ਨਵਜੋਤ ਸਿੱਧੂ ਨੇ ਹਾਥੀ 'ਤੇ ਚੜ੍ਹ ਕੀਤਾ ਮਹਿੰਗਾਈ ਖਿਲਾਫ਼ ਪ੍ਰਦਰਸ਼ਨ, ਕਿਹਾ- ਸਰਕਾਰਾਂ ਗਰੀਬਾਂ ਬਾਰੇ ਕੁਝ ਨਹੀਂ ਸੋਚ ਰਹੀਆਂ
ਗਰੀਬਾਂ ਦੀ ਦਿਹਾੜੀ ਸਿਰਫ਼ 250 ਰੁਪਏ ਹੈ। ਜੇਕਰ ਰੇਟ ਇੰਨੇ ਵਧ ਜਾਣ ਤਾਂ ਦਿਹਾੜੀ ਦਾ ਖਰਚਾ 100 ਰੁਪਏ ਵੀ ਨਹੀਂ ਰਹਿੰਦਾ
ਪਟਿਆਲਾ - ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਵੀਰਵਾਰ ਨੂੰ ਪਟਿਆਲਾ 'ਚ ਮਹਿੰਗਾਈ ਖਿਲਾ਼ਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਹਾਥੀ 'ਤੇ ਬੈਠ ਕੇ ਕੇਂਦਰ ਸਰਕਾਰ ਖਿਲਾਫ਼ ਗੁੱਸਾ ਜ਼ਾਹਰ ਕੀਤਾ। ਸਿੱਧੂ ਨੇ ਕਿਹਾ ਕਿ ਮਹਿੰਗਾਈ ਹਾਥੀ ਵਾਂਗ ਵਧ ਗਈ ਹੈ, ਇਸ ਲਈ ਉਹ ਇਸ ਦਾ ਵਿਰੋਧ ਕਰ ਰਹੇ ਹਨ। ਸਿੱਧੂ ਨੇ ਦੱਸਿਆ ਕਿ ਅੱਜ ਚਿਕਨ ਦਾ ਰੇਟ 130 ਰੁਪਏ ਕਿਲੋ ਅਤੇ ਦਾਲ ਦਾ ਰੇਟ 120 ਰੁਪਏ ਕਿਲੋ ਹੈ। ਇਸ ਦੇ ਬਾਵਜੂਦ ਕੇਂਦਰ ਅਤੇ ਸੂਬਾ ਸਰਕਾਰਾਂ ਗਰੀਬਾਂ ਅਤੇ ਦਿਹਾੜੀਦਾਰਾਂ ਬਾਰੇ ਕੁਝ ਨਹੀਂ ਸੋਚ ਰਹੀਆਂ।
ਸਿੱਧੂ ਨੇ ਕਿਹਾ ਕਿ ਗਰੀਬਾਂ ਦੀ ਦਿਹਾੜੀ ਸਿਰਫ਼ 250 ਰੁਪਏ ਹੈ। ਜੇਕਰ ਰੇਟ ਇੰਨੇ ਵਧ ਜਾਣ ਤਾਂ ਦਿਹਾੜੀ ਦਾ ਖਰਚਾ 100 ਰੁਪਏ ਵੀ ਨਹੀਂ ਰਹਿੰਦਾ। ਜਿਸ ਦੀ ਤਨਖਾਹ 10 ਹਜ਼ਾਰ ਹੈ, ਉਸ ਦੀ ਕੀਮਤ 3 ਹਜ਼ਾਰ ਤੱਕ ਰਹਿ ਗਈ ਹੈ। ਦੇਸ਼ ਦੇ ਸਿਰਫ਼ 1% ਅਮੀਰ ਹੀ ਇਸ ਤੋਂ ਪ੍ਰਭਾਵਿਤ ਨਹੀਂ ਹਨ, ਬਾਕੀਆਂ ਦਾ ਬਜਟ ਵੀ ਗੜਬੜਾ ਗਿਆ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਖਪਤਕਾਰ ਸੂਚਕਾਂਕ ਦੀ ਦਰ ਵਿਚ 7.7% ਦਾ ਵਾਧਾ ਹੋਇਆ ਹੈ। ਜਿਸ ਨੂੰ ਲੋਕ ਖਰੀਦਦੇ ਹਨ। ਬਲਕ ਵਿਚ ਇਸ ਵਿਚ 15% ਦਾ ਵਾਧਾ ਹੋਇਆ ਹੈ। ਇਸ ਦਾ ਮਤਲਬ ਹੈ ਕਿ ਆਵਾਜਾਈ, ਖਾਣ-ਪੀਣ, ਉਸਾਰੀ ਅਤੇ ਰਿਹਾਇਸ਼ ਅਤੇ ਐਮਰਜੈਂਸੀ ਇਲਾਜ ਦੀ ਲਾਗਤ 50% ਵਧ ਗਈ ਹੈ।
ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਵਿਚ ਪੈਟਰੋਲ ਦੇ ਰੇਟ ਵਿਚ 10 ਰੁਪਏ ਦੀ ਕਟੌਤੀ ਕੀਤੀ ਸੀ। ਜੇਕਰ 30-40 ਹਜ਼ਾਰ ਕਰੋੜ ਰੁਪਏ ਮਾਈਨਿੰਗ ਅਤੇ ਸ਼ਰਾਬ ਤੋਂ ਆਏ ਹੁੰਦੇ ਤਾਂ ਪੈਟਰੋਲ 'ਤੇ ਟੈਕਸ ਦੀ ਲੋੜ ਨਹੀਂ ਸੀ। 'ਆਪ' ਸਰਕਾਰ ਨੇ 10,000 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਸਿੱਧੂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਪੈਟਰੋਲ ਨੂੰ ਜੀਐਸਟੀ ਦੇ ਦਾਇਰੇ ਵਿਚ ਲਿਆਉਂਦੀ ਹੈ ਤਾਂ ਅੱਧਾ ਰੇਟ ਹੀ ਰਹਿ ਜਾਵੇਗਾ।