥੇਬੰਦੀਆਂ ਨੇ ਭਗਵੰਤ ਮਾਨ ਸਰਕਾਰ ਵਿਰੁਧ ਮੋਰਚਾ 24 ਘੰਟੇ ਵਿਚ ਹੀ 'ਫ਼ਤਿਹ' ਕੀਤਾ

image


ਮੁੱਖ ਮੰਤਰੀ ਨੇ ਕਿਸਾਨ ਆਗੂਆਂ ਨਾਲ ਢਾਈ ਘੰਟੇ ਚਲੀ ਮੀਟਿੰਗ ਵਿਚ ਬਹੁਤੀਆਂ ਮੰਗਾਂ ਮੰਨੀਆਂ

ਚੰਡੀਗੜ੍ਹ, 18 ਮਈ (ਗੁਰਉਪਦੇਸ਼ ਭੁੱਲਰ, ਨਰਿੰਦਰ ਸਿੰਘ ਝਾਮਪੁਰ): ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਪੰਜਾਬ ਦੀਆਂ 23 ਜਥੇਬੰਦੀਆਂ ਨੇ ਭਗਵੰਤ ਮਾਨ ਸਰਕਾਰ ਵਿਰੁਧ ਕੁੱਝ ਭਖਦੇ ਮਾਮਲਿਆਂ ਨੂੰ  ਲੈ ਕੇ ਬੀਤੇ ਦਿਨ ਚੰਡੀਗੜ੍ਹ-ਮੋਹਾਲੀ ਦੀ ਹੱਦ ਉਪਰ ਦਿੱਲੀ ਮੋਰਚੇ ਦੀ ਤਰਜ਼ 'ਤੇ ਸ਼ੁਰੂ ਕੀਤਾ ਮੋਰਚਾ 24 ਘੰਟਿਆਂ ਅੰਦਰ ਹੀ ਫ਼ਤਿਹ ਕਰ ਲਿਆ ਹੈ |
ਬੀਤੇ ਦਿਨ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਮੋਰਚਾ ਸ਼ੁਰੂ ਹੋਣ ਦੌਰਾਨ ਹੀ ਕਿਸਾਨ ਆਗੂਆਂ ਨਾਲ ਕੋਈ ਗੱਲਬਾਤ ਕੀਤੇ ਬਿਨਾਂ ਦਿੱਲੀ ਚਲੇ ਗਏ ਸਨ ਅਤੇ ਸ਼ਾਮ ਨੂੰ  ਵਾਪਸ ਮੁੜਦਿਆਂ ਅੰਦੋਲਨਕਾਰੀ ਕਿਸਾਨਾਂ ਨੂੰ  ਨਸੀਹਤ ਦਿੰਦੇ ਹੋਏ ਕੁੱਝ ਤਲਖ਼ੀ ਵਾਲੇ ਬੋਲ ਵੀ ਬੋਲ ਦਿਤੇ ਸਨ ਪਰ ਅੱਜ ਮੁੱਖ ਮੰਤਰੀ ਨੇ ਕਿਸਾਨ ਆਗੂਆਂ ਨੂੰ  ਚੰਡੀਗੜ੍ਹ ਬੁਲਾ ਕੇ ਉਨ੍ਹਾਂ ਦੀਆਂ ਲਗਭਗ ਸਾਰੀਆਂ ਹੀ ਮੰਗਾਂ ਪ੍ਰਵਾਨ ਕਰ ਲਈਆਂ | ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਦੀ ਵੀ ਤਸੱਲੀ ਹੋ ਗਈ ਅਤੇ ਉਨ੍ਹਾਂ ਲਾਇਆ ਪੱਕਾ ਮੋਰਚਾ ਵੀ ਖ਼ਤਮ ਕਰ ਦਿਤਾ ਹੈ | ਮੁੱਖ ਮੰਤਰੀ ਭਗਵੰਤ ਮਾਨ ਨਾਲ ਸਰਕਾਰ ਦੀ ਮੀਟਿੰਗ
