ਤਾਲਿਬਾਨ ਨੇ ਯੂਐਨ ਦੀਆਂ ਮਹਿਲਾ ਮੁਲਾਜ਼ਮਾਂ ਨੂੰ ਵੀ ਹਿਜਾਬ ਪਾਉਣ ਦਾ ਦਿਤਾ ਆਦੇਸ਼

ਏਜੰਸੀ

ਖ਼ਬਰਾਂ, ਪੰਜਾਬ

ਤਾਲਿਬਾਨ ਨੇ ਯੂਐਨ ਦੀਆਂ ਮਹਿਲਾ ਮੁਲਾਜ਼ਮਾਂ ਨੂੰ ਵੀ ਹਿਜਾਬ ਪਾਉਣ ਦਾ ਦਿਤਾ ਆਦੇਸ਼

image

ਕਾਬੁਲ, 18 ਮਈ : ਅਫ਼ਗ਼ਾਨੀ ਔਰਤਾਂ ਲਈ ਬੁਰਕਾ ਲਾਜ਼ਮੀ ਕਰਨ ਤੋਂ ਬਾਅਦ ਤਾਲਿਬਾਨ ਨੇ ਹੁਣ ਅਫ਼ਗ਼ਾਨਿਸਤਾਨ ਸਥਿਤ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ (ਯੂਐੱਨਏਐੱਮਏ) ਦੀਆਂ ਮਹਿਲਾ ਮੁਲਾਜ਼ਮਾਂ ਨੂੰ ਵੀ ਹਿਜਾਬ ਪਾਉਣ ਦਾ ਫ਼ੁਰਮਾਨ ਸੁਣਾਇਆ ਹੈ।
ਖਾਮ ਪ੍ਰੈੱਸ ਨੇ ਅਪਣੀ ਰਿਪੋਰਟ ’ਚ ਕਿਹਾ ਹੈ ਕਿ ਇਹ ਆਦੇਸ਼ ਧਾਰਮਕ ਮਾਮਲਿਆਂ ਦੇ ਮੰਤਰਾਲੇ ਵਲੋਂ ਜਾਰੀ ਕੀਤਾ ਗਿਆ ਹੈ। ਯੂਐਨਏਐਮਏ ਵਲੋਂ ਜਾਰੀ ਇਕ ਬਿਆਨ ਮੁਤਾਬਕ, ਮੰਤਰਾਲੇ ਦੇ ਅਧਿਕਾਰੀਆਂ ਦੇ ਵਫ਼ਦ ਨੇ ਕਿਹਾ ਕਿ ਉਸ ਦੇ ਮੁਲਾਜ਼ਮ ਸੰਯੁਕਤ ਰਾਸ਼ਟਰ ਦੇ ਦਫ਼ਤਰ ਦੇ ਬਾਹਰ ਖੜ੍ਹੇ ਰਹਿ ਕੇ ਮਹਿਲਾ ਮੁਲਾਜ਼ਮਾਂ ਦੀ ਨਿਗਰਾਨੀ ਕਰਨਗੇ। ਜੇਕਰ ਕੋਈ ਮਹਿਲਾ ਮੁਲਾਜ਼ਮ ਬਿਨਾਂ ਹਿਜਾਬ ਪਾਏ ਗਈ ਤਾਂ ਉਸ ਨੂੰ ਨਿਮਰਤਾ ਨਾਲ ਸਮਝਾਇਆ ਜਾਵੇਗਾ। ਯੂਐਨ ਦਫ਼ਤਰ ਦੇ ਬਾਹਰ ਮਹਿਲਾ ਮੁਲਾਜ਼ਮਾਂ ਲਈ ਹਿਜਾਬ ਲਾਜ਼ਮੀ ਕਰਨ ਸਬੰਧੀ ਪੋਸਟਰ ਵੀ ਚਿਪਕਾਏ ਗਏ ਹਨ। ਮੰਤਰਾਲੇ ਨੇ ਕਿਹਾ ਕਿ ਮਹਿਲਾ ਮੁਲਾਜ਼ਮਾਂ ਲਈ ਚਾਦਰੀ ਜਾਂ ਬੁਰਕਾ ਪਾਉਣਾ ਬਿਹਤਰ ਹੋਵੇਗਾ।
ਹਿਊਮਨ ਰਾਈਟ ਵਾਚ ਦੇ ਮਹਿਲਾ ਅਧਿਕਾਰ ਵਿਭਾਗ ਦੇ ਐਸੋਸੀਏਟ ਡਾਇਰੈਕਟਰ ਹੀਥਰ ਬਰਰ ਨੇ ਟਵੀਟ ਕੀਤਾ, ‘ਤਾਲਿਬਾਨ ਦਾ ਦਾਅਵਾ ਹੈ ਕਿ ਨਵਾਂ ਪੁਸ਼ਾਕ ਨਿਯਮ ਇਕ ਸਲਾਹ ਹੈ ਪਰ ਇਸ ਨੂੰ ਥੋਪਿਆ ਜਾ ਰਿਹਾ ਹੈ। ਅਜਿਹੇ ’ਚ ਮਹਿਲਾ ਮੁਲਾਜ਼ਮਾਂ ਦੀ ਸੁਰੱਖਿਆ ਤੇ ਆਜ਼ਾਦੀ ਦਾ ਕੀ ਹੋਵੇਗਾ?’ (ਏਜੰਸੀ)