ਡੇਰਾਬੱਸੀ 'ਚ ਗੈਸ ਲੀਕ ਹੋਣ ਬਾਰੇ ਚਸ਼ਮਦੀਦਾਂ ਤੋਂ ਸੁਣੋ ਕੀ ਹਨ ਮੌਜੂਦਾ ਹਾਲਾਤ, ਕਿਵੇਂ ਫੈਲੀ ਸੀ ਖ਼ਤਰਨਾਕ ਗੈਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਅਤੇ ਅੱਖਾਂ ਵਿਚ ਹੋਈ ਜਲਣ

photo

ਡੇਰਾਬੱਸੀ : (ਸੁਰਖਾਬ ਚੰਨ, ਗਗਨਦੀਪ ਕੌਰ) ਬਰਵਾਲਾ ਸੜਕ 'ਤੇ ਸਥਿਤ ਸੌਰਵ ਕੈਮੀਕਲ ਯੂਨਿਟ ਵਿਚ ਦੇਰ ਰਾਤ ਨੂੰ ਗੈਸ ਲੀਕ ਹੋ ਗਈ। ਇਸ ਦੇ ਚਲਦੇ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਅਤੇ ਅੱਖਾਂ ਵਿਚ ਜਲਣ ਹੋਣ ਲੱਗ ਪਈ। ਗੈਸ ਲੀਕ ਹੋਣ ਕਰ ਕੇ ਜਿਥੇ ਫੈਕਟਰੀ ਵਿਚ ਭਾਜੜ ਪੈ ਗਈ, ਉਥੇ ਹੀ ਫਲੈਟਾਂ ਵਿਚ ਰਹਿੰਦੇ ਲੋਕਾਂ ਨੂੰ ਸਾਹ ਲੈਣ ਦੀ ਦਿੱਕਤ ਹੋਣ ਲੱਗੀ।

ਲੋਕਾਂ ਨੇ ਘਰਾਂ 'ਚ ਅਪਣੇ-ਆਪ ਨੂੰ ਕੈਦ ਕਰ ਲਿਆ। ਇਸ ਘਟਨਾ ਸਬੰਧੀ ਲੋਕਾਂ ਵਲੋਂ ਪੁਲਿਸ ਦੇ ਕੰਟਰੋਲ ਰੂਮ ‘ਤੇ ਸੂਚਨਾ ਦਿਤੀ ਗਈ। ਜਿਸ ‘ਤੇ ਥਾਣਾ ਮੁਖੀ ਡੇਰਾਬੱਸੀ ਜਸਕੰਵਲ ਸਿੰਘ ਸੇਖੋਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਰਾਹਤ ਅਤੇ ਬਚਾਅ ਟੀਮ ਵਲੋਂ ਸਥਿਤੀ ‘ਤੇ ਕਾਬੂ ਪਾਇਆ ਗਿਆ।
ਰੋਜ਼ਾਨਾ ਸਪੋਕਸਮੈਨ ਦੀ ਟੀਮ ਵਲੋਂ ਉਥੋਂ ਦੇ ਰਹਿਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਗਈ। ਕ੍ਰਿਸਟੀ ਨੇ ਦੱਸਿਆ ਕਿ ਉਹਨਾਂ ਨੂੰ ਇਸ ਗੈਸ ਨਾਲ ਅੱਖਾਂ 'ਚ ਜਲਣ, ਸਾਹ ਲੈਣ ਵਿਚ ਦਿੱਕਤ ਆਈ। ਉਹਨਾਂ ਕਿਹਾ ਕਿ ਰਾਤ ਕਰੀਬ 10 ਵਜੇ ਸਾਨੂੰ ਗੈਸ ਦੀ ਬੁਦਬੂ ਆਉਣ ਲੱਗ ਪਈ ਸੀ।

ਕੈਲਾਸ਼ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੇਰੀਆਂ ਅੱਖਾਂ ਵਿਚ ਜਲਣ ਹੋ ਰਹੀ ਸੀ ,ਮੈ ਸੋਚਿਆ ਇਹ ਵੈਸੇ ਹੀ ਹੋ ਰਹੀ ਹੈ ਫਿਰ ਘਰ ਵੀ ਸਾਰੇ ਪ੍ਰਵਾਰਕ ਮੈਂਬਰਾਂ ਨੂੰ ਇਹ ਸਮੱਸਿਆ ਆ ਰਹੀ ਸੀ ਤੇ ਸੁਸਾਇਟੀ ਗਰੁੱਪਾਂ ਵਿਚ ਮੇਸੈਜ ਆਉਣ ਲੱਗ ਪਏ ਕਿ ਫੈਕਟਰੀ 'ਚੋਂ ਗੈਸ ਲੀਕ ਹੋ ਗਈ ਹੈ।  ਫੈਕਟਰੀ 'ਚ ਹੋਈ ਗੈਸ ਲੀਕ ਨੂੰ ਵੇਖ ਕੇ ਆਏ ਚਸ਼ਮਦੀਦ ਵਿਕਰਾਂਤ ਨੇ ਦਸਿਆ ਕਿ ਫੈਕਟਰੀ ਦੇ ਕਾਮੇ ਸਾਰੇ ਬਾਹਰ ਸਨ। ਜਦੋਂ ਉਹਨਾਂ ਤੋਂ ਪੁਛਿਆ ਤਾਂ ਉਹਨਾਂ ਨੇ ਕਿਹਾ ਕੈਮੀਕਲ ਦਾ ਸਿਲੰਡਰ ਬਲਾਸਟ ਹੋ ਗਿਆ। ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਿਤੀ ਗਈ, ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਕੀਤੀ। ਉਹਨਾਂ ਮੰਗ ਕੀਤੀ ਹੈ ਕਿ ਇਹ ਰਿਹਾਇਸ਼ੀ ਇਲਾਕਾ ਹੈ, ਸਾਰੀਆਂ ਕੈਮੀਕਲ ਫੈਕਟਰੀਆਂ ਬੰਦ ਹੋਣੀਆਂ ਚਾਹੀਦੀਆਂ ਹਨ।