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਮੁੱਖ ਸਕੱਤਰ ਸਮੇਤ ਉਚ ਅਫ਼ਸਰ ਮੌਜੂਦ ਸਨ | ਜਦਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵਲੋਂ 23 ਮੈਂਬਰੀ ਵਫ਼ਦ ਵਿਚ ਸ਼ਾਮਲ ਪ੍ਰਮੁੱਖ ਆਗੂਆਂ ਵਿਚ ਜਗਜੀਤ ਸਿੰਘ ਡੱਲੇਵਾਲ, ਹਰਿੰਦਰ ਸਿੰਘ ਲੱਖੋਵਾਲ, ਡਾ. ਦਰਸ਼ਨਪਾਲ, ਸੁਰਜੀਤ ਸਿੰਘ ਫੂਲ, ਬਲਦੇਵ ਸਿੰਘ ਸਿਰਸਾ ਦੇ ਨਾਂ ਅਗਵਾਈ ਕਰਨ ਵਾਲਿਆਂ ਵਿਚ ਜ਼ਿਕਰਯੋਗ ਹਨ |
ਇਸ ਮੀਟਿੰਗ ਵਿਚ ਬੜੇ ਹੀ ਸਦਭਾਵਨਾ ਵਾਲੇ ਮਾਹੌਲ ਵਿਚ ਲਗਭਗ ਪੰਜਾਬ ਭਵਨ ਵਿਚ ਢਾਈ ਘੰਟੇ ਚਲੀ ਗੱਲਬਾਤ ਵਿਚ ਸੱਭ ਤੋਂ ਅਹਿਮ ਮੰਗ ਝੋਨੇ ਦੀ ਲਵਾਈ ਸਬੰਧੀ ਬਣਾਏ ਚਾਰ ਜ਼ੋਨਾਂ ਤੇ ਸਮੇਂ ਵਿਚ ਤਬਦੀਲੀ ਦੀ ਪ੍ਰਵਾਨਗੀ ਦੀ ਹੈ | ਹੁਣ ਚਾਰ ਜ਼ੋਨਾਂ ਦੀ ਥਾਂ ਦੋ ਜ਼ੋਨ ਕਰ ਦਿਤੇ ਗਏ ਹਨ ਤੇ ਝੋਨੇ ਦੀ ਲਵਾਈ 18 ਜੂਨ ਦੀ ਥਾਂ 14 ਜੂਨ ਤੋਂ ਹੋ ਸਕੇਗੀ | ਬਾਰਡਰ ਤੇ ਸੇਮ ਵਾਲੇ ਖੇਤਰਾਂ ਨੂੰ  ਹੁਣ ਦੋ ਜ਼ੋਨਾਂ ਵਿਚੋਂ ਛੋਟ ਦਿਤੀ ਗਈ ਹੈ ਅਤੇ ਇਥੇ 10 ਜੂਨ ਤੋਂ ਝੋਨਾ ਲਾਇਆ ਜਾ ਸਕਦਾ ਹੈ | ਦੂਜੀ ਅਹਿਮ ਮੰਗ ਜੋ ਪ੍ਰਵਾਨ ਹੋਈ ਉਹ ਮੁੰਗੀ ਦੀ ਫ਼ਸਲ ਨੂੰ  ਐਮ.ਐਸ.ਪੀ. 'ਤੇ 7225 ਰੁਪਏ ਦੇ ਹਿਸਾਬ ਨਾਲ ਖ਼ਰੀਦਣ ਲਈ ਨੋਟੀਫ਼ੀਕੇਸ਼ਨ ਜਾਰੀ ਹੋ ਗਿਆ ਹੈ | ਬਾਸਮਤੀ ਤੇ ਮੱਕੀ 'ਤੇ ਵੀ ਐਮ.ਐਸ.ਪੀ. ਦੇਣ 'ਤੇ ਸਹਿਮਤੀ ਪ੍ਰਗਟ ਕੀਤੀ ਅਤੇ ਕਣਕ ਦੀ ਖ਼ਰਾਬੀ ਦੀ ਭਰਪਾਈ ਲਈ 500 ਰੁਪਏ ਬੋਨਸ ਦੀ ਮੰਗ ਨੂੰ  ਵੀ ਮੰਨਦਿਆਂ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਕੇ ਦੋ ਤਿੰਨ ਦਿਨ ਵਿਚ ਮਾਮਲੇ ਦਾ ਹੱਲ ਕਰਨ ਦਾ ਵਾਅਦਾ ਕੀਤਾ ਗਿਆ ਹੈ | ਇਹ ਮੁੱਦੇ 19 ਮਈ ਨੂੰ  ਮੁੱਖ ਮੰਤਰੀ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਵਿਚ ਵੀ ਰੱਖਣਗੇ |